ਮੀਂਹ ਬਣਿਆ ਕਾਲ, ਖੇਡ ਰਹੇ ਬੱਚਿਆ ਤੇ ਕੰਧ ਡਿੱਗਣ ਨਾਲ 3 ਦੀ ਮੌਤ, 1 ਦੀ ਹਾਲਤ ਨਾਜ਼ੁਕ

ਹਰਿਆਣਾ ਦੇ ਪੰਚਕੂਲਾ ਦੇ ਪਿੰਡ ਜਸਪੁਰ ਕੋਲ ਸਥਿਤ ਇੱਟਾਂ ਦੇ ਭੱਠੇ ‘ਤੇ ਬੁੱਧਵਾਰ ਨੂੰ ਕੰਧ ਡਿੱਗਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਮਲਬੇ ਹੇਠਾਂ ਦੱਬ ਕੇ 3 ਮਾਸੂਮ ਬੱਚਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲੇ ਬੱਚਿਆਂ ਦੀ ਪਛਾਣ ਮੁਹੰਮਦ ਸ਼ਾਦ ਦੀ ਧੀ 7 ਸਾਲਾ ਰਾਫ਼ੀਆ ਅਤੇ ਨਵਾਬ ਦੇ 2 ਲੜਕੀਆਂ 4 ਸਾਲਾ ਜਿਸ਼ਾਨ ਅਤੇ 2 ਸਾਲਾ ਇਸ਼ਾਨ ਵਜੋਂ ਹੋਈ ਹੈ।

ਇੱਟਾਂ ਦੇ ਭੱਠੇ ਦੀ ਕੰਧ ਮੋਹਲੇਧਾਰ ਮੀਂਹ ਕਾਰਨ ਡਿੱਗ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਲਿਆ। ਤਿੰਨ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਏਪੁਰ ਰਾਣੀ ਦੇ ਹਸਪਤਾਲ ‘ਚ ਰਖਵਾ ਦਿੱਤਾ ਗਿਆ ਹੈ।

ਪੀੜਤ ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰਾਂ ਦਾ ਬੱਚਿਆਂ ਦੀ ਮੌਤ ਦੀ ਖ਼ਬਰ ਸੁਣ ਕੇ ਰੋ-ਰੋ ਕੇ ਬੁਰਾ ਹਾਲ ਹੈ। ਬੱਚਿਆਂ ਦੇ ਮਾਤਾ-ਪਿਤਾ ਪਿਛਲੇ 14 ਸਾਲਾਂ ਤੋਂ ਇੱਟਾਂ ਦੇ ਭੱਠੇ ‘ਤੇ ਕੰਮ ਕਰ ਰਹੇ ਸਨ। ਉਹ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਰਹਿਣ ਵਾਲੇ ਹਨ।

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੱਚੇ ਸ਼ੈੱਡ ਦੇ ਹੇਠਾਂ ਖੇਡ ਰਹੇ ਸਨ, ਉਦੋਂ ਅਚਾਨਕ ਇੱਟਾਂ ਦੇ ਭੱਠੇ ਦੀ ਕੰਧ ਡਿੱਗ ਗਈ, ਜਿਸ ਦੇ ਹੇਠਾਂ 4 ਬੱਚੇ ਦੱਬ ਗਏ। ਜਿਨ੍ਹਾਂ ‘ਚੋਂ 3 ਦੀ ਮੌਤ ਹੋ ਗਈ ਅਤੇ ਇਕ ਨੂੰ ਮਾਮੂਲੀ ਸੱਟਾਂ ਲੱਗੀਆਂ। ਡਾਕਟਰ ਗੌਰਵ ਪ੍ਰਜਾਪਤੀ ਨੇ ਦੱਸਿਆ ਕਿ ਜਦੋਂ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ 2 ਬੱਚਿਆਂ ਦੀ ਮੌਤ ਹੋ ਚੁੱਕੀ ਸੀ ਅਤੇ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਘਟਨਾ ਬਾਰੇ ਇੱਟ-ਭੱਠਾ ਮਾਲਕਾਂ ਤੋਂ ਪੁੱਛ-ਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!