ਬੱਚੇ ਬਣਾ ਰਹੇ ਸੀ ਸਕੂਲ ਵੈਨ ‘ਚ ਵੀਡੀਓ,ਫਾਰਚੂਨਰ ਵਾਲੀ ਬੀਬੀ ਨੂੰ ਆਇਆ ਗੁੱਸਾ,ਵੀਡੀਓ ਡਿਲੀਟ ਲਈ ਪਿਸਤੌਲ ਲੈ ਚੜ੍ਹ ਗਈ  ਵੈਨ ‘ਚ

ਸਮਰਾਲਾ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਕੂਲ ਵੈਨ ਨੂੰ ਅੱਗੇ ਫਾਰਚਿਊਨਰ ਗੱਡੀ ਲਾ ਕੇ ਇਕ ਮਹਿਲਾ ਨੇ ਰੋਕ ਲਿਆ ਤੇ ਫਿਰ ਪਿਸਤੌਲ ਲੈ ਕੇ ਵੈਨ ਅੰਦਰ ਜਾ ਬੱਚਿਆਂ ਉਤੇ ਤਾਣ ਦਿੱਤੀ। ਬੱਚਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਚੀਕ ਚਿਹਾੜਾ ਪੈ ਗਿਆ। ਇਸ ਦੌਰਾਨ ਮਹਿਲਾ ਨੇ ਬੱਚਿਆਂ ਨੂੰ ਧਮਕੀ ਵੀ ਦਿੱਤੀ। ਫਿਲਹਾਲ ਇਹ ਸਾਰਾ ਮਾਮਲਾ ਪੁਲਿਸ ਤਕ ਪਹੁੰਚ ਚੁੱਕਾ ਹੈ। ਜਾਣਕਾਰੀ ਮੁਤਾਬਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਸਵਾਤੀ ਘਈ ਨੇ ਦੱਸਿਆ ਕਿ ਸਕੂਲ ਵੈਨ ਸਵੇਰ ਦੇ ਸਮੇਂ ਬੱਚਿਆਂ ਨੂੰ ਸਕੂਲ ਲਿਆ ਰਹੀ ਸੀ। ਇਸ ਦੌਰਾਨ ਵੈਨ ‘ਚ 14 ਵਿਦਿਆਰਥੀ ਮੌਜੂਦ ਸਨ।

ਇਹ ਵੈਨ ਜਦੋਂ ਸਮਰਾਲਾ ਬਾਈਪਾਸ ਸਕੂਲ ਨੇੜੇ ਪੁੱਜਣ ਵਾਲੀ ਸੀ ਤਾਂ ਇਕ ਫਾਰਚਿਊਨਰ ਗੱਡੀ ਵੈਨ ਮੂਹਰੇ ਆ ਕੇ ਖੜ੍ਹੀ ਹੋ ਗਈ ਅਤੇ ਵੈਨ ਨੂੰ ਰੋਕ ਲਿਆ। ਗੱਡੀ ‘ਚੋਂ ਇਕ ਮਹਿਲਾ ਉਤਰੀ, ਜਿਸ ਦੇ ਹੱਥ ‘ਚ ਪਿਸਤੌਲ ਸੀ। ਉਹ ਸਕੂਲ ਵੈਨ ਅੰਦਰ ਵੜੀ ਅਤੇ ਬੱਚਿਆਂ ਨੂੰ ਪਿਸਤੌਲ ਨਾਲ ਡਰਾਉਂਦੇ ਹੋਏ ਕਹਿਣ ਲੱਗੀ ਕਿ ਜਿਹੜੀ ਵੀਡੀਓ ਤੁਸੀਂ ਬਣਾ ਰਹੇ ਹੋ, ਉਸ ਨੂੰ ਤੁਰੰਤ ਡਿਲੀਟ ਕਰੋ। ਇਸ ਦੌਰਾਨ ਵੈਨ ਅੰਦਰ ਬੈਠੇ ਬੱਚੇ ਬੁਰੀ ਤਰ੍ਹਾਂ ਸਹਿਮ ਗਏ। ਦਰਅਸਲ ਕੁੱਝ ਵਿਦਿਆਰਥੀ ਆਪਸ ‘ਚ ਹਾਸਾ-ਮਖ਼ੌਲ ਕਰਦੇ ਹੋਏ ਫਾਰਚਿਊਨਰ ਗੱਡੀ ਦੀ ਵੀਡੀਓ ਬਣਾ ਰਹੇ ਸੀ, ਜਿਸ ਤੋਂ ਗੱਡੀ ਚਲਾ ਰਹੀ ਔਰਤ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਵੈਨ ਅੰਦਰ ਵੜ ਕੇ ਪਿਸਤੌਲ ਨਾਲ ਬੱਚਿਆਂ ਨੂੰ ਬੁਰੀ ਤਰ੍ਹਾਂ ਡਰਾਇਆ।

ਜਦੋਂ ਸਕੂਲ ਪ੍ਰਿੰਸੀਪਲ ਤੋਂ ਪੁੱਛਿਆ ਗਿਆ ਕਿ ਸਕੂਲ ‘ਚ ਬੱਚਿਆਂ ਵਲੋਂ ਮੋਬਾਈਲ ਲੈ ਕੇ ਆਉਣ ਦੀ ਮਨਜ਼ੂਰੀ ਹੈ ਤਾਂ ਉਨ੍ਹਾਂ ਕਿਹਾ ਕਿ ਸਕੂਲ ਲੱਗਣ ਤੋਂ ਪਹਿਲਾਂ ਮੋਬਾਈਲ ਜਮ੍ਹਾਂ ਕਰਵਾ ਲਏ ਜਾਂਦੇ ਹਨ ਪਰ ਸਕੂਲ ਛੱਡਣ ਸਮੇਂ ਵਿਦਿਆਰਥੀਆਂ ਨੂੰ ਵਾਪਸ ਦੇ ਦਿੱਤੇ ਜਾਂਦੇ ਹਨ ਕਿਉਂਕਿ ਮਾਪੇ ਕਹਿੰਦੇ ਹਨ ਕਿ ਜਦੋਂ ਬੱਚਾ ਸਕੂਲ ਤੋਂ ਨਿਕਲਦਾ ਹੈ ਤਾਂ ਉਨ੍ਹਾਂ ਨੂੰ ਬੱਚਿਆਂ ਦੀ ਫ਼ਿਕਰ ਹੁੰਦੀ ਹੈ, ਇਸ ਲਈ ਬੱਚਿਆਂ ਨੂੰ ਸਕੂਲ ਅੰਦਰ ਮੋਬਾਈਲ ਲਿਜਾਣ ਦਿੱਤੇ ਜਾਣ।ਫਿਲਹਾਲ ਸਕੂਲ ਪ੍ਰਸ਼ਾਸਨ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੀ ਔਰਤ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।


ਇਸ ਸਬੰਧੀ ਥਾਣਾ ਮੁਖੀ ਦਵਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਸ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ ਅਤੇ ਬਣਦੀ ਤਫ਼ਤੀਸ਼ ਮਗਰੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਦਿੱਤੀ ਦਰਖ਼ਾਸਤ ‘ਚ ਇਨਡੈਵਰ ਗੱਡੀ ਦਾ ਜ਼ਿਕਰ ਕੀਤਾ ਗਿਆ ਹੈ ਪਰ ਹੁਣ ਉਨ੍ਹਾਂ ਵਲੋਂ ਫਾਰਚਿਊਨਰ ਗੱਡੀ ਦੇ ਬਿਆਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਗੱਡੀ ਨੂੰ ਟਰੇਸ ਕਰ ਕੇ ਅਣਪਛਾਤੀ ਔਰਤ ਦੀ ਭਾਲ ਕੀਤੀ ਜਾਵੇਗੀ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ।

error: Content is protected !!