ਵਿਆਹ ਵਾਲੇ ਮੁੰਡੇ ਦੇ ਧਰੇ ਧਰਾਏ ਰਹਿ ਗਏ ਚਾਅ, ਵਿਚੋਲਣ ਪੈਸੇ ਲੈ ਹੋਈ ਫਰਾਰ…

ਵਿਆਹ ਵਾਲੇ ਮੁੰਡੇ ਦੇ ਧਰੇ ਧਰਾਏ ਰਹਿ ਗਏ ਚਾਅ, ਵਿਚੋਲਣ ਪੈਸੇ ਲੈ ਹੋਈ ਫਰਾਰ…

ਵੀਓਪੀ ਬਿਊਰੋ, ਸ੍ਰੀ ਮੁਕਤਸਰ ਸਾਹਿਬ-ਨਜ਼ਦੀਕੀ ਪੈਂਦੇ ਪਿੰਡ ਵੜਿੰਗ ਵਿਖੇ ਇੱਕ ਨਵੀਂ ਘਟਨਾ ਦੇਖਣ ਨੂੰ ਮਿਲੀ। ਵਿਆਹ ਵਾਲੇ ਮੁੰਡੇ ਦੇ ਵਿਆਹ ਦੇ ਚਾਅ ਧਰ੍ਹੇ ਧਰਾਏ ਹੀ ਰਹਿ ਗਏ ਜਦੋਂ ਪਤਾ ਚੱਲਿਆ ਕਿ ਵਿਚੋਲਣ ਪੈਸੇ ਲੈ ਕੇ ਫਰਾਰ ਹੋ ਗਈ ਅਤੇ ਮੁੰਡੇ ਦੇ ਘਰ ਟੈਂਟ ਲੱਗਿਆ ਲਗਾਇਆ ਰਹਿ ਗਿਆ, ਮਠਿਆਈਆਂ ਵੀ ਪੱਕੀਆਂ ਪਕਾਈਆਂ ਰਹਿ ਗਈਆਂ ਅਤੇ ਮੇਲ ਵੀ ਬੈਠਾ ਰਹਿ ਗਿਆ ।


ਘਟਨਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਹੈ, ਜਿੱਥੇ ਇਕ ਵਿਆਹ ਵਾਲੇ ਮੁੰਡੇ ਦੇ ਨਾਲ ਇੱਕ ਵੱਡਾ ਧੋਖਾ ਹੋਇਆ। ਦੱਸ ਦਈਏ ਕਿ ਪਿੰਡ ਵੜਿੰਗ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੇ ਨਾਲ ਪਿੰਡ ਦੀ ਵਿਚੋਲਣ ਨੇ ਠੱਗੀ ਮਾਰੀ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਵਿਚੋਲਣ ਵੱਲੋਂ ਉਨ੍ਹਾਂ ਤੋਂ 50,000 ਦੀ ਮੰਗ ਕੀਤੀ ਗਈ ਸੀ ਕਿ ਅਸੀਂ ਤੁਹਾਡੇ ਮੁੰਡੇ ਦਾ ਵਿਆਹ ਖੁਦ ਕਰਵਾਵਾਂਗੇ ਪਰ ਜਦੋਂ ਬਾਰਾਤ ਲੈ ਕੇ ਜਾਣੀ ਸੀ ਤਾਂ ਵਿਆਹ ਦੇ ਚਾਅ ਧਰੇ ਧਰਾਏ ਰਹਿ ਗਏ ਅਤੇ ਜਦੋਂ ਵਿਚੋਲਣ ਦੇ ਘਰ ਗਏ ਤਾਂ ਪਤਾ ਲੱਗਾ ਕਿ ਵਿਚੋਲਣ ਤਾਂ 50 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਚੁੱਕੀ ਹੈ। ਉੱਥੇ ਹੀ ਵਿਆਹ ਵਾਲੇ ਮੁੰਡੇ ਦਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਜੰਝ ਲਈ ਆਈਆਂ ਗੱਡੀਆਂ ਨੂੰ ਵੀ ਵਾਪਸ ਖਾਲੀ ਮੋੜਨਾ ਪਿਆ। ਉਥੇ ਹੀ ਵਿਆਹ ਵਾਲੇ ਮੁੰਡੇ ਅਤੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉਨ੍ਹਾਂ ਕਿਹਾ ਕਿ ਉਹ ਗਰੀਬ ਪਰਿਵਾਰ ਹੈ ਅਤੇ ਉਨ੍ਹਾਂ ਦਾ 3 ਲੱਖ ਰੁਪਏ ਤੱਕ ਦਾ ਖਰਚਾ ਵਿਆਹ ਤੇ ਹੋ ਚੁੱਕਾ ਪਰ ਵਿਚੋਲਣ ਦੇ ਵੱਲੋਂ ਨਾ ਤਾਂ ਲੜਕੀ ਦਿਖਾਈ ਗਈ ਹੈ ਅਤੇ ਨਾ ਹੀ ਬਾਰਾਤ ਲਿਜਾਣ ਵਾਲੀ ਜਗ੍ਹਾ ਦੱਸੀ ਹੈ। ਉਧਰ, ਪੁਲਿਸ ਨੂੰ ਵੀ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

error: Content is protected !!