‘ਬਾਬਾ’ ਕਰ ਗਿਆ ਕਰਾਮਾਤ, ਦੁੱਗਣੇ ਕਰਨ ਬਹਾਨੇ ਛੂ ਮੰਤਰ ਕਰ ਗਿਆ 16 ਲੱਖ ਦੇ ਗਹਿਣੇ

‘ਬਾਬਾ’ ਕਰ ਗਿਆ ਕਰਾਮਾਤ, ਦੁੱਗਣੇ ਕਰਨ ਬਹਾਨੇ ਛੂ ਮੰਤਰ ਕਰ ਗਿਆ 16 ਲੱਖ ਦੇ ਗਹਿਣੇ


ਵੀਓਪੀ ਬਿਊਰੋ, ਜਲੰਧਰ : ਇਥੋਂ ਦੇ ਰਾਜ ਨਗਰ ’ਚ ਬਜ਼ੁਰਗ ਪਤੀ-ਪਤਨੀ ਨੂੰ ਬਾਬੇ ਦੇ ਭੇਸ ’ਚ ਆਏ ਵਿਅਕਤੀ ਨੇ ਘਰ ’ਚ ਵੜ ਕੇ ਸੋਨਾ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਲੱਖਾਂ ਦਾ ਸੋਨਾ ਲੁੱਟ ਲਿਆ। ਹਾਲਾਂਕਿ ਮੁਲਜ਼ਮ ਤੇ ਉਸ ਦੇ ਸਾਥੀ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਏ। ਪੁਲਿਸ ਉਨ੍ਹਾਂ ਦੀ ਭਾਲ ’ਚ ਛਾਪੇਮਾਰੀ ਕਰ ਕਰ ਰਹੀ ਹੈ।
ਰਾਜ ਨਗਰ ਦੇ ਹਰਭਜਨ ਸਿੰਘ ਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਮੰਗਲਵਾਰ ਦੁਪਹਿਰ ਬੈਂਕ ਗਏ ਸਨ। ਜਦੋਂ ਉਹ ਬੈਂਕ ਤੋਂ ਵਾਪਸ ਘਰ ਆਉਣ ਲਈ ਬਾਹਰ ਨਿਕਲੇ ਤਾਂ ਇਕ ਵਿਅਕਤੀ ਜੋ ਬਾਬੇ ਦੇ ਭੇਸ ’ਚ ਸੀ, ਨੇ ਉਨ੍ਹਾਂ ਕੋਲੋਂ ਗੁਰਦੁਆਰੇ ਦਾ ਪਤਾ ਪੁੱਛਿਆ ਤੇ ਕਿਹਾ ਕਿ ਗੁਰਦੁਆਰੇ ’ਚ ਸੇਵਾ ਕਰਨਾ ਚਾਹੁੰਦਾ ਹੈ। ਇਸ ’ਤੇ ਦੋਵਾਂ ਨੇ ਬਾਬੇ ਨੂੰ ਪਤਾ ਦੱਸ ਦਿੱਤਾ। ਬਾਬਾ ਉਨ੍ਹਾਂ ਨੂੰ ਅਸ਼ੀਰਵਾਦ ਦਿੰਦਾ ਹੋਇਆ ਉਥੋਂ ਜਾਣ ਲੱਗਾ ਤਾਂ ਉਸੇ ਵੇਲੇ ਔਰਤ ਤੇ ਮਰਦ ਉੱਥੇ ਆਏ ਤੇ ਉਨ੍ਹਾਂ ਨੂੰ ਕਹਿਣ ਲੱਗੇ ਕਿ ਇਹ ਬਾਬਾ ਬਹੁਤ ਪਹੁੰਚਿਆ ਹੋਇਆ ਹੈ। ਤੁਸੀਂ ਬਹੁਤ ਕਿਸਮਤ ਵਾਲੇ ਹੋ ਕਿ ਬਾਬੇ ਨੇ ਤੁਹਾਨੂੰ ਅਸ਼ੀਰਵਾਦ ਦਿੱਤਾ ਹੈ। ਉਨ੍ਹਾਂ ਨੇ ਬਾਬੇ ਨੂੰ ਘਰ ਚਰਨ ਪਾਉਣ ਲਈ ਆਖਿਆ ਤਾਂ ਬਾਬਾ ਗੁੱਸੇ ਹੋ ਗਿਆ ਤੇ ਘਰੇ ਜਾਣ ਤੋਂ ਮਨ੍ਹਾ ਕਰ ਦਿੱਤਾ।

ਹਰਭਜਨ ਸਿੰਘ ਨੇ ਦੱਸਿਆ ਕਿ ਬਾਬੇ ਨੇ ਕਿਹਾ ਕਿ ਮਿੱਠਾ ਪਾਣੀ ਪਿਆਓ। ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਬੈਂਕ ਤੋਂ ਦੂਰ ਹੈ। ਮਿੱਠਾ ਪਾਣੀ ਨਹੀਂ ਪਿਲਾ ਸਕਦੇ। ਇੰਨਾ ਕਹਿ ਕੇ ਦੋਵੇਂ ਘਰ ਵੱਲ ਚੱਲ ਪਏ। ਉਸ ਤੋਂ ਬਾਅਦ ਉਕਤ ਬਾਬਾ ਆਪਣੇ ਸਾਥੀ ਦੇ ਵਾਹਨ ’ਤੇ ਬੈਠ ਕੇ ਪਿੱਛੇ ਆ ਗਿਆ ਤੇ ਉਨ੍ਹਾਂ ਦੇ ਦੁੱਖ ਦੂਰ ਕਰਨ ਬਾਰੇ ਕਹਿਣ ਲੱਗਾ। ਬੈਂਕ ’ਚੋਂ ਬਾਹਰ ਆਈ ਔਰਤ ਤੇ ਮਰਦ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਆ ਗਏ। ਉਨ੍ਹਾਂ ਆਖਿਆ ਕਿ ਉਹ ਬਾਬੇ ਨੂੰ ਅੱਜ ਆਪਣੇ ਘਰ ਲੈ ਕੇ ਹੀ ਜਾਣਗੇ। ਬਾਬਾ ਜ਼ਬਰਦਸਤੀ ਉਨ੍ਹਾਂ ਦੇ ਘਰ ’ਚ ਆ ਗਿਆ। ਬਾਬੇ ਨੇ ਹਰਭਜਨ ਸਿੰਘ ਤੇ ਮਨਜੀਤ ਕੌਰ ਨੂੰ ਗੱਲਾਂ ’ਚ ਲਾ ਲਿਆ ਤੇ ਕੋਲ ਖੜ੍ਹੀ ਉਨ੍ਹਾਂ ਦੀ ਨੂੰਹ ਨੂੰ ਚੌਲ ਲਿਆਉਣ ਤੇ ਚਾਹ ਬਣਾਉਣ ਲਈ ਭੇਜ ਦਿੱਤਾ। ਨੂੰਹ ਰਸੋਈ ’ਚ ਚਲੀ ਗਈ ਤਾਂ ਬਾਬੇ ਨੇ ਦੋਵਾਂ ਨੂੰ ਘਰ ’ਚ ਪਏ ਗਹਿਣੇ ਦੁੱਗਣੇ ਕਰਨ ਲਈ ਝਾੜ-ਫੂਕ ਕਰਵਾਉਣ ਲਈ ਕਿਹਾ।ਬਾਬੇ ਨੇ ਦੋਵਾਂ ਨੂੰ ਸਮੋਹਿਤ ਕਰ ਦਿੱਤਾ ਤੇ ਉਨ੍ਹਾਂ ਨੇ ਘਰ ਦੇ ਸਾਰੇ ਗਹਿਣੇ ਲਿਆ ਕੇ ਬਾਬੇ ਨੂੰ ਦੇ ਦਿੱਤੇ। ਬਾਬੇ ਨੇ ਸਾਰੇ ਗਹਿਣੇ ਜੋ ਤਕਰੀਬਨ 16 ਲੱਖ ਰੁਪਏ ਦੇ ਸਨ, ਚਿੱਟੇ ਕੱਪੜੇ ’ਚ ਬੰਨ੍ਹ ਦਿੱਤੇ ਤੇ ਡਰਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬਾਬੇ ਨੇ ਚਿੱਟੇ ਕੱਪੜੇ ਵਾਲੀ ਪੋਟਲੀ ਉਨ੍ਹਾਂ ਨੂੰ ਦੇ ਦਿੱਤੀ ਤੇ ਖੁਦ ਉਥੋਂ ਚਲਾ ਗਿਆ।

ਹਰਭਜਨ ਸਿੰਘ ਨੇ ਪੋਟਲੀ ਖੋਲ੍ਹ ਕੇ ਵੇਖੀ ਤਾਂ ਉਸ ’ਚ ਫੁੱਲ ਤੇ ਘਾਹ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਹੋਸ਼ ਆਈ ਤਾਂ ਇਸ ਦੀ ਸੂਚਨਾ ਥਾਣਾ ਬਸਤੀ ਬਾਵਾ ਖੇਲ ਪੁਲਿਸ ਨੂੰ ਦਿੱਤੀ।ਜਦੋਂ ਬਾਬਾ ਘਰ ’ਚ ਜ਼ਬਰਦਸਤੀ ਵੜ ਆਇਆ ਤਾਂ ਹਰਭਜਨ ਸਿੰਘ ਦੀ ਨੂੰਹ ਨਰਿੰਦਰ ਕੌਰ ਨੂੰ ਉਸ ’ਤੇ ਪਹਿਲਾਂ ਹੀ ਸ਼ੱਕ ਹੋ ਗਿਆ ਸੀ। ਉਸ ਨੇ ਆਪਣੇ ਪਤੀ ਭੁਪਿੰਦਰ ਸਿੰਘ ਨੂੰ ਇਸ ਦੀ ਜਾਣਕਾਰੀ ਫੋਨ ’ਤੇ ਦਿੱਤੀ। ਇਸ ਤੋਂ ਬਾਅਦ ਭੁਪਿੰਦਰ ਸਿੰਘ ਦੁਕਾਨ ਬੰਦ ਕਰਕੇ ਘਰ ਵੱਲ ਭੱਜਿਆ। ਜਦੋਂ ਤੱਕ ਉਹ ਘਰ ਪੁੱਜਾ ਉਦੋਂ ਤੱਕ ਮੁਲਜ਼ਮ ਉੱਥੋਂ ਫ਼ਰਾਰ ਹੋ ਚੁੱਕੇ ਸਨ। ਉਹ ਮੋਟਰਸਾਈਕਲ ’ਤੇ ਕਾਫੀ ਦੂਰ ਤੱਕ ਉਨ੍ਹਾਂ ਨੂੰ ਲੱਭਦਾ ਰਿਹਾ ਪਰ ਇਸ ’ਚ ਕਾਮਯਾਬ ਨਹੀਂ ਹੋਇਆ। ਭੁਪਿੰਦਰ ਸਿੰਘ ਨੇ ਤੁਰੰਤ ਇਸ ਦੀ ਜਾਣਕਾਰੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਦਿੱਤੀ। ਥਾਣੇਦਾਰ ਜਤਿੰਦਰ ਸਿੰਘ ਪੁਲਿਸ ਸਮੇਤ ਮੌਕੇ ’ਤੇ ਪੁੱਜਾ। ਘਟਨਾ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜੇ ਬਸਤੀ ਬਾਵਾ ਖੇਲ ਦੇ ਥਾਣੇਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਹੱਲੇ ’ਚ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਕਈ ਕੈਮਰਿਆਂ ’ਚ ਮੁਲਜ਼ਮ ਕੈਦ ਹੋਏ ਹਨ ਪੁਲਿਸ ਫੁਟੇਜ ਸਹਾਰੇ ਮੁਲਜ਼ਮਾਂ ਤੱਕ ਪੁੱਜਣ ਦੀ ਕੋਸ਼ਿਸ਼ ’ਚ ਲੱਗੀ ਹੋਈ ਹੈ।

error: Content is protected !!