ਪੰਡਾਲ ਵਿਚੋਂ ਪ੍ਰਸ਼ਾਦ ਚੁੱਕ ਕੇ ਖਾਣ ਉਤੇ ਬੰਨ੍ਹ ਕੇ ਡੰਡਿਆਂ ਨਾਲ ਜਾਨਵਰਾਂ ਵਾਂਗ ਕੁੱਟਿਆ, ਰਹਿਮ ਦੀ ਭੀਖ ਮੰਗਦਾ ਰਿਹਾ ਨੌਜਵਾਨ, ਜ਼ਖਮਾਂ ਦੀ ਪੀੜ ਨਾ ਸਹਾਰਦਿਆਂ ਤੋੜਿਆ ਦਮ

ਪੰਡਾਲ ਵਿਚੋਂ ਪ੍ਰਸ਼ਾਦ ਚੁੱਕ ਕੇ ਖਾਣ ਉਤੇ ਬੰਨ੍ਹ ਕੇ ਡੰਡਿਆਂ ਨਾਲ ਜਾਨਵਰਾਂ ਵਾਂਗ ਕੁੱਟਿਆ, ਰਹਿਮ ਦੀ ਭੀਖ ਮੰਗਦਾ ਰਿਹਾ ਨੌਜਵਾਨ, ਜ਼ਖਮਾਂ ਦੀ ਪੀੜ ਨਾ ਸਹਾਰਦਿਆਂ ਤੋੜਿਆ ਦਮ


ਵੀਓਪੀ ਬਿਊਰੋ, ਨੈਸ਼ਨਲ : ਇਕ ਧਾਰਮਿਕ ਸਮਾਗਮ ਦੇ ਸਜੇ ਪੰਡਾਲ ਵਿਚੋਂ ਇਕ ਨੌਜਵਾਨ ਨੂੰ ਪ੍ਰਸ਼ਾਦ ਚੁੱਕ ਕੇ ਖਾਣ ਦੀ ਕੀਮਤ ਜਾਨ ਤੋਂ ਹੱਥ ਧੋ ਕੇ ਚੁਕਾਉਣੀ ਪਈ। ਉੱਤਰ-ਪੂਰਬੀ ਦਿੱਲੀ ਦੇ ਨੰਦ ਨਗਰੀ ਇਲਾਕੇ ਵਿਚ ਸਿਰਫ਼ ਪ੍ਰਸ਼ਾਦ ਚੁੱਕ ਕੇ ਖਾਣ ਕਾਰਨ ਇਕ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ। 10-12 ਮੁੰਡੇ ਨੌਜਵਾਨ ਨੂੰ ਜਾਨਵਰਾਂ ਵਾਂਗ ਕੁੱਟਦੇ ਰਹੇ। ਇਸ ਦੌਰਾਨ ਨੌਜਵਾਨ ਰਹਿਮ ਦੀ ਭੀਖ ਮੰਗਦਾ ਰਿਹਾ ਪਰ ਕੋਈ ਨਹੀਂ ਹਟਿਆ। ਸਾਰੇ ਮੁਲਜ਼ਮ ਨੌਜਵਾਨ ਨੂੰ ਅੱਧਮੋਈ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਏ।


ਦੁਪਹਿਰ ਵੇਲੇ ਇਕ ਗੁਆਂਢੀ ਪੀੜਤ ਮੁਹੰਮਦ ਇਸ਼ਹਾਕ ਉਰਫ਼ ਈਸਰ (22) ਨੂੰ ਆਪਣੇ ਘਰ ਲੈ ਆਇਆ। ਈਸਰ ਨੇ ਰੋਂਦੇ ਹੋਏ ਆਪਣੇ ਪਰਿਵਾਰ ਵਾਲਿਆਂ ਨੂੰ ਸਾਰੀ ਗੱਲ ਦੱਸੀ। ਜ਼ਿਆਦਾ ਕੁੱਟਮਾਰ ਕਾਰਨ ਈਸਰ ਦੀ ਕੁਝ ਸਮੇਂ ਬਾਅਦ ਘਰ ‘ਚ ਹੀ ਮੌਤ ਹੋ ਗਈ। ਮਾਮਲੇ ਦੀ ਸੂਚਨਾ ਦੇਰ ਰਾਤ ਪੁਲਿਸ ਨੂੰ ਦਿੱਤੀ ਗਈ। ਜਦੋਂ ਜਾਂਚ ਕੀਤੀ ਗਈ ਤਾਂ ਘਟਨਾ ਦਾ ਪਤਾ ਲੱਗਾ। ਘਟਨਾ ਦੀ ਇੱਕ ਵੀਡੀਓ ਵਾਇਰਲ ਹੋ ਗਈ ਹੈ। ਇਸ ਤੋਂ ਬਾਅਦ ਇਲਾਕੇ ‘ਚ ਤਣਾਅ ਪੈਦਾ ਹੋ ਗਿਆ। ਅਹਿਤਿਆਤ ਵਜੋਂ ਇਲਾਕੇ ਵਿੱਚ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸ਼ੁਰੂਆਤੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਈਸਰ ਨੇ ਘਰ ਤੋਂ ਕੁਝ ਦੂਰੀ ‘ਤੇ ਸਥਿਤ ਗਣੇਸ਼ ਪੰਡਾਲ ਤੋਂ ਪ੍ਰਸ਼ਾਦ ਖਾਧਾ ਸੀ। ਇਸੇ ਕਾਰਨ ਉਸ ਨੂੰ ਬੰਨ੍ਹ ਕੇ ਕੁੱਟਿਆ ਗਿਆ।


ਮਾਮਲੇ ਦੀ ਜਾਂਚ ਜਾਰੀ ਹੈ। ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਤੇ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਮੁਤਾਬਕ ਈਸਰ ਮੂਲ ਰੂਪ ‘ਚ ਧਾਮਪੁਰ, ਬਿਜਨੌਰ, ਯੂਪੀ ਦਾ ਰਹਿਣ ਵਾਲਾ ਹੈ ਤੇ ਆਪਣੇ ਪਰਿਵਾਰ ਨਾਲ ਈ-57/ਬੀ352, ਸੁੰਦਰ ਨਗਰੀ ‘ਚ ਰਹਿੰਦਾ ਸੀ। ਉਸ ਦੇ ਪਰਿਵਾਰ ਵਿੱਚ ਬਜ਼ੁਰਗ ਪਿਤਾ ਅਬਦੁਲ ਵਾਜਿਦ, ਚਾਰ ਭੈਣਾਂ ਇਮਰਾਨਾ, ਨਿਆਬ, ਸਮਰੀਨ ਤੇ ਉਜ਼ਮਾ ਸ਼ਾਮਲ ਹਨ। ਈਸਰ ਦੇ ਪਿਤਾ ਇਲਾਕੇ ਵਿੱਚ ਫਲ ਵੇਚਣ ਦਾ ਕੰਮ ਕਰਦੇ ਹਨ। ਮਾਂ ਸਾਬਰੀ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਖੁਦ ਮਜ਼ਦੂਰ ਵਜੋਂ ਕੰਮ ਕਰਦਾ ਸੀ। ਈਸਰ ਦੀ ਭੈਣ ਨੇ ਦੱਸਿਆ ਕਿ ਈਸਰ ਨੇ ਧਾਰਮਿਕ ਸਮਾਗਮ ਦੌਰਾਨ ਪੰਡਾਲ ਵਿੱਚੋਂ ਇੱਕ ਕੇਲਾ ਚੁੱਕ ਕੇ ਖਾ ਲਿਆ। ਉਥੇ ਮੌਜੂਦ ਮੁੰਡਿਆਂ ਨੇ ਜਦੋਂ ਈਸਰ ਨੂੰ ਪ੍ਰਸ਼ਾਦ ਚੁੱਕ ਕੇ ਖਾਂਦੇ ਦੇਖਿਆ ਤਾਂ ਉਨ੍ਹਾਂ ਨੂੰ ਗੁੱਸਾ ਆ ਗਿਆ। ਇਨ੍ਹਾਂ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਉੱਥੇ ਇੱਕ ਖੰਭੇ ਨਾਲ ਬੰਨ੍ਹ ਦਿੱਤਾ। ਇਸ ਤੋਂ ਬਾਅਦ ਉਸ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਉੱਥੇ ਮੌਜੂਦ ਕੁਝ ਮੁੰਡੇ ਕੁੱਟਮਾਰ ਦੀ ਵੀਡੀਓ ਵੀ ਬਣਾਉਂਦੇ ਰਹੇ, ਜਿਨ੍ਹਾਂ ਵਿੱਚੋਂ ਇੱਕ ਵਾਇਰਲ ਹੋ ਗਿਆ। ਇੱਥੇ ਈਸਰ ਨੂੰ ਅੱਧਮੋਈ ਹਾਲਤ ‘ਚ ਸੜਕ ‘ਤੇ ਸੁੱਟ ਦਿੱਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਈਸਰ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਕ੍ਰਾਈਮ ਟੀਮ ਅਤੇ ਐਫਐਸਐਲ ਨੇ ਜੀ-4 ਵਿੱਚ ਜਾ ਕੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ। ਈਸਰ ਦੀ ਲਾਸ਼ ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੁਲਿਸ ਮੁਲਜ਼ਮਾਂ ਦੀ ਭਾਲ ਵਿਚ ਜੁਟੀ ਹੋਈ ਹੈ।

error: Content is protected !!