ਮਾਝਾ ਦੀ ਸਿਆਸਤ ‘ਚ ਕਾਂਗਰਸ ਨੂੰ ਵੱਡਾ ਝਟਕਾ, ਮਜੀਠੀਆ ਨੇ ਫੜਿਆ ‘ਆਪ’ ਦਾ ਪੱਲਾ

ਮਾਝਾ ਦੀ ਸਿਆਸਤ ‘ਚ ਕਾਂਗਰਸ ਨੂੰ ਵੱਡਾ ਝਟਕਾ, ਮਜੀਠੀਆ ਨੇ ਫੜਿਆ ‘ਆਪ’ ਦਾ ਪੱਲਾ

ਚੰਡੀਗੜ੍ਹ (ਵੀਓਪੀ ਬਿਊਰੋ)- ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਮਾਝਾ ਖੇਤਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਮਾਝੇ ਦੇ ਉੱਘੇ ਚਿਹਰੇ ਅਤੇ ਕਾਂਗਰਸ ਦੇ 2022 ਵਿਧਾਨ ਸਭਾ ਚੋਣ ਮਜੀਠਾ ਤੋਂ ਉਮੀਦਵਾਰ ਜਗਵਿੰਦਰ ਪਾਲ ਸਿੰਘ, ਜਿਸ ਨੂੰ ਜੱਗਾ ਮਜੀਠੀਆ ਵਜੋਂ ਵੀ ਜਾਣਿਆ ਜਾਂਦਾ ਹੈ, ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰਤ ਤੌਰ ‘ਤੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਕੇ ਸਵਾਗਤ ਕੀਤਾ।

ਜਗਵਿੰਦਰ ਪਾਲ ਸਿੰਘ ਜੱਗਾ ਮਜੀਠੀਆ 1987 ਤੋਂ ਕਾਂਗਰਸੀ ਵਰਕਰ ਸਨ ਅਤੇ 1992 ਵਿੱਚ ਕੌਂਸਲਰ ਚੁਣੇ ਗਏ ਸਨ। ਉਹ 1999 ਵਿੱਚ ਯੂਥ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਬਣੇ ਅਤੇ 2000 ਦੇ ਸ਼ੁਰੂ ਵਿੱਚ ਉਨ੍ਹਾਂ ਨੂੰ ਅੰਮ੍ਰਿਤਸਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ। ਉਨ੍ਹਾਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਾਂਗਰਸ ਦੀ ਟਿਕਟ ‘ਤੇ ਲੜੀਆਂ ਸਨ। ਆਪਣੇ ਸਿਆਸੀ ਕਰੀਅਰ ਅਤੇ 3 ਦਹਾਕਿਆਂ ਤੋਂ ਵੱਧ ਦੇ ਤਜ਼ਰਬੇ ਕਾਰਨ ਮਜੀਠਾ ਵਿੱਚ ਉਨ੍ਹਾਂ ਦੀ ਬਹੁਤ ਚੰਗੀ ਪਕੜ ਅਤੇ ਪ੍ਰਭਾਵ ਹੈ।

ਸੂਬੇ ਦੀਆਂ ਨਗਰ ਨਿਗਮ ਚੋਣਾਂ ਅਤੇ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਕਈ ਵੱਡੇ ਆਗੂ ਅਤੇ ਪ੍ਰਮੁੱਖ ਸ਼ਖਸੀਅਤਾਂ ਆਮ ਆਦਮੀ ਪਾਰਟੀ ਵੱਲ ਰੁਖ ਕਰ ਰਹੀਆਂ ਹਨ। ਜੱਗਾ ਮਜੀਠੀਆ ਦਾ ‘ਆਪ’ ‘ਚ ਸਵਾਗਤ ਕਰਨ ਤੋਂ ਬਾਅਦ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਤੋਂ ਬਹੁਤ ਖੁਸ਼ ਹਨ।

ਉਨ੍ਹਾਂ ਕਿਹਾ ਕਿ ਅਸੀਂ ਸੂਬੇ ਨੂੰ ਹਰ ਖੇਤਰ ਵਿੱਚ ਅੱਗੇ ਲਿਜਾਣ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਾਂ ਅਤੇ ਜਿਹੜੇ ਆਗੂ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਹੈ। ਮਾਨ ਨੇ ਕਿਹਾ ਕਿ ਪਾਰਟੀ ਦੇਸ਼ ਦੇ ਕੋਨੇ-ਕੋਨੇ ਵਿਚ ਦਿਨੋ-ਦਿਨ ਮਜ਼ਬੂਤ ​​ਹੁੰਦੀ ਜਾ ਰਹੀ ਹੈ। ਪੰਜਾਬ ਵਿੱਚ ਸਾਡੀ ਰਿਕਾਰਡ ਬਹੁਮਤ ਵਾਲੀ ਸਰਕਾਰ ਹੈ ਅਤੇ ਲੋਕ ਹਰ ਰੋਜ਼ ਸਾਡੇ ਨਾਲ ਜੁੜ ਰਹੇ ਹਨ।

Punjab political congress aap amritsar Majithia

error: Content is protected !!