ਜਾਦੂ ਟੂਣੇ ਕਰਨ ਦਾ ਸੀ ਸ਼ੱਕ , ਘਰ ਵਿਚ ਸੁੱਤੇ ਚਾਚੇ ਦਾ ਕਰ ਦਿੱਤਾ ਕਤਲ, ਦੋ ਸਾਥੀਆਂ ਸਮੇਤ ਭਤੀਜਾ ਗ੍ਰਿਫ਼ਤਾਰ

ਜਾਦੂ ਟੂਣੇ ਕਰਨ ਦਾ ਸੀ ਸ਼ੱਕ , ਘਰ ਵਿਚ ਸੁੱਤੇ ਚਾਚੇ ਦਾ ਕਰ ਦਿੱਤਾ ਕਤਲ, ਦੋ ਸਾਥੀਆਂ ਸਮੇਤ ਭਤੀਜਾ ਗ੍ਰਿਫ਼ਤਾਰ


ਵੀਓਪੀ ਬਿਊਰੋ, ਰੂੜੇਕੇ ਕਲਾਂ : ਪਿੰਡ ਪੱਖੋ ਕਲਾਂ ਵਿਚ ਘਰ ਵਿਚ ਸੁੱਤੇ ਪਏ ਚਾਚੇ ਦਾ ਭਤੀਜੇ ਨੇ ਸਾਥੀਆਂ ਨਾਲ ਮਿਲ ਕੇ ਕਤਲ ਕਰ ਦਿੱਤਾ। ਉਸ ਨੂੰ ਸ਼ੱਕ ਸੀ ਕਿ ਉਸ ਦਾ ਚਾਚਾ ਖੇਤਾਂ ਵਿਚ ਜਾਦੂ ਟੂਣੇ ਕਰਦਾ ਹੈ।
ਜਾਣਕਾਰੀ ਅਨੁਸਾਰ 11 ਜੁਲਾਈ ਦੀ ਰਾਤ ਨੂੰ ਤਪਾ ਦੇ ਪਿੰਡ ਪੱਖੋਂ ਕਲਾਂ ’ਚ ਘਰ ’ਚ ਸੁੱਤੇ ਪਏ ਗੁਰਮੇਲ ਸਿੰਘ ਤੇ ਉਸਦੇ ਦੋਹਤੇ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਸੀ। ਜਿਸ ’ਚ ਗੁਰਮੇਲ ਸਿੰਘ ਦੀ ਮੌਤ ਹੋ ਗਈ ਸੀ। ਹੁਣ ਪੁਲਿਸ ਨੇ ਇਸ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਤਿੰਨਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਡੀਐੱਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੱਖੋ ਕਲਾਂ ਵਾਸੀ ਗੁਰਮੇਲ ਸਿੰਘ ਆਪਣੇ ਦੋਹਤੇ ਅਭੀਜੋਤ ਸਿੰਘ ਨਾਲ ਆਪਣੇ ਖੇਤ ’ਚ ਬਣੇ ਘਰ ’ਚ ਸੌਂ ਰਿਹਾ ਸੀ ਤਾਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਨੇ ਹਥਿਆਰਾਂ ਨਾਲ ਗੁਰਮੇਲ ਸਿੰਘ ਤੇ ਅਭਿਜੋਤ ਸਿੰਘ ’ਤੇ ਹਮਲਾ ਕਰ ਦਿੱਤਾ। ਜਿਸ ’ਚ ਗੁਰਮੇਲ ਸਿੰਘ ਦੀ ਮੌਤ ਹੋ ਗਈ ਤੇ ਅਭੀਜੋਤ ਸਿੰਘ ਜ਼ਖ਼ਮੀ ਹੋ ਗਿਆ।


ਪੁਲਿਸ ਨੇ ਗੁਰਮੇਲ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਬਾਰੂ ਸਿੰਘ ਜੋ ਕਿ ਮ੍ਰਿਤਕ ਗੁਰਮੇਲ ਸਿੰਘ ਦਾ ਭਤੀਜਾ ਹੈ ਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਕਤਲ ’ਚ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ। ਬਾਰੂ ਸਿੰਘ ਆਪਣੇ ਚਾਚੇ ਗੁਰਮੇਲ ਸਿੰਘ ’ਤੇ ਸ਼ੱਕ ਕਰਦਾ ਸੀ ਕਿ ਉਸ ਦਾ ਚਾਚਾ ਉਸ ਦੇ ਖੇਤਾਂ ’ਚ ਜਾਦੂ-ਟੂਣਾ ਕਰਦਾ ਸੀ, ਜਿਸ ਕਾਰਨ ਉਸ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਗੁਰਮੇਲ ਸਿੰਘ ’ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਕਾਬੂ ਕੀਤੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।

error: Content is protected !!