ਬਾਂਹ ਉਤੇ ਚੋਰ ਲਿਖ ਕੇ ਵਿਦਿਆਰਥਣ ਨੂੰ ਸਕੂਲ ਵਿਚ ਘੁਮਾਇਆ, ਪਰੇਸ਼ਾਨੀ ਹੋਈ ਨੇ ਸਕੂਲ ਦੀ ਤੀਜੀ ਮੰਜ਼ਿਲ ਤੋਂ ਮਾਰ ਦਿੱਤੀ ਛਾਲ

ਬਾਂਹ ਉਤੇ ਚੋਰ ਲਿਖ ਕੇ ਵਿਦਿਆਰਥਣ ਨੂੰ ਸਕੂਲ ਵਿਚ ਘੁਮਾਇਆ, ਪਰੇਸ਼ਾਨੀ ਹੋਈ ਨੇ ਸਕੂਲ ਦੀ ਤੀਜੀ ਮੰਜ਼ਿਲ ਤੋਂ ਮਾਰ ਦਿੱਤੀ ਛਾਲ


ਵੀਓਪੀ ਬਿਊਰੋ, ਲੁਧਿਆਣਾ : ਖੁਦ ਨੂੰ ਚੋਰ ਕਹੇ ਜਾਣ ’ਤੇ ਪਰੇਸ਼ਾਨ ਹੋਈ ਲੁਹਾਰਾ ਦੇ ਸਟਾਰ ਰੋਡ ਸਥਿਤ ਇਕ ਨਿੱਜੀ ਸਕੂਲ ਦੀ ਹੋਣਹਾਰ ਵਿਦਿਆਰਥਣ ਨੇ ਸਕੂਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਵਿਦਿਆਰਥਣ ਨੂੰ ਪ੍ਰੋ-ਲਾਈਫ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਦੀ ਰੀੜ੍ਹ ਦੀ ਹੱਡੀ ਤੇ ਚੂਲ੍ਹੇ ਦਾ ਆਪ੍ਰੇਸ਼ਨ ਕੀਤਾ ਗਿਆ ਹੈ। ਗਰੀਬ ਘਰ ਦੀ ਵਿਦਿਆਰਥਣ ਹੋਣ ਕਾਰਨ ਲਗਪਗ ਛੇ ਦਿਨ ਪਹਿਲਾਂ ਹੋਈ ਘਟਨਾ ਸ਼ਾਇਦ ਦਬ ਜਾਂਦੀ ਪਰ ਕੁਝ ਸਥਾਨਕ ਲੋਕਾਂ ਨੇ ਸ਼ੁੱਕਰਵਾਰ ਨੂੰ ਜਦ ਸਕੂਲ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਤਾਂ ਗੱਲ ਸਾਹਮਣੇ ਆਈ। ਪਰਿਵਾਰਕ ਮੈਂਬਰਾਂ ਨੇ ਸਕੂਲ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹਾਲਾਂਕਿ ਸਕੂਲ ਪ੍ਰਿੰਸੀਪਲ ਨੂੰ ਜਦ ਪੱਖ ਜਾਨਣ ਲਈ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।


ਵਿਦਿਆਰਥਣ ਦੀ ਮਾਂ ਅਨਾਰਾ ਦੇਵੀ ਨੇ ਕਿਹਾ ਕਿ ਉਸ ਦੀ ਬੱਚੀ ਅੱਠਵੀਂ ਜਮਤ ਦੀ ਵਿਦਿਆਰਥਣ ਹੈ ਤੇ ਸਕੂਲ ’ਚ ਟਾਪਰ ਹੈ। ਉਸ ਦੀ ਜਮਾਤ ਦੀ ਹੀ ਵਿਦਿਆਰਥਣ ਨੇ ਉਸ ਨੂੰ ਨੋਟਸ ਪੂਰਾ ਕਰਨ ਲਈ ਕਿਹਾ ਸੀ। ਉਹ ਨੋਟਸ ਪੂਰਾ ਕਰ ਰਹੀ ਸੀ ਪਰ ਛੁੱਟੀ ਹੋਣ ’ਤੇ ਉਹ ਨੋਟਸ ਪੂਰਾ ਕਰਨ ਲਈ ਕਾਪੀ ਨਾਲ ਲੈ ਗਈ। ਨੋਟਸ ਪੂਰਾ ਨਾ ਹੋਣ ਕਾਰਨ ਕਾਪੀ ਉਸ ਦੇ ਘਰ ਹੀ ਰਹਿ ਗਈ। ਸਕੂਲ ’ਚ ਜਦ ਅਧਿਆਪਕ ਨੇ ਉਕਤ ਵਿਦਿਆਰਥਣ ਨੂੰ ਨੋਟਸ ਪੂਰਾ ਨਾ ਕਰਨ ਸਬੰਧੀ ਪੁੱਛਿਆ ਤਾਂ ਉਕਤ ਵਿਦਿਆਰਥਣ ਨੇ ਉਸ ਦੀ ਧੀ ’ਤੇ ਨੋਟਸ ਚੋਰੀ ਕਰਨ ਦਾ ਦੋਸ਼ ਲਾ ਦਿੱਤਾ। ਨਾਲ ਹੀ ਸਕੂਲ ਪ੍ਰਿੰਸੀਪਲ ਨੂੰ ਵੀ ਚੋਰੀ ਦੀ ਸ਼ਿਕਾਇਤ ਕੀਤੀ। ਅਨਾਰਾ ਦੇਵੀ ਨੇ ਦੋਸ਼ ਲਾਇਆ ਕਿ ਉਸ ਦੀ ਧੀ ਨੂੰ ਵਾਰ-ਵਾਰ ਸਕੂਲ ’ਚ ਚੋਰ ਕਿਹਾ ਜਾਣ ਲੱਗਾ।

ਉਸ ਦੇ ਹੱਥ ’ਤੇ ਚੋਰ ਲਿਖ ਕੇ ਸਕੂਲ ’ਚ ਘੁਮਾਇਆ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਗਈ ਤੇ ਉਸ ਨੇ ਸਕੂਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਹ ਹਸਪਤਾਲ ’ਚ ਭਰਤੀ ਹੈ। ਪਹਿਲਾਂ ਤਾਂ ਸਕੂਲ ਪ੍ਰਬੰਧਨ ਨੇ ਸਾਰਾ ਖ਼ਰਚ ਦੇਣ ਦੀ ਗੱਲ ਕਹੀ ਸੀ ਪਰ ਹੁਣ ਕੋਈ ਗੱਲ ਨਹੀਂ ਸੁਣ ਰਿਹਾ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਹਲਕਾ ਆਤਮ ਨਗਰ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮਨਿੰਦਰ ਸਿੰਘ ਡਾਬਾ ਥਾਣੇ ’ਚ ਪੁੱਜੇ ਤੇ ਸਕੂਲ ਪ੍ਰਬੰਧਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।

ਉਨ੍ਹਾਂ ਕਿਹਾ ਕਿ ਘਟਨਾ ਤੋਂ ਬਾਅਦ ਸਕੂਲ ਪ੍ਰਬੰਧਨ ਨੇ ਸਕੂਲ ਨੂੰ ਵੀ ਦੱਸਣਾ ਸਹੀ ਨਹੀਂ ਸਮਝਿਆ। ਇੰਨਾ ਹੀ ਨਹੀਂ, ਪਹਿਲਾਂ ਨਿੱਜੀ ਹਸਪਤਾਲ ’ਚ ਬੱਚੀ ਨੂੰ ਭਰਤੀ ਕਰਵਾਇਆ ਤੇ ਫਿਰ ਛੁੱਟੀ ਕਰਵਾ ਦਿੱਤੀ। ਜਦ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਹਸਪਤਾਲ ਮੈਨੇਜਮੈਂਟ ਨੂੰ ਕਹਿ ਕੇ ਬੱਚੀ ਨੂੰ ਦੁਬਾਰਾ ਭਰਤੀ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ। ਇੰਨੀ ਹੀ ਹਸਪਤਾਲ ਨੂੰ ਦੱਸਿਆ ਗਿਆ ਸੀ ਕਿ ਬੱਚੀ ਪੌੜੀ ’ਚੋਂ ਡਿੱਗੀ ਹੈ, ਜਦਕਿ ਸਕੂਲ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਬੱਚੀ ਨੂੰ ਛੱਤ ਤੋਂ ਛਾਲ ਮਾਰਦੇ ਦੇਖਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

error: Content is protected !!