ਘਰਵਾਲੀ ਨੇ ਵਿਆਹ ਸਮਾਗਮ ‘ਚ ਜਾਣ ਤੋਂ ਨਾਹ ਕੀਤੀ ਤਾਂ ਪਤੀ ਨੇ ਕੁੱਟ-ਕੁੱਟ ਜਾਨੋਂ ਮਾਰ’ਤੀ

ਘਰਵਾਲੀ ਨੇ ਵਿਆਹ ਸਮਾਗਮ ‘ਚ ਜਾਣ ਤੋਂ ਨਾਹ ਕੀਤੀ ਤਾਂ ਪਤੀ ਨੇ ਕੁੱਟ-ਕੁੱਟ ਜਾਨੋਂ ਮਾਰ’ਤੀ

ਵੀਓਪੀ ਬਿਊਰੋ – ਲੁਧਿਆਣਾ ‘ਚ ਪਤੀ ਇੰਨਾ ਬੇਰਹਿਮ ਹੋ ਗਿਆ ਕਿ ਪਤਨੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਲੁਧਿਆਣਾ ਤਾਜਪੁਰ ਰੋਡ ‘ਤੇ ਬੁੱਧਵਾਰ ਦੇਰ ਰਾਤ ਦੋਸ਼ੀ ਨੇ ਆਪਣੀ ਪਤਨੀ ਨੂੰ ਬੈਲਟ ਨਾਲ ਇਸ ਹੱਦ ਤੱਕ ਕੁੱਟਿਆ ਕਿ ਉਸ ਦੀ ਜਾਨ ਚਲੀ ਗਈ। ਮੁਲਜ਼ਮ ਨੇ ਪਤਨੀ ਦਾ ਕਤਲ ਇਸ ਲਈ ਕਰ ਦਿੱਤਾ ਕਿਉਂਕਿ ਉਸ ਨੇ ਆਪਣੇ ਪਤੀ ਨਾਲ ਵਿਆਹ ਸਮਾਗਮ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਗੁੱਸੇ ‘ਚ ਆ ਕੇ ਪਤੀ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਪਤਨੀ ਦੀ ਜਾਨ ਲੈ ਲਈ। ਮ੍ਰਿਤਕਾ ਦੀ ਪਛਾਣ ਰੀਨਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਪਤੀ ਗਗਨਦੀਪ ਚੋਪੜਾ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਰੀਨਾ ਨੇ ਨਵਰਾਤਰੀ ਦੌਰਾਨ ਵਰਤ ਰੱਖਿਆ ਸੀ। ਮੁਲਜ਼ਮ ਪਤੀ ਉਸ ਨੂੰ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਕਹਿ ਰਿਹਾ ਸੀ। ਇਸ ‘ਤੇ ਰੀਨਾ ਨੇ ਵਿਆਹ ‘ਚ ਜਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ ‘ਚ ਆ ਕੇ ਦੋਸ਼ੀ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਆਸਪਾਸ ਦੇ ਲੋਕਾਂ ਨੇ ਔਰਤ ਦੇ ਚੀਕਣ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਰੀਨਾ ਦੇ ਮਾਪਿਆਂ ਨੂੰ ਸੂਚਿਤ ਕੀਤਾ। ਉਸ ਦੇ ਮਾਪੇ ਉਸ ਦੇ ਘਰ ਪੁੱਜੇ ਜਿੱਥੇ ਰੀਨਾ ਜ਼ਖ਼ਮੀ ਹਾਲਤ ਵਿੱਚ ਪਈ ਸੀ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਮ੍ਰਿਤਕ ਰੀਨਾ ਦੇ ਭਰਾ ਰਾਜਕੁਮਾਰ ਨੇ ਦੱਸਿਆ ਕਿ ਉਹ ਤਾਜਪੁਰ ਰੋਡ ‘ਤੇ ਰਹਿੰਦਾ ਹੈ। ਉਸ ਦੀ ਭੈਣ ਰੀਨਾ ਦਾ ਵਿਆਹ 12 ਸਾਲ ਪਹਿਲਾਂ ਗਗਨਦੀਪ ਚੋਪੜਾ ਨਾਲ ਹੋਇਆ ਸੀ। ਵਿਆਹ ਦੇ ਦੋ ਸਾਲ ਬਾਅਦ ਹੀ ਉਸ ਦੇ ਸਹੁਰਿਆਂ ਨੇ ਉਸ ਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੁਲਜ਼ਮ ਗਗਨਦੀਪ ਪਹਿਲਾਂ ਵੀ ਕਈ ਵਾਰ ਆਪਣੀ ਭੈਣ ਦੀ ਕੁੱਟਮਾਰ ਕਰਦਾ ਸੀ। ਬੀਤੀ ਰਾਤ ਜਦੋਂ ਗਗਨਦੀਪ ਨੇ ਰੀਨਾ ਨੂੰ ਆਪਣੇ ਬੱਚਿਆਂ ਸਮੇਤ ਵਿਆਹ ਸਮਾਗਮ ਵਿੱਚ ਜਾਣ ਲਈ ਕਿਹਾ ਤਾਂ ਰੀਨਾ ਨੇ ਵਿਆਹ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ। ਰੀਨਾ ਨੇ ਕਿਹਾ ਸੀ ਕਿ ਉਹ ਨਵਰਾਤਰੀ ਦੌਰਾਨ ਵਰਤ ਰੱਖਦੀ ਹੈ, ਜਿਸ ਕਾਰਨ ਉਹ ਵਿਆਹ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕਦੀ। ਵਾਰ-ਵਾਰ ਇਨਕਾਰ ਕਰਨ ‘ਤੇ ਗਗਨਦੀਪ ਗੁੱਸੇ ‘ਚ ਆ ਗਿਆ। ਇਸ ਤੋਂ ਬਾਅਦ ਮੁਲਜ਼ਮਾਂ ਨੇ ਰੀਨਾ ਨੂੰ ਬੈਲਟ ਨਾਲ ਕੁੱਟ ਕੇ ਮਾਰ ਦਿੱਤਾ। ਥਾਣਾ ਡਿਵੀਜ਼ਨ-7 ਦੇ ਐਸਐਚਓ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਗਗਨਦੀਪ ਚੋਪੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

error: Content is protected !!