ਪੁਲਿਸ ਨੇ ਬਾਹਰੀ ਸੂਬਿਆਂ ਤੋਂ ਹਥਿਆਰ ਲਿਆ ਕੇ ਪੰਜਾਬ ‘ਚ ਤਸਕਰੀ ਕਰਨ ਵਾਲੇ 7 ਬਦਮਾਸ਼ ਲਏ ਅੜਿੱਕੇ, ਭਾਰੀ ਮਾਤਰਾ ‘ਚ ਪਿਸਤੌਲ ਤੇ ਗੋਲੀਆਂ ਬਰਾਮਦ

ਪੁਲਿਸ ਨੇ ਬਾਹਰੀ ਸੂਬਿਆਂ ਤੋਂ ਹਥਿਆਰ ਲਿਆ ਕੇ ਪੰਜਾਬ ‘ਚ ਤਸਕਰੀ ਕਰਨ ਵਾਲੇ 7 ਬਦਮਾਸ਼ ਲਏ ਅੜਿੱਕੇ, ਭਾਰੀ ਮਾਤਰਾ ‘ਚ ਪਿਸਤੌਲ ਤੇ ਗੋਲੀਆਂ ਬਰਾਮਦ

ਵੀਓਪੀ ਬਿਊਰੋ – ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ 7 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 10 ਪਿਸਤੌਲ, 10 ਮੈਗਜ਼ੀਨ, ਇਕ ਰਾਈਫਲ ਅਤੇ 15 ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਇੱਕ ਕਾਰ ਵੀ ਬਰਾਮਦ ਕੀਤੀ ਹੈ।

ਇਹ ਜਾਣਕਾਰੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸ਼ੁੱਕਰਵਾਰ ਸ਼ਾਮ ਪੁਲਿਸ ਲਾਈਨਜ਼ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਸੀਪੀ ਭੁੱਲਰ ਨੇ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸ਼ਨਦੀਪ ਸਿੰਘ ਉਰਫ਼ ਛਿੱਲਰ (19) ਵਾਸੀ ਗੁਰੂ ਕੀ ਵਡਾਲੀ, ਕਰਨਦੀਪ ਸਿੰਘ ਉਰਫ਼ ਕਰਨਜੀਤ ਉਰਫ਼ ਢਾਣੀ (21) ਤੇ ਸ਼ਰਨਜੀਤ ਸਿੰਘ ਉਰਫ਼ ਸੰਨੀ (24) ਵਾਸੀ ਪਿੰਡ ਬਾਹਲਾ, ਦੀਪਕ ਕੁਮਾਰ ਵਾਸੀ ਚੋਹਲਾ ਸਾਹਿਬ, ਸੰਦੀਪ ਸਿੰਘ ਉਰਫ ਕਾਕਾ (26) ਵਾਸੀ ਅੰਮ੍ਰਿਤਸਰ ਤੇ ਨਰਿੰਦਰ ਸਿੰਘ ਉਰਫ ਸੋਨੂੰ ਵਾਸੀ ਪਿੰਡ ਹੋਠੀਆਂ, ਤਰਨਤਾਰਨ ਵਜੋਂ ਹੋਈ ਹੈ।

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਆਸਟ੍ਰੇਲੀਆ ‘ਚ ਰਹਿਣ ਵਾਲੇ ਰਿਤਿਕ ਅਤੇ ਜੇਲ ‘ਚ ਬੰਦ ਕੁਨਾਲ ਮਹਾਜਨ ਦੇ ਨਿਰਦੇਸ਼ਾਂ ‘ਤੇ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਅਪਰਾਧੀਆਂ ਨੂੰ ਸਪਲਾਈ ਕਰਦੇ ਸਨ। ਇਸ ਪੂਰੇ ਮਾਮਲੇ ਵਿੱਚ ਇੱਕ ਅਮਰੀਕੀ ਹੈਂਡਲਰ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਸੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦੇ ਮੈਂਬਰ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆ ਕੇ ਅੰਮ੍ਰਿਤਸਰ ਅਤੇ ਤਰਨਤਾਰਨ ਵਿੱਚ ਸਪਲਾਈ ਕਰਨ ਜਾ ਰਹੇ ਹਨ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮਾਂ ਨੇ ਕਾਰਵਾਈ ਕਰਦੇ ਹੋਏ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਕਾਰਵਾਈ ਦੌਰਾਨ ਪੁਲਿਸ ਨੇ ਅੰਮਿ੍ਤਸਰ ਜ਼ਿਲ੍ਹੇ ‘ਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ 7 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਇਕ ਪਿਸਤੌਲ, 10 ਮੈਗਜ਼ੀਨ, 15 ਕਾਰਤੂਸ, ਇਕ 12 ਬੋਰ ਦੀ ਡਬਲ ਬੈਰਲ ਰਾਈਫ਼ਲ ਅਤੇ ਇਕ ਮਾਰੂਤੀ ਕਾਰ ਵੀ ਬਰਾਮਦ ਕੀਤੀ ਹੈ |

ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਦੱਸਿਆ ਕਿ ਇਸ ਸਾਰੀ ਕਾਰਵਾਈ ਵਿੱਚ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 27 ਜਨਵਰੀ 2024 ਨੂੰ ਥਾਣਾ ਛੇਹਰਟਾ ਵਿਖੇ ਅਸਲਾ ਐਕਟ ਅਧੀਨ ਐਫਆਈਆਰ 19 ਦਰਜ ਕੀਤੀ ਗਈ ਸੀ ਅਤੇ 1 ਫਰਵਰੀ 2024 ਨੂੰ ਥਾਣਾ ਸੁਲਤਾਨਵਿੰਡ ਵਿਖੇ ਅਸਲਾ ਐਕਟ ਤਹਿਤ ਐਫਆਈਆਰ 7 ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ।

error: Content is protected !!