40 ਦਿਨਾਂ ਦੀ ਬੱਚੀ ਅਤੇ ਉਸਦੇ ਭਰਾ ਨੇ ਦਿੱਤੀ ਮੌ+ਤ ਨੂੰ ਮਾਤ, ਬਚਾਉਂਣ ਲਈ ਛੱਤ ਨਾਲ ਚਿਪਕੀ ਰਹੀ ਮਾਂ, 6 ਲੋਕ ਰੁੜੇ

ਵਾਇਨਾਡ ‘ਚ ਜ਼ਮੀਨ ਖਿਸਕਣ ਤੋਂ ਬਾਅਦ ਫੌਜ ਵੱਲੋਂ ਬਚਾਅ ਕਾਰਜ ਜਾਰੀ ਹੈ। ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ 300 ਤੋਂ ਵੱਧ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ ਅਤੇ 200 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਇਸ ਤਬਾਹੀ ਤੋਂ ਬਾਅਦ ਸੈਂਕੜੇ ਲੋਕ ਅਜੇ ਵੀ ਲਾਪਤਾ ਹਨ।


ਵਾਇਨਾਡ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਨੇ ਜਿਥੇ ਸੈਂਕੜੇ ਲੋਕਾਂ ਦੀ ਜਾਨ ਲੈ ਲਈ। ਉਥੇ ਹੀ ਇਸ ਹਾਦਸੇ ‘ਚ 40 ਦਿਨਾਂ ਦੀ ਬੱਚੀ ਅਤੇ ਉਸ ਦਾ 6 ਸਾਲਾ ਭਰਾ ਜਿੰਦਗੀ ਦੀ ਲੜਾਈ ਲੜਦੇ ਰਹੇ। ਦੋਵਾਂ ਨੂੰ ਬਚਾਅ ਟੀਮ ਨੇ ਸੁਰੱਖਿਅਤ ਬਾਹਰ ਕੱਢ ਲਿਆ ਹੈ। ਬਚਾਅ ਟੀਮ ਮੁਤਾਬਕ ਅਨਾਰਾ ਅਤੇ ਹਯਾਨ ਨੂੰ ਬਚਾਉਣ ਲਈ ਉਨ੍ਹਾਂ ਦੀ ਮਾਂ ਤੰਜੀਰਾ ਇਕ ਘਰ ਦੀ ਛੱਤ ਨਾਲ ਚਿਪਕੀ ਰਹੀ।


ਜਾਣਕਾਰੀ ਅਨੁਸਾਰ ਇਨ੍ਹਾਂ ਦੋਵਾਂ ਬੱਚਿਆਂ ਦੇ ਪਰਿਵਾਰ ਦੇ ਛੇ ਮੈਂਬਰ ਹੜ੍ਹ ਦੇ ਪਾਣੀ ‘ਚ ਰੁੜ੍ਹ ਗਏ ਪਰ ਕਿਸੇ ਚਮਤਕਾਰ ਨਾਲ ਇਹ ਦੋਵੇਂ ਬੱਚੇ ਬਚ ਗਏ। ਇਨ੍ਹਾਂ ਦੀ ਮਾਂ ਤੰਜੀਰਾ ਨੇ ਆਪਣੀ ਜਾਨ ਖਤਰੇ ਵਿਚ ਪਾ ਕੇ ਬੱਚੀ ਅਨਾਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹ ਨੇੜੇ ਦੀ ਛੱਤ ‘ਤੇ ਚੜ੍ਹ ਗਈ ਸੀ, ਜਿਸ ਤੋਂ ਬਾਅਦ ਮਾਂ ਨੇ ਕਿਸੇ ਤਰ੍ਹਾਂ ਬੱਚੀ ਦਾ ਹੱਥ ਫੜ ਰੱਖਿਆ। ਬਾਅਦ ਵਿੱਚ ਬਚਾਅ ਟੀਮ ਨੇ ਬੱਚੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਹਾਲਾਂਕਿ ਬੱਚੀ ਦੇ ਹੱਥ ‘ਤੇ ਸੱਟ ਲੱਗ ਗਈ।


ਛੇ ਸਾਲ ਦਾ ਹਯਾਨ ਵੀ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ‘ਚ ਆ ਗਿਆ ਪਰ ਹਯਾਨ 100 ਮੀਟਰ ਦੂਰ ਇਕ ਖੂਹ ਦੇ ਕੋਲ ਲੰਘਦੀ ਤਾਰ ਦੇ ਸਹਾਰੇ ਲਟਕਦਾ ਰਿਹਾ। ਬਚਾਅ ਟੀਮ ਨੇ ਉਸ ਨੂੰ ਬਚਾ ਲਿਆ। ਦੋਵਾਂ ਬੱਚਿਆਂ ਨੂੰ ਸੁਰੱਖਿਅਤ ਦੇਖ ਕੇ ਮਾਂ ਤੰਜੀਰਾ ਲਈ ਜ਼ਿੰਦਗੀ ਜਿਊਣ ਦੀਆਂ ਦੋ ਉਮੀਦਾਂ ਬੱਝ ਗਈਆਂ ਹਨ। ਆਪਣੀ ਸਿਆਣਪ ਸਦਕਾ ਉਹ ਆਪਣੇ ਬੱਚਿਆਂ ਨੂੰ ਬਚਾਉਣ ਵਿੱਚ ਕਾਮਯਾਬ ਰਹੀ।

error: Content is protected !!