ਸ਼ੰਭੂ ਤੇ ਖਨੌਰੀ ਹੱਦਾਂ ਉਤੇ ਜੰਗ ਜਿਹੇ ਹਾਲਾਤ, ਕਿਸਾਨਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੌਛਾਰਾਂ ਤੇ ਚਲਾਈਆਂ ਰਬੜ ਦੀਆਂ ਗੋਲ਼ੀਆਂ! 5-5 ਕਿਲੋਮੀਟਰ ਤਕ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ

ਸ਼ੰਭੂ ਤੇ ਖਨੌਰੀ ਹੱਦਾਂ ਉਤੇ ਜੰਗ ਜਿਹੇ ਹਾਲਾਤ, ਕਿਸਾਨਾਂ ਨੇ ਤੋੜੇ ਬੈਰੀਕੇਡ, ਪੁਲਿਸ ਨੇ ਕੀਤੀਆਂ ਪਾਣੀ ਦੀਆਂ ਬੌਛਾਰਾਂ ਤੇ ਚਲਾਈਆਂ ਰਬੜ ਦੀਆਂ ਗੋਲ਼ੀਆਂ! 5-5 ਕਿਲੋਮੀਟਰ ਤਕ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ


ਵੀਓਪੀ ਬਿਊਰੋ, ਪਟਿਆਲਾ/ਘਨੌਰ-ਹਰਿਆਣਾ ਸਰਕਾਰ ਵੱਲੋਂ ਲਗਾਈ ਧਾਰਾ 144 ਤੋਂ ਬੇਪਰਵਾਹ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੀ ਅਗਵਾਈ ਹੇਠ ਅੱਜ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ 50 ਹਜ਼ਾਰ ਤੋਂ ਵੱਧ ਪੁੱਜੇ ਕਿਸਾਨਾਂ ਦਾ ਹਰਿਆਣਾ ਪੁਲਿਸ ਤੇ ਫੌਜ ਨਾਲ ਸਿੱਧੇ ਤੌਰ ’ਤੇ ਪੇਚਾ ਪਿਆ ਰਿਹਾ ਅਤੇ ਵੱਡਾ ਬਵਾਲ ਮਚਿਆ ਰਿਹਾ। ਪੁਲਿਸ ਦਾ ਲਾਠੀਚਾਰਜ, ਹੰਝੂ ਗੈਸ ਦੇ ਗੋਲੇ, ਅਪੀਲਾਂ, ਧਮਕੀਆਂ ਸਾਰੀਆਂ ਬੇਅਸਰ ਹੋ ਗਈਆਂ। ਖਬਰ ਲਿਖੇ ਜਾਣ ਤਕ 6 ’ਚੋਂ 3 ਬੈਰੀਕੇਡ ਤੋੜੇ ਜਾ ਚੁੱਕੇ ਸਨ ਅਤੇ ਕਿਸਾਨ ਦਿੱਲੀ ਵੱਲ ਵਧਣ ਲਈ ਬਜਿੱਦ ਸਨ। ਇਕ ਤਰ੍ਹਾਂ ਦੋਵੇਂ ਬਾਰਡਰਾਂ ’ਤੇ ਮਾਹੌਲ ਜੰਗ ਵਰਗਾ ਬਣਿਆ ਹੋਇਆ ਸੀ। ਸਵੇਰ ਤੋਂ ਹੀ ਕਿਸਾਨ ਲਗਾਤਾਰ ਦੋਵੇਂ ਬਾਰਡਰਾਂ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਦੋਵੇਂ ਬਾਰਡਰਾਂ ’ਤੇ ਲਗਪਗ 5-5 ਕਿਲੋਮੀਟਰ ਲੰਬੀਆਂ ਟਰੈਕਟਰ-ਟਰਾਲੀਆਂ ਦੀ ਲਾਈਨਾਂ ਸਨ।

ਹਜ਼ਾਰਾਂ ਕਿਸਾਨ ਲਗਾਤਾਰ ਪੁਲਸ ਵੱਲੋਂ ਕੀਤੇ ਇੰਤਜ਼ਾਮਾਂ ਨੂੰ ਖਤਮ ਕਰ ਰਹੇ ਸਨ। ਬੈਰੀਕੇਡਾਂ ਨੂੰ ਟਰੈਕਟਰਾਂ ਨਾਲ ਖਿੱਚ ਕੇ ਸੁਟਿਆ ਜਾ ਰਿਹਾ ਸੀ ਅਤੇ ਲੱਗੀਆਂ ਰੋਕਾਂ ਹਟਾਈਆਂ ਜਾ ਰਹੀਆਂ ਸਨ। ਕਿਸਾਨਾਂ ਦਾ ਜੋਸ਼ ਲਗਾਤਾਰ ਵਧਦਾ ਜਾ ਰਿਹਾ ਸੀ। ਦੇਰ ਸ਼ਾਮ ਤੱਕ ਪੰਜਾਬ ’ਚੋਂ ਕਿਸਾਨ ਹੋਰ ਟਰੈਕਟਰ-ਟਰਾਲੀਆਂ ਰਾਹੀਂ ਪੁੱਜ ਰਹੇ ਸਨ, ਜਿਸ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਮੱਥੇ ’ਤੇ ਵੱਡੀਆਂ ਚਿੰਤਾ ਦੀ ਲਕੀਰਾਂ ਖੜ੍ਹੀਆਂ ਕਰ ਦਿੱਤੀਆਂ ਸਨ। ਦੋਵੇਂ ਬਾਰਡਰਾਂ ’ਤੇ ਹਰਿਆਣਾ ਪੁਲਿਸ ਦੀ ਭਾਰੀ ਫੋਰਸ ਤਾਇਨਾਤ ਹੋਣ ਦੇ ਨਾਲ-ਨਾਲ ਸੀਮੇਂਟ ਦੀਆਂ ਭਾਰੀ ਮੋਟੀ ਦੀਵਾਰਾਂ ਬਣਾ ਕੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ ਗਏ ਅਤੇ ਬਹੁ-ਗਿਣਤੀ ਇਕੱਤਰ ਹੋਏ ਕਿਸਾਨਾਂ ’ਤੇ ਹਰਿਆਣਾ ਪੁਲਿਸ ਨੇ ਵੱਡੀ ਤਾਦਾਦ ’ਚ ਹੰਝੂ ਗੈਸ ਦੇ ਗੋਲ ਛੱਡੇ ਗਏ। ਇਸ ਤੋਂ ਬਾਅਦ ਕਿਸਾਨਾਂ ਨੇ ਇਕ-ਇਕ ਕਰ ਕੇ ਟਰੈਕਟਰਾਂ ਦੀ ਮਦਦ ਨਾਲ ਸੇਫਟੀ ਬੈਰੀਕੇਡਜ਼ ਨੂੰ ਤੋੜ ਦਿੱਤਾ। ਪੁਲਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪਾਣੀ ਦੀਆਂ ਬੌਛਾਰਾਂ ਤੇ ਰਬੜ ਦੀਆਂ ਗੋ.ਲੀਆਂ ਚਲਾਈ ਗਈ।

error: Content is protected !!