ਕਿਸਾਨ ਅੰਦੋਲਨ; 21 ਸਾਲਾ ਸ਼ੁਭਕਰਨ ਦੇ ਸਿਰ ‘ਚ ਗੋਲੀ ਲੱਗਣ ਕਾਰਨ ਹੋਈ ਮੌ.ਤ : ਪੰਧੇਰ, 18 ਲੱਖ ਕਰਜ਼ੇ ਦੇ ਬੋਝ ‘ਚ ਦੱਬਿਆ ਸੀ 2 ਭੈਣਾਂ ਦਾ ਇਕਲੌਤਾ ਭਰਾ

ਕਿਸਾਨ ਅੰਦੋਲਨ; 21 ਸਾਲਾ ਸ਼ੁਭਕਰਨ ਦੇ ਸਿਰ ‘ਚ ਗੋਲੀ ਲੱਗਣ ਕਾਰਨ ਹੋਈ ਮੌ.ਤ : ਪੰਧੇਰ, 18 ਲੱਖ ਕਰਜ਼ੇ ਦੇ ਬੋਝ ‘ਚ ਦੱਬਿਆ ਸੀ 2 ਭੈਣਾਂ ਦਾ ਇਕਲੌਤਾ ਭਰਾ

ਸ਼ੰਭੂ ਬਾਰਡਰ (ਵੀਓਪੀ ਬਿਊਰੋ) ਆਪਣੀਆਂ ਮੰਗਾਂ ਦੇ ਲਈ ਕੇਂਦਰ ਸਰਕਾਰ ਖਿਲਾਫ਼ ਹੱਲਾ ਬੋਲ ਚੁੱਕੇ ਕਿਸਾਨਾਂ ਨੂੰ ਦਿੱਲੀ ਕੂਚ ਕਰਨ ਤੋਂ ਰੋਕਣ ਲਈ ਹਰਿਆਣਾ ਸਰਕਾਰ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਇਸ ਕਾਰਨ ਕਿਸਾਨਾਂ ਤੇ ਖੁਦ ਫੋਰਸ ਦਾ ਵੀ ਨੁਕਸਾਨ ਹੋ ਰਿਹਾ ਹੈ। ਇਸੇ ਸਾਰੇ ਘਟਨਾਕ੍ਰਮ ਵਿੱਚ ਬੀਤੇ ਦਿਨ ਪੰਜਾਬ ਦੇ ਨੌਜਵਾਨ ਕਿਸਾਨ ਨੇ ਵੀ ਸ਼ਹੀਦੀ ਦਾ ਜਾਮ ਪੀ ਲਿਆ।

ਕਿਸਾਨਾਂ ਦੇ ਧਰਨੇ ਦੇ 9ਵੇਂ ਦਿਨ ਪੰਜਾਬ-ਹਰਿਆਣਾ ਦੀ ਸਰਹੱਦ ਖਨੌਰੀ ਵਿਖੇ ਇੱਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੁਭਕਰਨ ਸਿੰਘ ਵਜੋਂ ਹੋਈ ਹੈ। 21 ਸਾਲਾ ਸ਼ੁਭਕਰਨ ਬਠਿੰਡਾ ਦੇ ਰਾਮਪੁਰਾ ਇਲਾਕੇ ਦੇ ਪਿੰਡ ਬੱਲੋ ਦਾ ਰਹਿਣ ਵਾਲਾ ਸੀ। ਉਸ ਦੇ ਸਿਰ ਦੇ ਪਿਛਲੇ ਪਾਸੇ ਗੋਲੀ ਵਰਗਾ ਨਿਸ਼ਾਨ ਪਾਇਆ ਗਿਆ।

ਸ਼ੁਭਕਰਨ ਬੁੱਧਵਾਰ ਸਵੇਰ ਤੋਂ ਹੀ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਖਨੌਰੀ ਸਰਹੱਦ ‘ਤੇ ਮੌਜੂਦ ਸਨ। ਜਦੋਂ ਕਿਸਾਨਾਂ ਨੇ ਇੱਥੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਿਸ ਨੇ ਉਨ੍ਹਾਂ ‘ਤੇ ਅੱਥਰੂ ਗੈਸ ਦੇ ਬੰਬ ਅਤੇ ਰਬੜ ਦੀਆਂ ਗੋਲੀਆਂ ਦਾਗੀਆਂ। ਹਫੜਾ-ਦਫੜੀ ਦੇ ਮਾਹੌਲ ‘ਚ ਸ਼ੁਭਕਰਨ ਦੇ ਸਿਰ ਦੇ ਪਿਛਲੇ ਹਿੱਸੇ ‘ਤੇ ਅਚਾਨਕ ਕੋਈ ਚੀਜ਼ ਵੱਜਣ ਨਾਲ ਉਹ ਸੜਕ ‘ਤੇ ਡਿੱਗ ਗਿਆ।

ਸਾਥੀ ਕਿਸਾਨਾਂ ਨੇ ਉਸ ਨੂੰ ਚੁੱਕ ਕੇ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਖਨੌਰੀ ਸਿਵਲ ਹਸਪਤਾਲ ਪਹੁੰਚਾਇਆ। ਉਥੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਸ਼ੁਭਕਰਨ ਨੂੰ ਰਾਜਿੰਦਰ ਮੈਡੀਕਲ ਕਾਲਜ ਅਤੇ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ।

ਸ਼ੰਭੂ ਸਰਹੱਦ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਸ਼ੁਭਕਰਨ ਦੀ ਮੌਤ ਹਰਿਆਣਾ ਪੁਲੀਸ ਵੱਲੋਂ ਚਲਾਈਆਂ ਗੋਲੀਆਂ ਕਾਰਨ ਹੋਈ ਹੈ। ਪੰਧੇਰ ਅਨੁਸਾਰ ਹਰਿਆਣਾ ਪੁਲੀਸ ਨੇ ਖਨੌਰੀ ਸਰਹੱਦ ’ਤੇ ਕਿਸਾਨਾਂ ਦੇ ਡੇਰਿਆਂ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਏ। ਸੀਆਰਪੀਐਫ ਦੇ ਜਵਾਨ ਕਿਸਾਨਾਂ ਦੇ ਕੁਝ ਟਰੈਕਟਰ-ਟਰਾਲੀਆਂ ਵੀ ਲੈ ਗਏ।

ਸ਼ੁਭਕਰਨ ਸਿੰਘ ਬਠਿੰਡਾ ਦੇ ਪਿੰਡ ਬੱਲੋ ਦੇ ਰਹਿਣ ਵਾਲੇ ਚਰਨਜੀਤ ਸਿੰਘ ਦਾ ਲੜਕਾ ਸੀ। ਉਹ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਹੈ। ਉਸ ਦੀ ਮਾਤਾ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਦਾਦੀ ਸੁਖਜੀਤ ਕੌਰ ਨੇ ਤਿੰਨਾਂ ਭੈਣਾਂ-ਭਰਾਵਾਂ ਦਾ ਪਾਲਣ-ਪੋਸ਼ਣ ਕੀਤਾ।

ਸ਼ੁਭਕਰਨ ਦੀ ਵੱਡੀ ਭੈਣ ਗੁਰਪ੍ਰੀਤ ਕੌਰ ਵਿਆਹੀ ਹੋਈ ਹੈ ਜਦਕਿ ਛੋਟੀ ਭੈਣ ਜਸਪ੍ਰੀਤ ਕੌਰ ਇਸੇ ਪਿੰਡ ਦੇ ਸਰਕਾਰੀ ਸਕੂਲ ਵਿੱਚ 12ਵੀਂ ਜਮਾਤ ਦੀ ਵਿਦਿਆਰਥਣ ਹੈ। ਸ਼ੁਭਕਰਨ ਖੁਦ ਅਣਵਿਆਹਾ ਸੀ।

ਸ਼ੁਭਕਰਨ ਦੇ ਚਚੇਰੇ ਭਰਾ ਨਿਰਭੈ ਸਿੰਘ ਅਨੁਸਾਰ ਉਸ ਦੇ ਚਾਚਾ ਚਰਨਜੀਤ ਸਿੰਘ ਬੱਲੋ ਪਿੰਡ ਵਿੱਚ ਡੇਢ ਕਿੱਲੇ ਜ਼ਮੀਨ ਦੇ ਮਾਲਕ ਹਨ। ਉਹ ਇਸ ਜ਼ਮੀਨ ‘ਤੇ ਖੇਤੀ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ। ਸ਼ੁਭਕਰਨ ਆਪਣੇ ਪਿਤਾ ਦੀ ਖੇਤੀ ਵਿੱਚ ਮਦਦ ਕਰਦਾ ਸੀ ਅਤੇ ਉਸਦਾ ਪਰਿਵਾਰ ਕੱਚੇ ਘਰ ਵਿੱਚ ਰਹਿੰਦਾ ਹੈ।

ਸ਼ੁਭਕਰਨ ਦੇ ਗੁਆਂਢੀ ਗੁਰਵਿੰਦਰ ਸਿੰਘ ਅਤੇ ਪਿੰਡ ਦੇ ਨੰਬਰਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਦੇ ਪਰਿਵਾਰ ਸਿਰ 18 ਲੱਖ ਰੁਪਏ ਦਾ ਕਰਜ਼ਾ ਹੈ।

ਸ਼ੁਭਕਰਨ ਦੇ ਚਚੇਰੇ ਭਰਾ ਨਿਰਭੈ ਸਿੰਘ ਅਤੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ਼ੁਭਕਰਨ ਦੇ ਪਰਿਵਾਰ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਨਾਲ ਹੀ ਉਸ ਦੇ ਪਰਿਵਾਰ ਦਾ ਜੋ ਵੀ ਕਰਜ਼ਾ ਹੈ, ਉਹ ਮਾਫ਼ ਕੀਤਾ ਜਾਵੇ। ਕਿਸਾਨ ਆਗੂਆਂ ਨੇ ਸ਼ੁਭਕਰਨ ਦੀ ਇੱਕ ਭੈਣ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਰ ਸ਼ਾਮ ਜਾਰੀ ਇੱਕ ਵੀਡੀਓ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ੁਭਕਰਨ ਦੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਏਗੀ। ਉਹ ਕਿਸਾਨ ਆਪਣੀ ਫ਼ਸਲ ਦਾ ਸਹੀ ਮੁੱਲ ਮੰਗਣ ਲਈ ਸਰਹੱਦ ‘ਤੇ ਆਇਆ ਸੀ।

error: Content is protected !!