ਦੁਬਈ ਵਿਚ ਰਚੀ ਗਈ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼, ਇਸ ਗੈਂਗਸਟਰ ਨੇ ਮੁਹੱਈਆ ਕਰਵਾਏ ਸੀ ਹਥਿਆਰ

ਦੁਬਈ ਵਿਚ ਰਚੀ ਗਈ ਸੀ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼, ਇਸ ਗੈਂਗਸਟਰ ਨੇ ਮੁਹੱਈਆ ਕਰਵਾਏ ਸੀ ਹਥਿਆਰ


ਵੀਓਪੀ ਬਿਊਰੋ, ਨਵੀਂ ਦਿੱਲੀ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਬੀਤੇ ਦਿਨੀਂ ਦਿੱਲੀ ਪੁਲਿਸ ਮੁੱਖ ਮੁਲਜ਼ਮਾਂ ਵਿਚੋਂ ਇਕ ਗੈਂਗਸਟਰ ਸਚਿਨ ਬਿਸ਼ਨੋਈ ਨੂੰ ਅਜ਼ਰਬੈਜਾਨ ਤੋਂ ਭਾਰਤ ਲੈ ਕੇ ਆਈ। ਦਿੱਲੀ ਪੁਲਿਸ ਦੀ ਪੁੱਛਗਿੱਛ ਵਿਚ ਸਚਿਨ ਨੇ ਵੱਡੇ ਖੁਲਾਸੇ ਕੀਤੇ ਹਨ। ਗੈਂਗਸਟਰ ਸਚਿਨ ਬਿਸ਼ਨੋਈ ਨੇ ਖ਼ੁਲਾਸਾ ਕੀਤਾ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦੁਬਈ ਵਿੱਚ ਰਚੀ ਗਈ ਸੀ। ਇੱਥੋਂ ਹੀ ਉਹ ਲਾਰੈਂਸ ਅਤੇ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਮੂਸੇਵਾਲਾ ਦਾ ਕਤਲ ਲਾਰੈਂਸ ਦੇ ਕਹਿਣ ‘ਤੇ ਹੀ ਹੋਇਆ ਸੀ। ਸਚਿਨ ਨੇ ਹੀ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ ਅਤੇ ਫਰਜ਼ੀ ਪਾਸਪੋਰਟ ਦੀ ਵਰਤੋਂ ਕਰਕੇ ਅਪ੍ਰੈਲ ‘ਚ ਦੁਬਈ ਭੱਜ ਗਿਆ ਸੀ।


ਸੂਤਰਾਂ ਮੁਤਾਬਕ ਪੁਲਸ ਵੱਲੋਂ ਪੁੱਛਗਿੱਛ ਦੌਰਾਨ ਸਚਿਨ ਨੇ ਇਹ ਗੱਲ ਵੀ ਦੱਸੀ ਕਿ ਲਾਰੈਂਸ ਬਿਸ਼ਨੋਈ ਨੇ ਗੋਲਡੀ ਨਾਲ ਰਲ ਕੇ ਮੂਸੇਵਾਲਾ ਕਤਲ ਨੂੰ ਅੰਜ਼ਾਮ ਦੇਣ ਲਈ ਕਿਹਾ ਸੀ। ਸਚਿਨ ਦੇ ਦੱਸਿਆ ਕਿ ਦੁਬਈ ਵਿੱਚ ਹੀ ਉਸ ਦੀ ਮੁਲਾਕਾਤ ਗੈਂਗਸਟਰ ਵਿਕਰਮ ਬਰਾੜ ਨਾਲ ਹੋਈ ਸੀ, ਜਿਸ ਨੂੰ ਕੁਝ ਦਿਨ ਪਹਿਲਾਂ ਭਾਰਤ ਲਿਆਂਦਾ ਗਿਆ ਹੈ। ਮੂਸੇਵਾਲਾ ਕਤਲਕਾਂਡ ਮਗਰੋਂ ਗੋਲਡੀ ਨੇ ਸਚਿਨ ਨੂੰ ਦੱਸਿਆ ਕਿ ਉਸ ਦਾ ਪਾਸਪੋਰਟ ਬਲੈਕ ਲਿਸਟ ਹੋ ਚੁੱਕਾ ਹੈ ਇਸ ਕਰ ਕੇ ਉਹ ਡੁਬਈ ਤੋਂ ਅਜ਼ਰਬੈਜਾਨ ਚਲਾ ਜਾਵੇ। ਮੂਸੇਵਾਲਾ ਕਤਲ ਕਾਂਡ ਦੇ ਕੁਝ ਦਿਨਾਂ ਮਗਰੋਂ ਸਚਿਨ ਅਜ਼ਰਬੈਜਾਨ ਪਹੁੰਚ ਗਿਆ। ਜਿੱਥੇ ਉਹ ਕਿਰਾਏ ਦੇ ਮਕਾਨ ‘ਚ ਰਿਹਾ। ਦੱਸ ਦਈਏ ਕਿ ਫ਼ਿਲਹਾਲ ਦਿੱਲੀ ਪੁਲਸ ਵੱਲੋਂ ਅਧਿਕਾਰਕ ਤੌਰ ‘ਤੇ ਸਚਿਨ ਕੋਲੋਂ ਕੀਤੀ ਪੁੱਛਗਿੱਛ ਸਬੰਧੀ ਕੋਈ ਬਿਆਨ ਨਹੀਂ ਦਿੱਤਾ ਗਿਆ।


ਉਧਰ, ਦਿੱਲੀ ਪੁਲਸ ਨੇ ਸਚਿਨ ਨੂੰ ਬੀਤੇ ਦਿਨ ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ 10 ਦਿਨਾਂ ਲਈ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਪੁਲਸ ਵੀ ਸਚਿਨ ਬਿਸ਼ਨੋਈ ਦਾ ਰਿਮਾਂਡ ਮੰਗੇਗੀ ਤਾਂ ਜੋ ਹੋਰ ਵੱਡੇ ਖ਼ੁਲਾਸੇ ਹੋ ਸਕਣ।

error: Content is protected !!