ਪੀਐਚਡੀ ਸਬਜ਼ੀ ਵਾਲਾ : ਅੱਧੀ ਦਰਜਨ ਡਿਗਰੀਆਂ ਹਾਸਲ ਕਰ ਕੇ ਵੀ ਵੇਚਣੀ ਪੈ ਰਹੀ ਸਬਜ਼ੀ, ਰਿਸ਼ਤੇਦਾਰ ਮੰਗਦੇ ਸੀ ਸਲਾਹਾਂ, ਹੁਣ ਲੰਘ ਜਾਂਦੇ ਪਾਸਾ ਵੱਟ, ਵਾਇਰਲ ਵੀਡੀਓ ਨੇ ਸਰਕਾਰੀ ਸਿਸਟਮ ਦਾ ਭੰਨ੍ਹਿਆ ਭਾਂਡਾ

ਪੀਐਚਡੀ ਸਬਜ਼ੀ ਵਾਲਾ : ਅੱਧੀ ਦਰਜਨ ਡਿਗਰੀਆਂ ਹਾਸਲ ਕਰ ਕੇ ਵੀ ਵੇਚਣੀ ਪੈ ਰਹੀ ਸਬਜ਼ੀ, ਰਿਸ਼ਤੇਦਾਰ ਮੰਗਦੇ ਸੀ ਸਲਾਹਾਂ, ਹੁਣ ਲੰਘ ਜਾਂਦੇ ਪਾਸਾ ਵੱਟ, ਵਾਇਰਲ ਵੀਡੀਓ ਨੇ ਸਰਕਾਰੀ ਸਿਸਟਮ ਦਾ ਭੰਨ੍ਹਿਆ ਭਾਂਡਾ

ਵੀਓਪੀ ਬਿਊਰੋ, ਅੰਮ੍ਰਿਤਸਰ : ਪੰਜਾਬ ਸਮੇਤ ਪੂਰੇ ਭਾਰਤ ਵਿਚ ਬੇਰੁਜ਼ਗਾਰੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ। ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਵੀ ਨੌਜਵਾਨ ਬੇਰੁਜ਼ਗਾਰ ਬੈਠੇ ਹਨ ਜਾਂ ਫਿਰ ਬਾਹਰਲੇ ਦੇਸ਼ਾਂ ਦਾ ਰੁਖ ਕਰ ਰਹੇ ਹਨ। ਕਈ ਤਾਂ ਇੱਥੇ ਹੀ ਰੇਹੜੀਆਂ ਲਾਉਣ ਨੂੰ ਮਜਬੂਰ ਹਨ। ਅਜਿਹਾ ਹੀ ਇਕ ਮਾਮਲਾ ਸੋਸ਼ਲ ਮੀਡੀਆ ਉਤੇ ਕਾਫੀ ਛਾਇਆ ਹੋਇਆ ਹੈ।

ਐੱਲਐੱਲਬੀ, ਐੱਮਏ ਪੰਜਾਬੀ, ਐੱਮਏ ਜੇਐੱਮਸੀ, ਐੱਮਏ ਵੁਮੈਨ ਸਟਡੀ, ਐੱਮਏ ਪੋਲੀਟੀਕਲ ਸਾਇੰਸ, ਯੂਜੀਸੀ ਜੇਆਰਐੱਫ ਕਲੀਅਰ ਤੇ ਪੀਐੱਚਡੀ ਕਰ ਕੇ 11 ਸਾਲ ਯੂਨੀਵਰਸਿਟੀ ’ਚ ਪੜ੍ਹਾਉਣ ਮਗਰੋਂ ਵੀ ਗਲੀ-ਗਲੀ ਸਬਜ਼ੀ ਵੇਚਣ ਨੂੰ ਇਕ ਨੌਜਵਾਨ ਮਜਬੂਰ ਹੈ। ਇਹ ਕਹਾਣੀ ਹੈ ਅੰਮ੍ਰਿਤਸਰ ਦੇ ਡਾ. ਸੰਦੀਪ ਸਿੰਘ ਦੀ, ਕਿਸਮਤ ਦੀ ਤੱਕੜੀ ’ਚ ਜਿਨ੍ਹਾਂ ਦੀਆਂ ਕਰੀਬ ਤਿੰਨ ਕਿੱਲੋ ਵਜ਼ਨ ਦੀ ਡਿਗਰੀਆਂ ’ਤੇ ‘ਸਿਆਸੀ ਦਬਾਅ’ਭਾਰੀ ਪੈ ਗਿਆ। ਪੜ੍ਹ ਲਿਖ ਕੇ ਵੀ ਆਪਣੇ ਅਸਲ ਕਿੱਤੇ ਤੋਂ ਦੂਰ ਰੇਹੜੀ ’ਤੇ ‘ਪੀਐੱਚਡੀ ਸਬਜ਼ੀ ਵਾਲਾ’ ਦਾ ਬੋਰਡ ਲਗਾ ਕੇ ਸਬਜ਼ੀ ਵੇਚ ਰਹੇ ਡਾ. ਸੰਦੀਪ ਸਿੰਘ ਉਨ੍ਹਾਂ ਲੱਖਾਂ ਨੌਜਵਾਨਾਂ ਦੀ ਕਤਾਰ ’ਚ ਸਭ ਤੋਂ ਮੋਹਰੀ ਹਨ ਜਿਹੜੇ ਸਰਕਾਰਾਂ ਦੇ ਨੌਕਰੀਆਂ ਦੇਣ ਦੇ ਦਾਅਵਿਆਂ ’ਤੇ ਸਵਾਲੀਆ ਨਿਸ਼ਾਨ ਲਗਾ ਰਹੇ ਹਨ।
ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਸਿੱਖ ਨੌਜਵਾਨ ਰੇਹੜੀ ’ਤੇ ‘ਪੀਐੱਚਡੀ ਸਬਜ਼ੀ ਵਾਲਾ’ ਬੋਰਡ ਲਗਾਈ ਅੰਮ੍ਰਿਤਸਰ ਦੀਆਂ ਗਲੀਆਂ ’ਚ ਸਬਜ਼ੀ ਵੇਚਦਾ ਦਿਖਾਈ ਦੇ ਰਿਹਾ ਹੈ।


ਡਾ. ਸੰਦੀਪ ਦੱਸਦੇ ਹਨ ਕਿ ਉਨ੍ਹਾਂ ਪ੍ਰਾਈਵੇਟ ਤੌਰ ’ਤੇ ਬੀਏ ਕਰਨ ਉਪਰੰਤ 2004 ’ਚ ਜੀਐੱਨਡੀਯੂ ਦੇ ਜਲੰਧਰ ਰੀਜਨਲ ਕੈਂਪਸ ਤੋਂ ਐੱਲਐੱਲਬੀ ਤੇ ਸਾਲ 2009 ’ਚ ਐੱਲਐੱਮ ਕੀਤੀ। 2011 ’ਚ ਐੱਮਏ ਪੰਜਾਬੀ ਕਰਦਿਆਂ ਯੂਜੀਸੀ ਜੇਆਰਐੱਫ ਕਲੀਅਰ ਕੀਤਾ। ਇਸ ਤੋਂ ਬਾਅਦ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਚਲੇ ਗਏ ਜਿੱਥੇ ਰਿਸਰਚ ਫੈਲੋ ਤਹਿਤ ਪੀਐੱਚਡੀ ਕੀਤੀ। 2017 ’ਚ ਪੀਐੱਚਡੀ ਮੁਕੰਮਲ ਹੋ ਗਈ ਤਾਂ 2018 ’ਚ ਪੱਤਰਕਾਰੀ ’ਚ ਐੱਮਏ ਕੀਤੀ। ਇਸ ਤੋਂ ਬਾਅਦ ਐੱਮਏ ਇਨ ਵੂਮਨ ਸਟਡੀ ਕੀਤੀ। ਉਸ ਤੋਂ ਬਾਅਦ ਐੱਮਏ ਪੋਲੀਟੀਕਲ ਸਾਇੰਸ ਕੀਤੀ, ਜਿਸ ਦੇ ਚੌਥੇ ਸਮੈਸਟਰ ਦਾ ਰਿਜ਼ਲਟ ਆਉਣਾ ਬਾਕੀ ਹੈ। ਇਸ ਦੌਰਾਨ ਉਨ੍ਹਾਂ ਆਰਜ਼ੀ ਪੋਸਟ ’ਤੇ ਯੂਨੀਵਰਸਿਟੀ ’ਚ ਪੜ੍ਹਾਇਆ ਵੀ ਪਰ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਪੱਕੇ ਨਾ ਕੀਤਾ ਤੇ ਉਹ ਅਧਿਆਪਨ ਦਾ ਆਪਣਾ ਕਿੱਤਾ ਜਾਰੀ ਨਾ ਰੱਖ ਸਕੇ। ਇਸ ਤੋਂ ਬਾਅਦ ਇਸੇ ਸਾਲ ਜੁਲਾਈ ਮਹੀਨੇ ਤੋਂ ਉਨ੍ਹਾਂ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ। ਡਾ. ਸੰਦੀਪ ਦੱਸਦੇ ਹਨ ਕਿ ਕਿਸੇ ਸਮੇਂ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਕੋਲੋਂ ਸਲਾਹਾਂ ਮੰਗਦੇ ਸਨ ਪਰ ਹੁਣ ਉਹ ਰੇਹੜੀ ਖਿੱਚਦੇ ਦੇਖ ਕੇ ਪਾਸਾ ਵੱਟ ਕੇ ਲੰਘ ਜਾਂਦੇ ਹਨ।

ਦਿੱਤਾ ਸੰਦੇਸ਼, ਡੋਲੋ ਨਾ, ਕਿਸਮਤ ਤੇ ਵਕਤ ਸਭ ਦਾ ਇੱਕੋ ਜਿਹਾ ਨਹੀਂ ਹੁੰਦਾ

ਡਾ. ਸੰਦੀਪ ਸਿੰਘ ਕਹਿੰਦੇ ਹਨ ਕਿ ਉਨ੍ਹਾਂ 11 ਸਾਲ ਯੂਨੀਵਰਸਿਟੀ ’ਚ ਆਰਜ਼ੀ ਤੌਰ ’ਤੇ ਪੜ੍ਹਾਇਆ ਪਰ ਜਦੋਂ ਪੱਕੇ ਹੋਣ ਦੀ ਵਾਰੀ ਆਈ ਤਾਂ ਯੂਨੀਵਰਸਿਟੀਆਂ ਵਾਲੇ ਕਹਿ ਦਿੰਦੇ ਹਨ ਕਿ ਉਨ੍ਹਾਂ ’ਤੇ ‘ਸਿਆਸੀ ਦਬਾਅ’ ਬਹੁਤ ਹੈ। ਉਨ੍ਹਾਂ ਕਿਹਾ ਕਿ ਇਸੇ ‘ਸਿਸਟਮ’ਨੇ ਉਨ੍ਹਾਂ ਦੀ ਦਹਾਕਿਆਂ ਦੀ ਪੜ੍ਹਾਈ ਦੀ ਕੋਈ ਕਦਰ ਨਹੀਂ ਕੀਤੀ ਪਰ ਉਨ੍ਹਾਂ ਦਾ ਸਵਾਲ ਹੈ ਕਿ ਨੌਕਰੀਆਂ ਦੇਣ ਲੱਗਿਆਂ ਜੇਕਰ ਸਾਰਾ ਕੁਝ ਪਹਿਲਾਂ ਤੋਂ ਹੀ ਤੈਅ ਹੁੰਦਾ ਹੈ ਤਾਂ ਫਿਰ ਨੌਕਰੀ ਲਈ ਅਪਲਾਈ ਕਰਨ ਲੱਗਿਆ ਫੀਸ ਵਜੋਂ ਮੋਟੀਆਂ ਰਕਮਾਂ ਕਿਉਂ ਵਸੂਲੀਆਂ ਜਾਂਦੀਆਂ ਹਨ।
ਡਾ. ਸੰਦੀਪ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਪੜ੍ਹਿਆ-ਲਿਖਿਆ ਹੈ। ਉਨ੍ਹਾਂ ਦੇ ਭਰਾ-ਭੈਣ ਵੀ ਕੁਆਲੀਫਾਈਡ ਹਨ। ਉਨ੍ਹਾਂ ਦੀ ਭੈਣ ਵੀ ਪੀਅੱੈਚਡੀ ਹੈ। ਉਹ ਕਹਿੰਦੇ ਹਨ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਉਹ ਅੱਜ ਬੇਸ਼ੱਕ ਸਬਜ਼ੀ ਵੇਚਣ ਲਈ ਮਜਬੂਰ ਹਨ ਪਰ ਉਹ ਹਾਰੇ ਨਹੀਂ। ਉਨ੍ਹਾਂ ਦੀ ਨਜ਼ਰ ’ਚ ਕੋਈ ਕਿੱਤਾ ਛੋਟਾ-ਵੱਡਾ ਨਹੀਂ। ਉਹ ਬਾਬੇ ਨਾਨਕ ਦੇ ‘ਕਿਰਤ ਕਰੋ’ ਦੇ ਸੰਦੇਸ਼ ’ਤੇ ਪਹਿਰਾ ਦੇ ਰਹੇ ਹਨ। ਉਹ ਇਸ ਕਿਰਤ ਰਾਹੀਂ ਪੈਸੇ ਇਕੱਠੇ ਕਰ ਰਹੇ ਹਨ। ਬੇਸ਼ੱਕ ਯੂਨੀਵਰਸਿਟੀਆਂ ਉਨ੍ਹਾਂ ਨੂੰ ਨੌਕਰੀ ਨਹੀਂ ਦੇ ਸਕੀਆਂ ਪਰ ਜੇ ਬਾਬੇ ਨਾਨਕ ਨੇ ਚਾਹਿਆ ਤਾਂ ਜਲਦ ਹੀ ਉਹ ਆਪਣਾ ਟਿਊਸ਼ਟ ਸੈਂਟਰ ਸ਼ੁਰੂ ਕਰ ਕੇ ਆਪਣੇ ਮੂਲ ਕਿੱਤੇ ’ਚ ਆ ਜਾਣਗੇ।
ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਵੀਡੀਓ ਦੇਖ ਕੇ ਉਨ੍ਹਾਂ ਨਾਲ ਹਮਦਰਦੀ ਪ੍ਰਗਟਾਉਣ ਤੇ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕਰਨ ਵਾਲਿਆਂ ਦਾ ਉਹ ਧੰਨਵਾਦ ਕਰਦੇ ਹਨ। ਇਸ ਦੇ ਨਾਲ ਹੀ ਉਹ ਕਹਿੰਦੇ ਹਨ, ‘ਡੋਲੋ ਨਾ, ਕਿਸਮਤ ਤੇ ਵਕਤ ਸਭ ਦਾ ਇੱਕੋ ਜਿਹਾ ਨਹੀਂ ਹੁੰਦਾ’।

 

error: Content is protected !!