ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦਾ ਰਚਾਇਆ “ਸਵਾਂਗ”, ਭੜਕੀ ਸੰਗਤ, ਕਿਹਾ-ਸਿੱਖ ਫਲਸਫੇ ਉਤੇ ਹਮਲਾ (ਵੇਖੋ ਵੀਡੀਓ ਵਾਇਰਲ)

ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦਾ ਰਚਾਇਆ “ਸਵਾਂਗ”, ਭੜਕੀ ਸੰਗਤ, ਕਿਹਾ-ਸਿੱਖ ਫਲਸਫੇ ਉਤੇ ਹਮਲਾ (ਵੇਖੋ ਵੀਡੀਓ ਵਾਇਰਲ)


ਵੀਓਪੀ ਬਿਊਰੋ, ਜਲੰਧਰ-ਬੀਤੀ 20 ਦਸੰਬਰ ਤੋਂ 27 ਦਸੰਬਰ ਤਕ ਸ਼ਹੀਦੀ ਹਫਤਾ ਮਨਾਇਆ ਗਿਆ। ਇਨ੍ਹਾਂ ਦਿਨਾਂ ਵਿਚ ਜਗਤ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੇ ਸਿੰਘਾਂ-ਸਿੰਘਣੀਆਂ ਦੀਆਂ ਸ਼ਹੀਦੀਆਂ ਨੂੰ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਕੇ ਨਮਨ ਕੀਤਾ ਜਾਂਦਾ ਹੈ। ਗੁਰਦੁਆਰਾ ਸਾਹਿਬਾਨ ਤੋਂ ਇਲਾਵਾ ਸਕੂਲਾਂ ਕਾਲਜਾਂ ਵਿਚ ਵੀ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ। ਇਸ ਵਿਚਾਲੇ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਸਕੂਲਾਂ ਵਿਚ ਕਰਵਾਏ ਗਏ ਸਮਾਗਮਾਂ ਦੀਆਂ ਕਲਿੱਪਸ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਵਿਦਿਆਰਥੀ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਬੰਧੀ ਨਾਟਕ ਖੇਡਦੇ ਨਜ਼ਰ ਆ ਰਹੇ ਹਨ। ਇਸ ਦਾ ਸੋਸ਼ਲ ਮੀਡੀਆ ਯੂਜ਼ਰਜ਼ ਵਿਰੋਧ ਕਰ ਰਹੇ ਹਨ, ਕਿਉਂਕਿ ਸਿੱਖ ਫਲਸਫ਼ੇ ਵਿਚ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਮਨੁੱਖ ਵੱਲੋਂ ਨਕਲ ਕਰਨ ਦੀ ਸਖਤ ਮਨਾਹੀ ਹੈ।


ਸੋਸ਼ਲ ਮੀਡੀਆ ਐਕਸ ਉਤੇ ਜਸਵੀਰ ਸਿੰਘ ਮੁਕਤਸਰ ਨਾਮਕ ਯੂਜ਼ਰ ਨੇ ਇਹ ਵੀਡੀਓ ਸ਼ੇਅਰ ਕਰ ਕੇ ਕਿਹਾ,” ਇਹ ਸਭ ਦੇਖ ਮਨ ਬਹੁਤ ਦੁਖੀ ਹੈ, ਕਾਸ਼ ਸਿੱਖਾਂ ਦੇ ਆਗੂਆਂ ‘ਚ ਕੋਈ ਜਮੀਰ ਬਚੀ ਹੁੰਦੀ ਤਾਂ ਇਹ ਗੁਰੂ ਪਾਤਸ਼ਾਹ ਦੇ ਪਵਿਤਰ ਮਹਾਨ ਸਾਹਿਬਜ਼ਾਦਿਆਂ ਦੇ ਨਾਟਕ ਨਾ ਖੇਡੇ ਜਾਂਦੇ। ਭਾਰਤ ‘ਚ ਅਨੇਕਾਂ ਥਾਵਾਂ ‘ਤੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਾ ਕੇ ਸਿੱਖ ਫਲਸਫੇ ‘ਤੇ ਐਸਾ ਹਮਲਾ ਕੀਤਾ ਕਿ ਆਉਂਦੇ ਸਮੇ ‘ਚ ਸਿੱਖੀ ‘ਤੇ ਹੋਰ ਹਮਲੇ ਹੋਣਗੇ।”
ਹਰਦੇਵ ਸਿੰਘ ਦਾ ਕਹਿਣਾ ਹੈ, “ਸਿੱਖਾਂ ਦੇ ਨਾਮ ਧਰੀਕ ਲੀਡਰਾਂ ਨੇ ਸੈਂਟਰ ਦੀ ਸੱਤਾ ਤੇ ਕਾਬਜ ਬੀਜੇਪੀ ਦੀ ਚਾਪਲੂਸੀ ਅਤੇ ਛੋਟੀ ਮੋਟੀ ਚੌਧਰ ਲੈਣ ਦੇ ਚੱਕਰ ਵਿੱਚ ਕੌਮ ਦੇ ਗੌਰਵਮਈ ਇਤਹਾਸ ਨੂੰ ਹੀ ਕਲੰਕਿਤ ਕਰ ਦਿੱਤਾ ਹੈ। ਪਹਿਲਾਂ ਕਾਰਟੂਨ ਫਿਲਮਾਂ ਬਣਵਾਈਆਂ, ਹੁਣ ਸਟੇਜ ਐਕਟਰ ਬੱਚੇ ਛੋਟੇ ਸਾਹਿਬਜ਼ਾਦਿਆਂ ਦੀ ਨਕਲ ਲਾਹ ਰਹੇ ਹਨ।”
ਇਕ ਹੋਰ ਯੂਜ਼ਰ ਹਰੀ ਸਿੰਘ ਨੇ ਕਿਹਾ ਕਿ ਸਕੂਲਾਂ ਦੀਆਂ ਇਹ ਬੇਹੂਦਾ ਹਰਕਤਾਂ ਨੂੰ ਸਿੱਖ ਕਦੇ ਵੀ ਪਰਵਾਣ ਨਹੀਂ ਕਰਨਗੇ. ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਨੂੰ ਰੰਗ ਮੰਚ ਜਾਂ ਫ਼ਿਲਮੀ ਪਰਦੇ ਉੱਤੇ ਪੇਸ਼ ਕਰਨਾ ਵੱਡਾ ਗੁਨਾਹ ਹੈ. ਸਿੱਖਾਂ ਨੂੰ ਸਮੂਹਕ ਤੌਰ ਤੇ ਇਹਦੀ ਨਿੰਦਿਆ ਕਰਨੀ ਚਾਹੀਦੀ ਹੈ ।

error: Content is protected !!