ਬਸਪਾ ਨੇ ਵੀ ਤੋੜਿਆ ਸ਼੍ਰੋਮਣੀ ਅਕਾਲ ਦਲ ਨਾਲੋਂ ਗਠਜੋੜ, ਇਕ ਤੋਂ ਬਾਅਦ ਇਕ ਲੱਗ ਰਹੇ ਝਟਕੇ, ਭਾਜਪਾ ਨਾਲ ਵੀ ਗੱਲਬਾਤ ਲਟਕੀ

ਬਸਪਾ ਨੇ ਵੀ ਤੋੜਿਆ ਸ਼੍ਰੋਮਣੀ ਅਕਾਲ ਦਲ ਨਾਲੋਂ ਗਠਜੋੜ, ਇਕ ਤੋਂ ਬਾਅਦ ਇਕ ਲੱਗ ਰਹੇ ਝਟਕੇ, ਭਾਜਪਾ ਨਾਲ ਵੀ ਗੱਲਬਾਤ ਲਟਕੀ


ਵੀਓਪੀ ਬਿਊਰੋ, ਚੰਡੀਗੜ੍ਹ : ਪੰਜਾਬ ਵਿਚ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਸ਼੍ਰੋਮਣੀ ਅਕਾਲੀ ਦਲ ਨਾਲ ਦੋ ਸਾਲ ਪੁਰਾਣਾ ਗੱਠਜੋੜ ਤੋੜ ਦਿੱਤਾ ਹੈ। ਬਸਪਾ ਨੇ ਇਹ ਫੈਸਲਾ ਮੰਗਲਵਾਰ ਸੂਬਾ ਕਾਰਜਕਾਰਣੀ ਦੀ ਬੈਠਕ ਵਿਚ ਲਿਆ ਹੈ। ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ ਅੰਬੇਡਕਰ ਭਵਨ ਚੰਡੀਗੜ੍ਹ ਵਿਖੇ ਹੋਈ ਹੈ। ਮੀਟਿੰਗ ਵਿੱਚ ਬਹੁਜਨ ਸਮਾਜ ਪਾਰਟੀ ਦੇ ਕੇਂਦਰੀ ਕੋਆਰਡੀਨੇਟਰ ਤੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਚਾਰ ਘੰਟੇ ਲੰਬੀ ਚੱਲੀ ਮੈਰਾਥਨ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਬਹੁਜਨ ਸਮਾਜ ਪਾਰਟੀ ਪੰਜਾਬ ’ਚ ਇਕੱਲਿਆਂ ਹੀ ਚੋਣਾਂ ਲੜੇਗੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੀ ਲਗਾਤਾਰ ਅਣਦੇਖੀ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਭਾਰਤੀ ਜਨਤਾ ਪਾਰਟੀ ਜੋ ਕਿ ਦਲਿਤਾਂ, ਪੱਛੜੇ ਵਰਗਾਂ, ਘੱਟ ਗਿਣਤੀਆਂ, ਕਿਸਾਨਾਂ ਨੂੰ ਕੁਚਲਣ ਲਈ ਗੈਰ-ਸੰਵਿਧਾਨਕ ਨੀਤੀਆਂ ਬਣਾਉਂਦੇ ਹੋਏ ਭਾਰਤੀ ਸੰਵਿਧਾਨ ਨੂੰ ਬਦਲਣ ਲਈ ਕੰਮ ਕਰ ਰਹੀ ਹੈ, ਇਸ ਲਈ ਬਹੁਜਨ ਸਮਾਜ ਪਾਰਟੀ ਕਦੇ ਵੀ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਨਹੀਂ ਕਰ ਸਕਦੀ।
ਉਥੇ ਹੀ ਅਕਾਲੀ ਦਲ ਨੂੰ ਤਿੰਨ ਪਾਸਿਓਂ ਝਟਕਾ ਲੱਗਾ ਹੈ। ਇਕ ਪਾਸੇ ਬਸਪਾ ਨੇ ਗੱਠਜੋੜ ਤੋੜ ਦਿੱਤਾ ਹੈ। ਦੂਜੇ ਪਾਸੇ ਕਿਸਾਨ ਅੰਦੋਲਨ ਕਾਰਣ ਭਾਜਪਾ ਦੇ ਨਾਲ ਅਕਾਲੀ ਦਲ ਦੀ ਗੱਲਬਾਤ ਅੱਧ ਵਿਚਾਲੇ ਲਟਕ ਗਈ ਹੈ। ਤੀਜਾ ਝਟਕਾ ਆਮ ਆਦਮੀ ਪਾਰਟੀ ਨੇ ਦਿੱਤਾ ਹੈ। ਅਕਾਲੀ ਦਲ ਦੇ ਮਾਲਵਾ ਜ਼ੋਨ ਦੇ ਪ੍ਰਧਾਨ ਅਤੇ ਪਟਿਆਲਾ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਹਰਪਾਲ ਜੁਨੇਜਾ ਅਕਾਲੀ ਦਲ ਨੂੰ ਅਲਵਿਟਾ ਆਖ ‘ਆਪ’ ਵਿਚ ਸ਼ਾਮਲ ਹੋ ਗਏ ਹਨ।

error: Content is protected !!