ਲੋਕਾਂ ਨੇ ਕੀਤਾ ਇੰਨਾ ਪਰੇਸ਼ਾਨ, ਸ਼ਖਸ ਨੇ ਖੁਦ ਨੂੰ ਹੀ ਲਗਾ ਲਈ ਅੱਗ

ਲੋਕਾਂ ਨੇ ਕੀਤਾ ਇੰਨਾ ਪਰੇਸ਼ਾਨ, ਸ਼ਖਸ ਨੇ ਖੁਦ ਨੂੰ ਹੀ ਲਗਾ ਲਈ ਅੱਗ

ਵੀਓਪੀ ਬਿਊਰੋ- ਅਬੋਹਰ ‘ਚ ਇਕ ਵਿਅਕਤੀ ਵਲੋਂ ਖੁਦ ਨੂੰ ਅੱਗ ਲਗਾ ਲੈਣ ਦੀ ਘਟਨਾ ਸਾਹਮਣੇ ਆਈ ਹੈ। ਵਿਅਕਤੀ ਨੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਪੀੜਤ ਨੇ ਇਸ ਲਈ ਸਿਆਸੀ ਪਾਰਟੀਆਂ ਦੇ ਆਗੂਆਂ, ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਹੋਰਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਫ਼ਰੀਦਕੋਟ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਪੀੜਤ ਸਦਾ ਲਾਲ (53) ਨੇ ਦੱਸਿਆ ਕਿ ਉਹ ਪਿੰਡ ਰੁਕਨਪੁਰਾ ਖੂਈਖੇੜਾ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਹੈ। ਪਹਿਲਾਂ ਉਹ ਖੂਈਆਂ ਸਰਵਰ ਵਿੱਚ ਬਿਜਲੀ ਬੋਰਡ ਵਿੱਚ ਠੇਕੇ ’ਤੇ ਕੰਮ ਕਰਦਾ ਸੀ। ਫਿਰ ਬਿਜਲੀ ਵਿਭਾਗ ਦੇ ਇੱਕ ਅਧਿਕਾਰੀ ਨੇ ਉਸ ਨੂੰ ਕਿਸੇ ਮਾਮਲੇ ਵਿੱਚ ਫਸਾਇਆ ਅਤੇ ਉਸ ਤੋਂ 8 ਲੱਖ ਰੁਪਏ ਦੀ ਮੰਗ ਕੀਤੀ। ਸਦਾ ਲਾਲ ਨੇ ਦੋਸ਼ ਲਾਇਆ ਕਿ ਅਬੋਹਰ ਦੇ ਦੋ ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਉਕਤ ਅਧਿਕਾਰੀ ਸਮੇਤ ਕੁਝ ਹੋਰ ਵਿਅਕਤੀ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਅਤੇ ਉਸ ਤੋਂ 8 ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਉਸ ਨੇ ਉਕਤ ਵਿਅਕਤੀਆਂ ਦੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਪਰ ਉਸ ਦੀ ਸ਼ਿਕਾਇਤ ਨਹੀਂ ਸੁਣੀ ਗਈ।

ਵੀਰਵਾਰ ਦੁਪਹਿਰ ਨੂੰ ਜਦੋਂ ਉਹ ਖੂਈਆਂ ਸਰਵਰ ਵੱਲ ਜਾ ਰਿਹਾ ਸੀ ਤਾਂ ਰਸਤੇ ‘ਚ ਨਹਿਰ ਦੇ ਨੇੜੇ ਉਸ ਨੂੰ ਉਕਤ ਵਿਅਕਤੀਆਂ ਨੇ ਦੁਬਾਰਾ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ। ਇਸ ਤੋਂ ਬਾਅਦ ਉਸ ਨੇ ਘਰ ਆ ਕੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।

ਅੱਗ ਨਾਲ ਝੁਲਸ ਗਏ ਸਦਾ ਲਾਲ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਇੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਪੀੜਤ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਖੂਈਆਂ ਸਰਵਰ ਥਾਣਾ ਇੰਚਾਰਜ ਸੁਨੀਲ ਕੁਮਾਰ ਨੇ ਸਦਾ ਲਾਲ ਦੇ ਬਿਆਨ ਦਰਜ ਕਰ ਲਏ ਹਨ। ਥਾਣਾ ਇੰਚਾਰਜ ਨੇ ਕਿਹਾ ਕਿ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

error: Content is protected !!