ਲੁਧਿਆਣਾ ਵਿਚ ਮੁੜ ਦੋਹਰਾ ਕਤਲ, ਕੁੜੀ ਨਾਲ ਮੰਗਣੀ ਹੋਣ ਮਗਰੋਂ ਪੈ ਗਿਆ ਸਿਆਪਾ, ਪ੍ਰੇਮੀ ਨੇ ਗੈਸਟ ਹਾਊਸ ਵਿਚ ਬੁਲਾ ਮੰਗੇਤਰ ਤੇ ਉਸ ਦੇ ਦੋਸਤ ਨਾਲ ਕਰ ਦਿੱਤਾ ਕਾਰਾ

ਲੁਧਿਆਣਾ ਵਿਚ ਮੁੜ ਦੋਹਰਾ ਕਤਲ, ਕੁੜੀ ਨਾਲ ਮੰਗਣੀ ਹੋਣ ਮਗਰੋਂ ਪੈ ਗਿਆ ਸਿਆਪਾ, ਪ੍ਰੇਮੀ ਨੇ ਗੈਸਟ ਹਾਊਸ ਵਿਚ ਬੁਲਾ ਮੰਗੇਤਰ ਤੇ ਉਸ ਦੇ ਦੋਸਤ ਨਾਲ ਕਰ ਦਿੱਤਾ ਕਾਰਾ


ਵੀਓਪੀ ਬਿਊਰੋ, ਲੁਧਿਆਣਾ- ਲੁਧਿਆਣਾ ਵਿਚ ਦੋ ਨੌਜਵਾਨਾਂ ਦੀ ਹੱਤਿਆ ਨੇ ਮੁੜ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਵਿਚ 24 ਘੰਟਿਆਂ ’ਚ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਦਰਅਸਲ, ਕਤਲ ਚਾਰ ਨਹੀਂ ਸਗੋਂ 5 ਲੋਕਾਂ ਨੇ ਕੀਤਾ ਸੀ, ਜਿਨ੍ਹਾਂ ’ਚੋਂ 4 ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ’ਚੋਂ ਇਕ ਨਾਬਾਲਗ ਵੀ ਹੈ।
ਪੀੜਤ ਪਰਿਵਾਰ ਨੇ ਦੱਸਿਆ ਹੈ ਕਿ ਰਾਹੁਲ ਦੀ ਮੰਗਣੀ ਫਰਵਰੀ ਮਹੀਨੇ ਮੁੰਡੀਆਂ ਕਲਾਂ ਦੀ ਰਹਿਣ ਵਾਲੀ ਲੜਕੀ ਨਾਲ ਹੋਈ ਸੀ। ਜਦੋਂਕਿ ਉਨ੍ਹਾਂ ਦਾ ਵਿਆਹ ਫਰਵਰੀ 2024 ’ਚ ਹੋਣਾ ਸੀ। ਲੜਕੀ ਦਾ ਪਹਿਲਾਂ ਤੋਂ ਹੀ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਇੰਸਟਾਗ੍ਰਾਮ ਦੇ ਜ਼ਰੀਏ ਰਾਹੁਲ ਨੂੰ ਪਤਾ ਲੱਗਾ ਕਿ ਉਸ ਦੀ ਮੰਗੇਤਰ ਦੀ ਅਮਰ ਯਾਦਵ ਨਾਂ ਦੇ ਨੌਜਵਾਨ ਨਾਲ ਦੋਸਤੀ ਸੀ। ਰਾਹੁਲ ਨੇ ਅਮਰ ਨਾਲ ਗੱਲ ਕੀਤੀ ਅਤੇ ਉਸ ਨੂੰ ਪਾਸੇ ਹੋਣ ਲਈ ਕਿਹਾ ਪਰ ਇਸ ਦੇ ਉਲਟ ਅਮਰ ਰਾਹੁਲ ਨੂੰ ਉਸ ਤੋਂ ਦੂਰ ਰਹਿਣ ਦੀ ਧਮਕੀ ਦੇ ਰਿਹਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਵਿਵਾਦ ਚੱਲ ਰਿਹਾ ਸੀ। ਸ਼ਨੀਵਾਰ ਨੂੰ ਅਮਰ ਨੇ ਰਾਹੁਲ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਕੋਲ ਲੜਕੀ ਦੀ ਵੀਡੀਓ ਹੈ, ਉਹ ਆ ਕੇ ਦੇਖ ਲਵੇ। ਸ਼ਨੀਵਾਰ ਰਾਤ ਰਾਹੁਲ ਦੋਸਤ ਗੁਲਸ਼ਨ ਨਾਲ ਐਕਟਿਵਾ ’ਤੇ ਅਮਰ ਦੇ ਗੈਸਟ ਹਾਊਸ ਲੈ ਗਿਆ, ਜਿੱਥੇ ਅਮਰ ਪਹਿਲਾਂ ਹੀ ਆਪਣੇ 4 ਦੋਸਤਾਂ ਨਾਲ ਰਾਹੁਲ ਦਾ ਇੰਤਜ਼ਾਰ ਕਰ ਰਿਹਾ ਸੀ।


ਪੁਲਿਸ ਦਾ ਕਹਿਣਾ ਹੈ ਕਿ ਅਮਰ ਯਾਦਵ ਨੇ ਸਿਰਫ ਰਾਹੁਲ ਨੂੰ ਮਾਰਨਾ ਸੀ। ਮੁਲਜ਼ਮਾਂ ਨੇ ਮਿਲ ਕੇ ਰਾਹੁਲ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਗੁਲਸ਼ਨ ਦੇ ਸਾਹਮਣੇ ਸਭ ਕੁਝ ਹੋਇਆ, ਇਸ ਲਈ ਕਤਲ ਦਾ ਕੋਈ ਗਵਾਹ ਨਾ ਬਚੇ ਮੁਲਜ਼ਮਾਂ ਨੇ ਗੁਲਸ਼ਨ ਦਾ ਵੀ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮੌਕੇ ਤੋਂ ਖੂਨ ਆਦਿ ਸਾਫ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਟਿਕਾਣੇ ਲਗਾਉਣ ਲਈ ਕੰਬਲ ’ਚ ਲਪੇਟ ਦਿੱਤਾ।
ਮੁਲਜ਼ਮ ਗੁਲਸ਼ਨ ਦੀ ਐਕਟਿਵਾ ਅਤੇ ਦੋਵਾਂ ਦੇ ਮੋਬਾਈਲ ਲੈ ਗਏ। ਫਿਰ ਸ਼ਨੀਵਾਰ ਦੇਰ ਰਾਤ ਲਾਸ਼ਾਂ ਨੂੰ ਬਾਈਕ ਅਤੇ ਐਕਟਿਵਾ ’ਤੇ ਲੱਦ ਕੇ ਭਾਮੀਆਂ ਕਲਾਂ ਵੱਲ ਲੈ ਗਏ, ਜਿੱਥੇ ਉਨ੍ਹਾਂ ਦੋਵਾਂ ਲਾਸ਼ਾਂ ਨੂੰ ਗੰਦੇ ਨਾਲੇ ’ਚ ਸੁੱਟ ਦਿੱਤਾ। ਫਿਰ ਗੁਲਸ਼ਨ ਦੀ ਐਕਟਿਵਾ ਟਿੱਬਾ ਰੋਡ ’ਤੇ ਕੂੜੇ ਦੇ ਢੇਰ ਕੋਲ ਛੱਡ ਗਏ। ਜਦਕਿ ਵੱਖ-ਵੱਖ ਥਾਵਾਂ ’ਤੇ ਮੋਬਾਇਲ ਸੁੱਟੇ ਗਏ ਤਾਂ ਜੋ ਉਨ੍ਹਾਂ ’ਤੇ ਕੋਈ ਸ਼ੱਕ ਨਾ ਰਹੇ।


ਗੁਲਸ਼ਨ ਦੇ ਪਿਤਾ ਨੇ ਦੱਸਿਆ ਕਿ ਗੁਲਸ਼ਨ ਅਤੇ ਰਾਹੁਲ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਐਕਟਿਵਾ ਟਿੱਬੇ ਵਾਲੀ ਥਾਂ ’ਤੇ ਖੜ੍ਹੀ ਹੈ। ਉਹ ਤੁਰੰਤ ਉੱਥੇ ਪਹੁੰਚੇ, ਜਿੱਥੇ ਉਸ ਨੂੰ ਐਕਟਿਵਾ ਅਤੇ ਗੁਲਸ਼ਨ ਦਾ ਮੋਬਾਇਲ ਮਿਲਿਆ। ਇਸ ਤੋਂ ਬਾਅਦ ਵਰਧਮਾਨ ਕਾਲੋਨੀ ਤੋਂ ਰਾਹੁਲ ਦਾ ਮੋਬਾਈਲ ਬਰਾਮਦ ਕੀਤਾ। ਇਸ ਤੋਂ ਬਾਅਦ ਉਹ ਪੁਲਿਸ ਕੋਲ ਗਿਆ, ਜਿੱਥੇ ਰਾਹੁਲ ਦੇ ਮੋਬਾਈਲ ’ਤੇ ਆਖਰੀ ਕਾਲ ਅਮਰ ਦੀ ਸੀ। ਜਦੋਂ ਪੁਲਿਸ ਨੇ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਰਾਇਲ ਗੈਸਟ ਹਾਊਸ ਤੋਂ ਫੋਨ ਕਰ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਉੱਥੇ ਪਹੁੰਚ ਕੇ ਅਮਰ ਨੂੰ ਫੜ ਲਿਆ। ਪੁੱਛਗਿੱਛ ਵਿਚ ਖੁਲਾਸੇ ਮਗਰੋਂ ਬਾਕੀ ਗ੍ਰਿਫ਼ਤਾਰੀਆਂ ਹੋਈਆਂ।

error: Content is protected !!