ਦਿੱਲੀ ‘ਚ ਧਮਾਕੇ ਨਾਲ ਦਹਿਲੇ ਲੋਕ… ਸਕੂਲ ਦੀ ਕੰਧ ਨੇੜੇ ਉੱਡੇ ਪਰਖੱਚੇ

ਦਿੱਲੀ ‘ਚ ਧਮਾਕੇ ਨਾਲ ਦਹਿਲੇ ਲੋਕ… ਸਕੂਲ ਦੀ ਕੰਧ ਨੇੜੇ ਉੱਡੇ ਪਰਖੱਚੇ

ਵੀਓਪੀ ਬਿਊਰੋ – ਦਿੱਲੀ ਦੇ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਸੋਮਵਾਰ ਨੂੰ ਹੋਏ ਧਮਾਕੇ ਨੇ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਇਹ ਧਮਾਕਾ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਸਕੂਲ ਦੀ ਕੰਧ ਨੇੜੇ ਹੋਇਆ, ਜਿਸ ਤੋਂ ਬਾਅਦ ਧੂੰਏਂ ਦੇ ਵੱਡੇ ਗੁਬਾਰ ਉੱਠਦੇ ਵੇਖੇ ਗਏ। ਧਮਾਕੇ ਕਾਰਨ ਸਥਾਨਕ ਲੋਕ ਡਰ ਗਏ ਅਤੇ ਨੇੜੇ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ।

ਰੋਹਿਣੀ ਦੇ ਡੀਸੀਪੀ ਅਮਿਤ ਗੋਇਲ ਨੇ ਦੱਸਿਆ ਕਿ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਮਾਹਿਰਾਂ ਨੂੰ ਬੁਲਾਇਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਧਮਾਕਾ ਕਿਸ ਤਰ੍ਹਾਂ ਦਾ ਸੀ ਅਤੇ ਇਸ ਦਾ ਸਰੋਤ ਕੀ ਹੈ। ਉਨ੍ਹਾਂ ਕਿਹਾ ਕਿ ਮਾਹਿਰਾਂ ਦੀ ਟੀਮ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਸਥਿਤੀ ਸਪੱਸ਼ਟ ਹੋ ਜਾਵੇਗੀ।

ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਫੋਰੈਂਸਿਕ ਸਾਇੰਸ ਲੈਬਾਰਟਰੀ (FSL) ਦੀ ਟੀਮ ਨੂੰ ਮੌਕੇ ‘ਤੇ ਬੁਲਾਇਆ ਹੈ। FSL ਟੀਮ ਜਾਂਚ ਕਰੇਗੀ ਅਤੇ ਪਤਾ ਲਗਾਵੇਗੀ ਕਿ ਇਹ ਕਿਸੇ ਹਮਲੇ ਦਾ ਹਿੱਸਾ ਸੀ ਜਾਂ ਦੁਰਘਟਨਾ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀਆਂ ਕਈ ਟੀਮਾਂ ਵੀ ਮੌਕੇ ‘ਤੇ ਮੌਜੂਦ ਹਨ ਅਤੇ ਮਾਮਲੇ ਦੀ ਜਾਂਚ ‘ਚ ਜੁਟੀਆਂ ਹੋਈਆਂ ਹਨ। ਐਂਟੀ ਟੈਰਰ ਯੂਨਿਟ ਦੇ ਸਹਿਯੋਗ ਨਾਲ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਕਈ ਦੁਕਾਨਾਂ ਸੀਆਰਪੀਐੱਫ ਸਕੂਲ ਦੇ ਨੇੜੇ ਸਥਿਤ ਹਨ, ਇਸ ਲਈ ਮੁੱਢਲੀ ਜਾਂਚ ਵਿੱਚ ਇਹ ਵੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਸਿਲੰਡਰ ਧਮਾਕਾ ਹੋ ਸਕਦਾ ਹੈ। ਹਾਲਾਂਕਿ, ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਧਮਾਕੇ ਦੀ ਤੀਬਰਤਾ ਨੂੰ ਦੇਖਦੇ ਹੋਏ ਇਸ ਨੂੰ ਜ਼ਿਆਦਾ ਤੀਬਰਤਾ ਵਾਲਾ ਧਮਾਕਾ ਮੰਨਿਆ ਜਾ ਰਿਹਾ ਹੈ।

ਦਿੱਲੀ ਪੁਲਿਸ ਦੀ ਟੀਮ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਵਿਸਫੋਟਕ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਜਾਵੇਗੀ। ਸਥਾਨਕ ਪੁਲਿਸ ਇਹ ਕੇਸ ਦਰਜ ਕਰੇਗੀ, ਜਿਸ ਨੂੰ ਬਾਅਦ ਵਿੱਚ ਐਫਐਸਐਲ ਦੀ ਰਿਪੋਰਟ ਆਉਣ ਤੋਂ ਬਾਅਦ ਵਿਸ਼ੇਸ਼ ਯੂਨਿਟ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਇਸ ਘਟਨਾ ਬਾਰੇ ਐਨਐਸਜੀ (ਨੈਸ਼ਨਲ ਸਕਿਉਰਿਟੀ ਗਾਰਡ) ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਟੀਮ ਵੀ ਮੌਕੇ ’ਤੇ ਪਹੁੰਚ ਸਕਦੀ ਹੈ। ਘਟਨਾ ਸਥਾਨ ‘ਤੇ ਚਿੱਟੇ ਪਾਊਡਰ ਵਰਗਾ ਪਦਾਰਥ ਦੇਖਿਆ ਗਿਆ ਹੈ, ਜਿਸ ਨੂੰ ਜਾਂਚ ਲਈ ਲੈ ਲਿਆ ਗਿਆ ਹੈ। ਫਿਲਹਾਲ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਕੇਂਦਰੀ ਏਜੰਸੀਆਂ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਸਕਦੀਆਂ ਹਨ।

error: Content is protected !!