ਬਾਬੇ ਨਾਨਕ ਜੀ ਦੇ ਵਿਆਹ ਪੁਰਬ ਮੌਕੇ ਬਰਾਤ ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਸਜਿਆ, ਇਸ ਸਮੇਂ ਪਹੁੰਚੇਗਾ ਬਟਾਲੇ

ਬਾਬੇ ਨਾਨਕ ਜੀ ਦੇ ਵਿਆਹ ਪੁਰਬ ਮੌਕੇ ਬਰਾਤ ਰੂਪੀ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਸਜਿਆ, ਇਸ ਸਮੇਂ ਪਹੁੰਚੇਗਾ ਬਟਾਲੇ

ਵੀਓਪੀ ਬਿਊਰੋ, ਸੁਲਤਾਨਪੁਰ ਲੋਧੀ- ਸ਼ਹਿਰ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 536ਵਾਂ ਵਿਆਹ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਰਾਤ ਰੂਪੀ ਅਲੌਕਿਕ ਅਤੇ ਮਹਾਨ ਨਗਰ ਕੀਰਤਨ ਅੱਜ ਸਵੇਰੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਬਟਾਲਾ ਲਈ ਰਵਾਨਾ ਹੋਇਆ। ਹੈੱਡ ਗ੍ਰੰਥੀ ਵੱਲੋਂ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ। ਬਰਾਤ ਰੂਪੀ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਇਆ ਗਿਆ। ਇਸ ਮੌਕੇ ਪਾਲਕੀ ਸਾਹਿਬ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਵਾਰ ਬਰਾਤ ਰੂਪੀ ਨਗਰ ਕੀਰਤਨ ’ਚ ਐੱਸ. ਜੀ. ਪੀ. ਸੀ. ਦੇ ਸਮੂਹ ਮੈਂਬਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਸ਼ਾਮਲ ਹੋਏ।
ਇਸ ਮਹਾਨ ਨਗਰ ਕੀਰਤਨ ਦਾ ਤਲਵੰਡੀ ਪੁਲ, ਪਿੰਡ ਮੇਵਾ ਸਿੰਘ ਵਾਲਾ, ਮੰਗੂਪੁਰ, ਖੇੜਾ ਬੇਟ, ਤਲਵੰਡੀ ਚੌਧਰੀਆਂ ਅਤੇ ਫੱਤੂਢੀਂਗਾ ਪਹੁੰਚਣ ’ਤੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰ ਕੇ ਸਵਾਗਤ ਕੀਤਾ ਗਿਆ। ਸਿਆਸੀ ਪਾਰਟੀਆਂ ਦੇ ਆਗੂਆਂ ਸਮੇਤ ਸਾਰੀ ਸੰਗਤ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਬਾਬਾ ਨਾਨਕ ਦੇ ਰੰਗ ’ਚ ਰੰਗੀ ਹੋਈ ਵਿਖਾਈ ਦਿੱਤੀ। ਨਗਰ ਕੀਰਤਨ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੇ ਅੱਗੇ-ਅੱਗੇ ਸ਼ਰਧਾਲੂ ਸਫ਼ਾਈ ਸੇਵਕ ਜੱਥਾ ਰਸਤੇ ਦੀ ਸਫ਼ਾਈ ਕਰ ਰਿਹਾ ਸੀ। ਨਗਰ ਕੀਰਤਨ ਦੌਰਾਨ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਸੀ, ਜੋ ਕਿ ਆਕਰਸ਼ਕ ਦਾ ਕੇਂਦਰ ਬਣੀ ਹੋਈ ਸੀ। ਇਸ ਮੌਕੇ ਨਿਹੰਗ ਸਿੰਘਾਂ ਅਤੇ ਗਤਕਾ ਪਾਰਟੀ ਨੇ ਗੱਤਕੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀ ਨਗਰ ਕੀਰਤਨ ’ਚ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਵਧਾਈ।

ਨਗਰ ਕੀਰਤਨ ‘ਚ ਸੁਲਤਾਨਪੁਰ ਲੋਧੀ, ਬਟਾਲਾ, ਕਪੂਰਥਲਾ, ਗੁਰਦਾਸਪੁਰ, ਗੋਇੰਦਵਾਲ ਸਾਹਿਬ, ਜਲੰਧਰ, ਢਿੱਲਵਾਂ, ਲੋਹੀਆਂ, ਸ਼ਾਹਕੋਟ ਤੋਂ ਇਲਾਵਾ ਦੂਰ-ਦੁਰਾਡੇ ਤੋਂ ਲੱਖਾਂ ਸ਼ਰਧਾਲੂ ਸ਼ਾਮਲ ਹੋਏ। ਅੱਜ ਸਵੇਰੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪਰੰਤ ਗੁਰਬਾਣੀ ਦੀ ਕਥਾ ਅਤੇ ਗੁਰਬਾਣੀ ਸੁਣਾਈ ਗਈ ਅਤੇ ਉਪਰੰਤ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਹੈੱਡ ਗ੍ਰੰਥੀ ਨੇ ਕੀਤੀ ਅਤੇ ਗੁਰਬਾਣੀ ਦਾ ਹੁਕਮਨਾਮਾ ਪ੍ਰਚਾਰਕ ਨੇ ਸੁਣਾਇਆ। ਇਸ ਉਪਰੰਤ ਨਗਰ ਕੀਰਤਨ ‘ਚ ਸ਼ਾਮਲ ਪੰਜ ਨਿਸ਼ਾਨਚੀ ਅਤੇ ਪੰਜ ਪਿਆਰੇ ਸਾਹਿਬਾਨ ਅਤੇ ਹੋਰ ਸੰਤਾਂ ਮਹਾਪੁਰਸ਼ਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਉਪਰੰਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈ ਕੇ ਜੈਕਾਰੇ ਲਗਾਉਂਦੇ ਹੋਏ ਫੁੱਲਾਂ ਨਾਲ ਸਜਾਈ ਸੁੰਦਰ ਪਾਲਕੀ ‘ਚ ਸੁਸ਼ੋਭਿਤ ਕੀਤਾ। ਇਸ ਸਮੇਂ ਥਾਂ-ਥਾਂ ਸ਼ਰਧਾਲੂਆਂ ਵੱਲੋਂ ਫਲ, ਫਰੂਟ, ਚਾਹ-ਪਕੌੜੇ, ਜਲ ਜੀਰਾ ਅਤੇ ਹੋਰ ਮਿਠਿਆਈਆਂ ਦੇ ਲੰਗਰ ਲਗਾਏ ਗਏ। ਨਗਰ ਕੀਰਤਨ ਅੱਜ ਉੱਚਾ ਬੇਟ, ਢਿੱਲਵਾਂ, ਬਾਬਾ ਬਕਾਲਾ ਸਾਹਿਬ , ਮਹਿਤਾ ਤੋਂ ਹੁੰਦੇ ਹੋਏ ਰਾਤ ਬਟਾਲਾ ‘ਚ ਪੁੱਜੇਗਾ।

error: Content is protected !!