ਪਿੰਡ ਵਿਚ ਨਸ਼ਿਆਂ ਖਿਲਾਫ ਬਣਾਈ ਕਮੇਟੀ ਦੇ ਮੈਂਬਰ ਨੂੰ ਨਸ਼ਾ ਤਸਕਰ ਨੇ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ 

ਪਿੰਡ ਵਿਚ ਨਸ਼ਿਆਂ ਖਿਲਾਫ ਬਣਾਈ ਕਮੇਟੀ ਦੇ ਮੈਂਬਰ ਨੂੰ ਨਸ਼ਾ ਤਸਕਰ ਨੇ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

ਵੀਓਪੀ ਬਿਊਰੋ, ਸਾਦਿਕ : ਨਸ਼ਿਆਂ ਖ਼ਿਲਾਫ਼ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਪਿੰਡ ਵਾਲਿਆਂ ਨੂੰ ਖੁਦ ਇਸ ਤਹੱਈਆ ਕਰਨਾ ਪਿਆ। ਪਿੰਡ ਵਾਸੀਆਂ ਵੱਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ ਜੋ ਪਿੰਡ ਵਿਚੋਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰ ਸਕੇ ਪਰ ਨਸ਼ਿਆਂ ਖਿਲਾਫ ਆਵਾਜ਼ ਉਠਾਉਣੀ ਇਕ ਕਮੇਟੀ ਮੈਂਬਰ ਨੂੰ ਮਹਿੰਗੀ ਪੈ ਗਈ। ਪਿੰਡ ਵਿੱਚ ਬਣਾਈ ਗਈ ਨਸ਼ਿਆਂ ਖ਼ਿਲਾਫ਼ ਕਮੇਟੀ ਵੱਲੋਂ ਰੱਖੇ ਗਏ ਇਕੱਠ ਵਿੱਚ ਕਥਿਤ ਨਸ਼ਾ ਤਸਕਰ ਵੱਲੋਂ ਗੋਲ਼ੀ ਚਲਾਉਣ ਨਾਲ ਨੌਜਵਾਨ ਕਮੇਟੀ ਮੈਂਬਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਜ਼ਿਲ੍ਹਾ ਫਰੀਦਕੋਟ ਦੇ ਸਾਦਿਕ ਨੇੜੇ ਪਿੰਡ ਢਿੱਲਵਾਂ ਖੁਰਦ ਵਿਖੇ ਵਾਪਰੀ।


ਜਾਣਕਾਰੀ ਅਨੁਸਾਰ ਨਸ਼ੇ ਨੂੰ ਲੈ ਕੇ ਸਾਦਿਕ ਨੇੜੇ ਪਿੰਡ ਢਿੱਲਵਾਂ ਖੁਰਦ ਵਿਖੇ ਨਗਰ ਨਿਵਾਸੀਆਂ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਪਿੰਡ ਵਿੱਚ ਨਸ਼ਾ ਖਤਮ ਕੀਤਾ ਜਾ ਸਕੇ। ਕਮੇਟੀ ਨੇ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਉਹ ਨਸ਼ਾ ਵੇਚਣ ਦਾ ਧੰਦਾ ਛੱਡ ਦੇਣ, ਨਹੀਂ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਕਮੇਟੀ ਦੇ ਪਿੰਡ ਵਿੱਚ ਆ ਰਹੇ ਗੈਰ-ਵਿਅਕਤੀ ਦੇ ਤੁਰਨ-ਫਿਰਨ ‘ਤੇ ਵੀ ਪਾਬੰਦੀ ਲਗਾਈ ਸੀ। ਬੀਤੇ ਕੱਲ੍ਹ ਸਮੂਹ ਨਗਰ ਵਾਸੀਆਂ ਨੇ ਪਿੰਡ ਦੇ ਇਕ ਵਿਅਕਤੀ ਤਾਰਾ ਸਿੰਘ ਨੂੰ ਚਿਤਾਵਨੀ ਦਿੱਤੀ ਸੀ।
ਅੱਜ ਨਸ਼ਾ ਵਿਰੋਧੀ ਕਮੇਟੀ ਨੇ ਤਿੰਨ ਜਣੇ ਕਾਬੂ ਕੀਤੀ, ਜਿਨ੍ਹਾਂ ਕੁੱਟਮਾਰ ਦੌਰਾਨ ਮੰਨਿਆ ਕਿ ਉਹ ਤਾਰਾ ਸਿੰਘ ਦੇ ਘਰੋਂ ਨਸ਼ਾ ਕਰ ਕੇ ਆਏ ਹਨ, ਜਿਸ ‘ਤੇ ਪਿੰਡ ਵਾਸੀਆਂ ਨੇ ਸਬੂਤ ਵਜੋਂ ਤਾਰਾ ਸਿੰਘ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਹੋਏ ਇਕੱਠ ਵਿੱਚ ਸੱਦਿਆ ਗਿਆ। ਇਸ ਦੌਰਾਨ ਤੂੰ-ਤੂੰ, ਮੈਂ-ਮੈਂ ਦੌਰਾਨ ਤਾਰਾ ਸਿੰਘ ਨਾਲ ਆਏ ਪਿੰਡ ਦੇ ਹੀ ਅਮਨਦੀਪ ਸਿੰਘ ਘੋਪਾ ਪੁੱਤਰ ਗੁਰਪ੍ਰੀਤ ਸਿੰਘ ਨੇ ਭੀੜ ਵੱਲ ਪਿਸਤੌਲ ਨਾਲ ਗੋਲ਼ੀ ਚਲਾ ਦਿੱਤੀ, ਜੋ ਕਿ ਹਰਭਗਵਾਨ ਸਿੰਘ (35) ਪੁੱਤਰ ਬੂਟਾ ਸਿੰਘ ਦੇ ਲੱਗੀ। ਭੀੜ ਨੇ ਜਦ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜ ਕੇ ਕਿਸੇ ਦੇ ਘਰ ਵੜ ਗਿਆ ਤੇ ਉਥੇ ਵੀ ਕਈ ਫਾਇਰ ਕੀਤੇ ਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ। ਇਹ ਵੀ ਪਤਾ ਲੱਗਾ ਹੈ ਕਿ ਅਮਨਦੀਪ ਸਿੰਘ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ। ਜ਼ਖ਼ਮੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।


ਘਟਨਾ ਦੀ ਸੂਚਨਾ ਮਿਲਦੇ ਹੀ ਹਰਜੀਤ ਸਿੰਘ ਆਈ.ਪੀ.ਐੱਸ., ਇੰਸਪੈਕਟਰ ਮੁਖਤਿਆਰ ਸਿੰਘ ਗਿੱਲ ਮੁੱਖ ਅਫ਼ਸਰ ਥਾਣਾ ਸਾਦਿਕ, ਇੰਸਪੈਕਟਰ ਹਰਬੰਸ ਸਿੰਘ ਇੰਚਾਰਜ ਸੀ.ਆਈ.ਏ. ਫਰੀਦਕੋਟ ਤੇ ਥਾਣਾ ਸਦਰ ਇੰਚਾਰਜ ਚਮਕੌਰ ਸਿੰਘ ਪੁਲਸ ਫੋਰਸ ਸਮੇਤ ਮੌਕੇ ‘ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਘਟਨਾ ਸਥਾਨ ਤੋਂ ਪੁਲਿਸ ਨੂੰ 4 ਖੋਲ ਤੇ ਇਕ ਕਾਰਤੂਸ ਵੀ ਮਿਲਿਆ ਹੈ। ਇਸੇ ਦੌਰਾਨ ਪਿੰਡ ਵਾਸੀਆਂ ਨੇ ਪਿੰਡ ਦੇ ਇਕ ਹੋਰ ਨੌਜਵਾਨ ਨੂੰ ਘੇਰ ਕੇ ਪੁਲਿਸ ਨੂੰ ਫੜਾਇਆ ਕਿ ਉਹ ਵੀ ਕਥਿਤ ਕਾਤਲ ਦਾ ਸਾਥੀ ਹੈ। ਮ੍ਰਿਤਕ ਆਪਣੇ ਪਿੱਛੇ 2 ਬੱਚੇ ਤੇ ਪਤਨੀ ਨੂੰ ਰੋਂਦਿਆਂ ਛੱਡ ਗਿਆ। ਪਿੰਡ ਵਾਸੀਆਂ ਨੇ ਨਸ਼ਾ ਤਸਕਰਾਂ ਤੇ ਕਾਤਲ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।

error: Content is protected !!