26 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਇਕ ਵਾਰ ਫਿਰ ਕਰੇਗਾ ਟਰੈਕਟਰ ਮਾਰਚ

26 ਮਈ ਨੂੰ ਸੰਯੁਕਤ ਕਿਸਾਨ ਮੋਰਚਾ ਇਕ ਵਾਰ ਫਿਰ ਕਰੇਗਾ ਟਰੈਕਟਰ ਮਾਰਚ, 26 ਨੂੰ ਹੋਣ ਜਾ ਰਹੇ ਨੇ ਕਿਸਾਨ ਮੋਰਚੇ ਦੇ 6 ਮਹੀਨੇ ਪੂਰੇ

ਜਲੰਧਰ (ਰਾਜੂ ਗੁਪਤਾ) – ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਕਾਨੂੰਨਾਂ ਲਈ ਲੰਮੀ ਲੜਾਈ ਲੜਦੇ ਕਿਸਾਨਾਂ ਨੂੰ 26 ਮਈ ਨੂੰ ਪੂਰੇ 6 ਮਹੀਨੇ ਹੋ ਜਾਣਗੇ। ਇਸ ਮੌਕੇ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਸੁੂਬਾ ਕਮੇਟੀ ਦੀ ਮੀਟਿੰਗ ਜਥੇਬੰਦੀ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ। ਮੀਟਿੰਗ ਵਿਚ ਫੈਸਲਾ ਹੋਇਆ ਕਿ 26 ਮਈ ਨੂੰ ਟਰੈਕਟਰ ਮਾਰਚ ਕੱਢਿਆ ਜਾਵੇਗਾ।

ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਸੂਬਾ ਪ੍ਰੈਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਮੋਦੀ ਹਕੂਮਤ ਦੇ 7 ਸਾਲ ਉਸੇ ਦਿਨ ਪੂਰੇ ਹੋਣਗੇ ਜਿਸ ਦਿਨ ਦਿੱਲੀ ਮੋਰਚੇ ਦੇ 6 ਮਹੀਨੇ ਪੂਰੇ ਹੋ ਰਹੇ ਹਨ। ਕਿਸਾਨ ਮੋਰਚਾ ਹੀ ਮੋਦੀ ਹਕੂਮਤ ਦੀਆਂ 7 ਸਾਲਾਂ ਦੀਆਂ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਖਿਲਾਫ ਸਭ ਤੋ ਵੱਡੀ ਚੁਣੌਤੀ ਬਣ ਉੱਭਰਿਆ ਹੈ। ਆਗੂਆਂ ਨੇ ਕਿਹਾ ਕਿ ਫਾਸ਼ੀਵਾਦੀ ਸਰਕਾਰ 400 ਤੋਂ ਉੱਪਰ ਸ਼ਹਾਦਤਾਂ ਦੇ ਬਾਵਜੂਦ ਵੀ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਜਿਸ ਤੋਂ ਸਾਫ ਹੈ ਕਿ ਸਰਕਾਰ ਕਿੰਨੀ ਜਾਬਰ ਤੇ ਬੇਰਹਿਮ ਹੈ।

ਕਿਸਾਨ ਆਗੂਆਂ ਕਿਹਾ ਕਿ ਸਰਕਾਰ ਕੋਰੋਨਾ ਨਾਲ ਤੇ ਹੋਰ ਬਿਮਾਰੀਆਂ ਲੜਨ ਦਾ ਜੋ ਢੰਗ ਅਪਣਾ ਰਹੀ ਹੈ ਇਹ ਕਿਸੇ ਪੱਖੋਂ ਵੀ ਬਿਮਾਰੀਆਂ ਨੂੰ ਖ਼ਤਮ ਨਹੀਂ ਕਰ ਸਕਦਾ। ਵਿਸ਼ਵ ਸਿਹਤ ਸੰਸਥਾ ਦੀ ਸਿਹਤ ਦੀ ਪਰਿਭਾਸ਼ਾ ਖੁਰਾਕ ਨੂੰ ਸਭ ਤੋਂ ਅਹਿਮ ਚੀਜ਼ਾਂ ’ਚੋਂ ਮੰਨਦੀ ਹੈ। ਪਰ ਦੇਸ਼ ਦੀ ਹਕੂਮਤ ਖੇਤੀ ਕਾਨੂੰਨਾਂ ਖਾਸਕਰ ਜ਼ਰੂਰੀ ਵਸਤਾਂ ਸੋਧ ਕਾਨੂੰਨ ਰਾਹੀਂ 67 ਫੀਸਦੀ ਦੇਸ਼ ਦੀ ਗਰੀਬ ਜਨਤਾ ਤੋਂ ਸਸਤੇ ਰਾਸ਼ਨ ਦਾ ਅਧਿਕਾਰ ਖੋਹਣਾ ਚਾਹੁੰਦੀ ਹੈ। ਜਿਸਦਾ ਕਾਰਨ ਭੁੱਖਮਰੀ ਨਾਲ ਰੋਗਾਂ ਦੇ ਟਾਕਰੇ ਦੀ ਸਮਰੱਥਾ ਹੋਰ ਘਟੇਗੀ ਤੇ ਬਿਮਾਰੀਆਂ, ਮਹਾਂਮਾਰੀਆਂ ਦੀ ਸੰਭਾਵਨਾ ਹੋਰ ਵਧੇਗੀ।

ਯੂਰਪ ’ਚ ਟੀਬੀ ਤੇ ਛੋਟੀ ਮਾਤਾ ਤੇ ਇੰਨਫੈਕਸ਼ਨ ਨਾਲ ਮੌਤਾਂ ਦੀ ਦਰ ਦਵਾਈਆਂ ਆਉਣ ਤੋਂ ਬਹੁਤ ਪਹਿਲਾਂ ਨਾਮਾਤਰ ਰਹਿ ਗਈ ਸੀ। ਜਿਸਦਾ ਕਾਰਨ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਲੋਕਾਂ ਦੀ ਖੁਰਾਕ ’ਚ ਸੁਧਾਰ ਸੀ। ਭੁੱਖੇ ਬੰਦਿਆਂ ਨੂੰ ਦਵਾਈਆਂ ਦੇ ਕੇ ਬਿਮਾਰੀਆਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇੱਕ ਪਾਸੇ ਸਰਕਾਰ ਲੋਕਾਂ ਦੀ ਸਿਹਤ ਦੇ ਫਿਕਰ ਦੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਸਿਹਤ ਲਈ ਖਤਰਨਾਕ ਖੇਤੀ ਕਾਨੂੰਨ ਲਾਗੂ ਕਰਨ ਲਈ ਬਜਿੱਦ ਹੈ। ਇਸ ਲਈ ਮੌਜੂਦਾ ਕਿਸਾਨੀ ਮੋਰਚਾ ਵੀ ਜਿਥੇ ਕਾਨੂੰਨਾਂ ਖਿਲਾਫ ਹੈ। ਉਥੇ ਹੀ ਕਰੋਨਾ ਵਰਗੀਆਂ ਮਹਾਂਮਾਰੀਆ ਖਿਲਾਫ ਵੀ ਹੈ ਕਿਉਕਿ ਮਹਾਂਮਾਰੀਆਂ ਦੇ ਟਾਕਰੇ ਲਈ ਚੰਗੀ ਖੁਰਾਕ ਦੀ ਵੀ ਜ਼ਰੂਰਤ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਰੋਨਾ ਦੀ ਦਹਿਸ਼ਤ ਨੂੰ ਤੋੜਨ ਲਈ ਤੇ ਦਿੱਲੀ ਮੋਰਚੇ ਨੂੰ ਮਜਬੂਤ ਕਰਨ ਲਈ ਪੰਜਾਬ ਦੇ ਪਿੰਡਾਂ ’ਚ ਦੁਬਾਰਾ ਪ੍ਰਚਾਰ ਮੁਹਿੰਮ ਵਿੱਢਣ ਦੀ ਜਰੂਰਤ ਹੈ ਤਾਂ ਜੋ ਲੰਬੀ ਲੜਾਈ ਦੀ ਜਰੂਰਤ ਬਾਰੇ ਲੋਕਾਂ ਨੂੰ ਚੇਤੰਨ ਕੀਤਾ ਜਾ ਸਕੇ। ਇਸੇ ਮੁਹਿੰਮ ਤਹਿਤ 26 ਮਈ ਨੂੰ ਮੋਦੀ ਹਕੂਮਤ ਖਿਲਾਫ਼ ਰੋਸ ਪ੍ਰਦਰਸ਼ਨ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਟਰੈਕਟਰ ਮਾਰਚ ਕਰਕੇ ਲੋਕਾਂ ’ਚ ਉਤਸ਼ਾਹ ਭਰਿਆ ਜਾਵੇਗਾ।

ਇਸ ਮੌਕੇ ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਸਤਿਬੀਰ ਸਿੰਘ ਸੁਲਤਾਨੀ, ਬਲਵਿੰਦਰ ਸਿੰਘ ਭੁੱਲਰ, ਸੰਤੋਖ ਸਿੰਘ ਸੰਧੂ, ਸੁਰਿੰਦਰ ਸਿੰਘ ਬੈਂਸ, ਤਰਲੋਚਨ ਸਿੰਘ ਝੋਰੜਾਂ, ਜਸਵਿੰਦਰ ਸਿੰਘ ਝਬੇਲਵਾਲੀ ਅਤੇ ਭੁਪਿੰਦਰ ਸਿੰਘ ਵੜੈਚ ਆਦਿ ਹਾਜ਼ਰ ਸਨ।

error: Content is protected !!