ਜਲੰਧਰ ਵੈਸਟ ਤੋਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੀ ਜੋੜੀ ਕਿਉਂ ਪਛੜੀ, ਪੜ੍ਹੋ

ਜਲੰਧਰ ਵੈਸਟ ਤੋਂ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੀ ਜੋੜੀ ਕਿਉਂ ਪਛੜੀ, ਪੜ੍ਹੋ

ਜਲੰਧਰ (ਪਰਮਜੀਤ ਸਿੰਘ ਰੰਗਪੁਰੀ) ਪੂਰੇ ਦੇਸ਼ ‘ਚ ਮੋਦੀ ਲਹਿਰ ਦੇ ਬਾਵਜੂਦ ਪੰਜਾਬ ਵਿਚ ਲੋਕ ਸਭਾ ਚੌਣਾ ਦੇ ਨਤੀਜਿਆਂ ‘ਚ ਕਾਂਗਰਸ ਨੇ ਬਾਜ਼ੀ ਮਾਰ ਲਈ ਹੈ| ਕਾਂਗਰਸ ਦੇ ਵਲੋਂ ਬਾਜ਼ੀ ਮਾਰੇ ਜਾਣ ਤੋਂ ਬਾਅਦ ਹੁਣ ਰਾਜਨੀਤਿਕ ਮਾਹਿਰ ਅਤੇ ਹਾਰੀਆਂ ਪਾਰਟੀ ਦੇ ਸੀਨੀਅਰ ਨੇਤਾ ਹਾਰ ਦੇ ਕਾਰਣ ਤਲਾਸ਼ਣ ‘ਚ ਜੁੱਟ ਗਏ ਹਨ| ਪੰਜਾਬ ਦੇ ਹਲਕਾ ਜਲੰਧਰ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਤ ਦਰਜ ਕਰਦਿਆ ਵਿਰੋਧੀ ਉਮੀਦਵਾਰ ਭਾਜਪਾ ਦੇ ਸੁਸ਼ੀਲ ਰਿੰਕੂ ਨੂੰ ਵੱਡੀ ਹਾਰ ਦਿੱਤੀ। ਚੋਣਾਂ ਦੇ ਆਏ ਨਤੀਜਿਆ ਮੁਤਾਬਕ ਜੇਤੂ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ 390053 ਵੋਟਾਂ ਮਿਲੀਆਂ ਜਦੋਂਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 214060 ਵੋਟਾਂ ਹਾਸਲ ਹੋਈਆਂ।

ਦੱਸਣਯੋਗ ਹੈ ਕਿ ਜਲੰਧਰ ਦੀ ਸੀਟ ‘ਤੇ ਭਾਜਪਾ ਦੇ ਸੁਸ਼ੀਲ ਰਿੰਕੂ, ਇਸ ਤੋਂ ਪਹਿਲਾਂ ਆਪ ਦੇ ਇੱਕੋ ਇੱਕ ਜਨਤਾ ਵਲੋਂ ਚੁਣੇ ਸਾਂਸਦ ਸਨ ਅਤੇ ਪਾਰਟੀ ਨੇ ਉਹਨਾਂ ਨੂੰ ਹੁਣ ਵੀ ਟਿਕਟ ਦੇ ਦਿੱਤੀ ਸੀ| ਬਾਵਜੂਦ ਇਸ ਦੇ ਰਿੰਕੂ ਨੇ ਆਪ ਦਾ ਦਾਮਨ ਛੱਡ ਭਾਜਪਾ ਜੁਆਇਨ ਕਰ ਲਈ ਸੀ| ਇਹੀ ਨਹੀਂ ਜਲੰਧਰ ਵੈਸਟ ਤੋਂ ਸੱਤਾਧਾਰੀ ਪਾਰਟੀ ਦੇ ਮੌਜੂਦਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਭਾਜਪਾ ਜੁਆਇਨ ਕਰ ਲਈ ਸੀ| ਉਹਨਾਂ ਦੋਨਾਂ ਦੇ ਭਾਜਪਾ ਜੁਆਇਨ ਕਰਨ ਤੋਂ ਬਾਅਦ ਲਗਦਾ ਸੀ ਕਿ ਭਾਜਪਾ ਜਲੰਧਰ ‘ਚ ਮਜਬੂਤ ਹੋ ਗਈ ਹੈ| ਪਰ ਨਤੀਜੇ ਆਉਣ ਤੋਂ ਬਾਅਦ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੀ ਜੋੜੀ ਆਪਣੇ ਹਲਕੇ ਜਲੰਧਰ ਵੈਸਟ ਤੋਂ ਹੀ ਪਛੜ ਗਈ|

ਭਾਜਪਾ ਦੇ ਸੀਨੀਅਰ ਨੇਤਾ ਵੀ ਹੈਰਾਨ ਹੈ ਕਿ ਜਲੰਧਰ ਕੇਂਦਰੀ ਅਤੇ ਜਲੰਧਰ ਉੱਤਰੀ ‘ਚ ਤਾਂ ਭਾਜਪਾ ਨੇ ਬਾਜ਼ੀ ਮਾਰ ਲਈ ਪਰ ਜਲੰਧਰ ਵੈਸਟ ਤੋਂ ਭਾਜਪਾ 1557 ਵੋਟਾਂ ਤੋਂ ਪਿਛੇ ਕਿਉਂ ਰਹਿ ਗਈ| ਸ਼ਾਇਦ ਇਸ ਦਾ ਇਕ ਵੱਡਾ ਕਾਰਣ ਇਹ ਵੀ ਹੋ ਸਕਦਾ ਹੈ ਕਿ ਜਲੰਧਰ ਵੈਸਟ ਦੇ ਲੋਕਾਂ ਨੂੰ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੀ ਜੋੜੀ ਪਸੰਦ ਨਹੀਂ ਆਈ| ਕਿਉਂਕਿ ਇਸ ਤੋਂ ਪਹਿਲਾਂ ਜਲੰਧਰ ਵੈਸਟ ‘ਚ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਪੱਕੇ ਵਿਰੋਧੀ ਸਨ| ਪਰ ਲੋਕ ਸਭਾ ਚੌਣਾ ਤੋਂ ਪਹਿਲਾਂ ਦੋਨਾਂ ਨੇ ਭਾਜਪਾ ਜੁਆਇਨ ਕਰ ਲਈ ਸੀ ਅਤੇ ਲੱਗਦਾ ਸੀ ਕਿ ਇਹ ਜੋੜੀ ਕੁਝ ਕਮਾਲ ਕਰ ਦਿਖਾਏਗੀ|

ਦੂਜਾ ਵੱਡਾ ਕਾਰਣ ਜਲੰਧਰ ਵੈਸਟ ‘ਚ ਕਾਂਗਰਸ ਦੇ ਕੈਡਰ ਦਾ ਪਾਰਟੀ ਨੂੰ ਨਹੀਂ ਛੱਡਣਾ| ਕਿਉਂਕਿ ਜਦੋਂ ਸੁਸ਼ੀਲ ਰਿੰਕੂ ਕਾਂਗਰਸ ਛੱਡ ਕੇ ਪਹਿਲਾਂ ਆਪ ਅਤੇ ਬਾਅਦ ਵਿਚ ਭਾਜਪਾ ‘ਚ ਚਲੇ ਗਏ ਸਨ| ਉਸ ਵੇਲੇ ਜਲੰਧਰ ਵੈਸਟ ਵਿਚ ਕਾਂਗਰਸ ਕੋਲ ਕੋਈ ਵੱਡਾ ਲੀਡਰ ਵੀ ਨਹੀਂ ਸੀ| ਪਰ ਬਾਵਜੂਦ ਇਸ ਦੇ ਜਲੰਧਰ ਵੈਸਟ ‘ਚ ਕਾਂਗਰਸ ਦੇ ਕੈਡਰ ਨੇ ਚਰਨਜੀਤ ਸਿੰਘ ਚੰਨੀ ਨੂੰ ਲੀਡ ਦਿਲਾ ਕੇ ਇਹ ਵੀ ਸਿੱਧ ਕੀਤਾ ਕਿ ਇਹ ਕੈਡਰ ਦੀ ਜਿੱਤ ਹੈ|

ਇਹੀ ਨਹੀਂ ਭਾਜਪਾ ਦੀ ਲੀਡਰਸ਼ਿਪ ਲਈ ਜਲੰਧਰ ਲੋਕ ਸਭਾ ਚੌਣ ਹਾਰਨ ਤੋਂ ਬਾਅਦ ਇਕ ਹੋਰ ਵੱਡੀ ਚੁਣੌਤੀ ਸਾਹਮਣੇ ਹੈ| ਪਹਿਲਾਂ ਇਹ ਲੱਗਦਾ ਸੀ ਕਿ ਸੁਸ਼ੀਲ ਰਿੰਕੂ ਦੇ ਜਿੱਤਣ ਤੋਂ ਬਾਅਦ 2027 ਵਿਚ ਵਿਧਾਨ ਸਭਾ ਚੌਣਾ ਵਿਚ ਸ਼ੀਤਲ ਅੰਗੁਰਾਲ ਚੌਣ ਲੜਨਗੇ ਪਰ ਹੁਣ ਭਾਜਪਾ ਕਿਸ ਨੂੰ ਆਪਣਾ ਉਮੀਦਵਾਰ ਬਣਾਏਗੀ ਇਹ ਵੀ ਇਕ ਵੱਡਾ ਸਵਾਲ ਸਾਹਮਣੇ ਹੈ ?

error: Content is protected !!