ਸ੍ਰੀ ਅਕਾਲ ਤਖਤ ਸਾਹਿਬ ‘ਤੇ ਨਿਸ਼ਾਨ ਸਾਹਿਬ ਦੇ ਬਦਲੇ ਪੁਸ਼ਾਕੇ, ਕੇਸਰੀ ਦੀ ਜਗ੍ਹਾ ਬਸੰਤੀ ਰੰਗ ਦੇ ਝੂਲਣਗੇ ਨਿਸ਼ਾਨ ਸਾਹਿਬ

ਸ੍ਰੀ ਅਕਾਲ ਤਖਤ ਸਾਹਿਬ ‘ਤੇ ਨਿਸ਼ਾਨ ਸਾਹਿਬ ਦੇ ਬਦਲੇ ਪੁਸ਼ਾਕੇ, ਕੇਸਰੀ ਦੀ ਜਗ੍ਹਾ ਬਸੰਤੀ ਰੰਗ ਦੇ ਝੂਲਣਗੇ ਨਿਸ਼ਾਨ ਸਾਹਿਬ


ਅੰਮ੍ਰਿਤਸਰ (ਵੀਓਪੀ ਬਿਊਰੋ) ਨਿਸ਼ਾਨ ਸਾਹਿਬ ਨੂੰ ਲੈ ਕੇ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੱਡਾ ਫੈਸਲਾ ਲਿਆ ਸੀ। ਇਸ ਫੈਸਲੇ ਮੁਤਾਬਕ SGPC ਨੇ ਹੁਕਮ ਜਾਰੀ ਕਰਦਿਆਂ ਕਿਹਾ ਸੀ ਕਿ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਹੁਣ ਭਗਵਾ ਨਹੀਂ ਹੋਵੇਗਾ, ਸਗੋਂ ਭਗਵਾ ਰੰਗ ਹਟਾ ਕੇ ਹੁਣ ਬਸੰਤੀ ਰੰਗ ਦੇ ਪੁਸ਼ਾਕੇ ਪਹਿਨਾਏ ਜਾਣਗੇ। ਇਸੇ ਫੈਸਲੇ ‘ਤੇ ਜਥੇਦਾਰ ਸਾਹਿਬ ਨੇ ਵੀ ਸਹਿਮਤੀ ਜਤਾਈ ਸੀ ਅਤੇ ਪੰਜ ਸਿੰਘ ਸਾਹਿਬਾਨਾਂ ਵੱਲੋਂ ਜਾਰੀ ਕੀਤੇ ਹੁਕਮਾਂ ਦੇ ਮੁਤਾਬਕ ਅੱਜ ਸ੍ਰੀ ਅਕਾਲ ਤਖਤ ਸਾਹਿਬ ‘ਤੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਪੁਸ਼ਾਕੇ ਬਸੰਤੀ ਰੰਗ ਵਿੱਚ ਬਦਲ ਦਿੱਤੇ ਗਏ।

ਅੱਜ ਸਵੇਰੇ 9 ਵਜੇ ਦੇ ਕਰੀਬ ਸੇਵਾਦਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬਾਨ ਦੇ ਪੁਸ਼ਾਕੇ ਬਸੰਤੀ ਰੰਗ ਵਿੱਚ ਬਦਲ ਦਿੱਤੇ ਹਨ। ਬਸੰਤੀ ਰੰਗ ਦੀ ਪੁਸ਼ਾਕ ਚੜ੍ਹਾਉਣ ਦੀ ਸੇਵਾ ਅਰਦਾਸ ਉਪਰੰਤ ਅਰੰਭ ਹੋਈ। ਹੁਣ ਪੰਜ ਸਿੰਘ ਸਾਹਿਬਾਨਾਂ ਦੇ ਹੁਕਮਾਂ ਤੋਂ ਬਾਅਦ ਲਏ ਗਏ ਫੈਸਲੇ ਮੁਤਾਬਕ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਕੇਸਰੀ ਰੰਗ ਦੀ ਥਾਂ ਬਸੰਤੀ ਰੰਗ ਵਿੱਚ ਦਿਖਾਈ ਦੇਣਗੇ।

ਇਹ ਫੈਸਲਾ ਪੰਜ ਸਿੰਘ ਸਾਹਿਬਾਨ ਵੱਲੋਂ 15 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ ਸੀ। ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਸੰਗਤਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰਨ ਲਈ ਕਿਹਾ ਗਿਆ ਸੀ।

ਇਸ ਤੋਂ ਬਾਅਦ 26 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਇਕ ਸਰਕੂਲਰ ਜਾਰੀ ਕੀਤਾ। ਲਿਖਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਾਪਤ ਸਰਕੂਲਰ ਅਨੁਸਾਰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ ਗਈ। ਨਿਸ਼ਾਨ ਸਾਹਿਬ ਦੇ ਪਹਿਰਾਵੇ ਦੇ ਰੰਗ ਸਬੰਧੀ ਸ਼ਸ਼ੋਪੰਜ ਦੂਰ ਕਰਨ ਲਈ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੀ ਰੌਸ਼ਨੀ ਵਿੱਚ ਸੰਗਤ ਜਾਂ ਪ੍ਰਬੰਧਕਾਂ ਨੂੰ ਜਾਣਕਾਰੀ ਦੇਵੇਗੀ। ਸਿੱਖ ਪਰੰਪਰਾ ਅਨੁਸਾਰ ਨਿਸ਼ਾਨ ਸਾਹਿਬ ਨੂੰ ਗੁਰਦੁਆਰੇ ਵਿਚ ਉੱਚੀ ਥਾਂ ‘ਤੇ ਰੱਖਣਾ ਚਾਹੀਦਾ ਹੈ। ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਜਾਂ ਸੁਰਮਈ ਹੋਣਾ ਚਾਹੀਦਾ ਹੈ।

error: Content is protected !!