ਕੈਨੇਡਾ ਦੀ PR ਛੱਡਕੇ ਬਣੀ ਪਿੰਡ ਦੀ ਸਰਪੰਚ, ਕੁੜੀ ਨੇ ਵੀ ਜਿੱਤੀ ਪੰਚੀ ਦੀ ਚੋਣ

ਕੈਨੇਡਾ ਦੀ PR ਛੱਡਕੇ ਬਣੀ ਪਿੰਡ ਦੀ ਸਰਪੰਚ, ਕੁੜੀ ਨੇ ਵੀ ਜਿੱਤੀ ਪੰਚੀ ਦੀ ਚੋਣ

ਮੋਗਾ (ਵੀਓਪੀ ਬਿਊਰੋ) ਪੰਚਾਇਤੀ ਚੋਣਾਂ ਨੂੰ ਪੰਜ ਦਿਨ ਬੀਤ ਚੁੱਕੇ ਹਨ। ਸੂਬੇ ਭਰ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਈਆਂ ਸਨ। ਮੋਗਾ ਦੇ ਪਿੰਡ ਘੱਲਕਲਾਂ ਦੀ ਸਰਪੰਚ ਚੋਣ ਜਿੱਤਣ ਵਾਲੀ ਸਰਬਜੀਤ ਕੌਰ ਕੈਨੇਡਾ ਤੋਂ ਪਰਤ ਕੇ ਵਾਪਿਸ ਪਿੰਡ ਆਈ ਹੈ। ਸਰਬਜੀਤ ਕੌਰ ਨੇ ਕੈਨੇਡਾ ਤੋਂ ਵਾਪਸ ਆ ਕੇ ਪੰਚਾਇਤੀ ਚੋਣਾਂ ਵਿਚ ਖੁਦ ਨੂੰ ਉਮੀਦਵਾਰ ਬਣਾਇਆ ਸੀ। ਪਿੰਡ ਦੇ ਲੋਕਾਂ ਨੇ ਵੀ ਉਸ ’ਤੇ ਭਰੋਸਾ ਜਤਾਉਂਦਿਆਂ ਉਸ ਨੂੰ ਸਰਪੰਚ ਦੇ ਅਹੁਦੇ ’ਤੇ ਜਿਤਾ ਦਿੱਤਾ। ਖਾਸ ਗੱਲ ਇਹ ਹੈ ਕਿ ਪੰਚਾਇਤੀ ਚੋਣਾਂ ਵਿੱਚ ਸਰਬਜੀਤ ਕੌਰ ਦੀ ਬੇਟੀ ਰੁਪਿੰਦਰ ਕੌਰ ਮੈਂਬਰ ਪੰਚਾਇਤ ਬਣੀ ਹੈ। ਰੁਪਿੰਦਰ ਕੌਰ ਕਾਨੂੰਨ ਦੀ ਪ੍ਰੈਕਟਿਸ ਕਰ ਰਹੀ ਹੈ। ਲੋਕਾਂ ਨੇ ਚੋਣਾਂ ਵਿੱਚ ਬਹੁਮਤ ਦੇ ਕੇ ਰੁਪਿੰਦਰ ਕੌਰ ਨੂੰ ਪੰਚਾਇਤ ਮੈਂਬਰ ਬਣਾਇਆ ਹੈ।

ਪਿੰਡ ਦੀ ਸਰਪੰਚ ਸਰਬਜੀਤ ਕੌਰ ਅਤੇ ਪੰਚਾਇਤ ਮੈਂਬਰ ਰੁਪਿੰਦਰ ਕੌਰ ਦਾ ਪੂਰੇ ਪਿੰਡ ਵੱਲੋਂ ਐਤਵਾਰ ਨੂੰ ਸਨਮਾਨ ਕੀਤਾ ਗਿਆ। ਦੋਵੇਂ ਮਾਂ-ਧੀ ਨੂੰ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਛੱਡ ਕੇ ਸਾਰੇ ਪਿੰਡ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਮਰਥਨ ਦਿੱਤਾ ਗਿਆ।

ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦਾ ਸਹੁਰਾ ਗੁਰਨਾਮ ਸਿੰਘ 25 ਸਾਲ ਪਹਿਲਾਂ ਪਿੰਡ ਦਾ ਸਰਪੰਚ ਬਣਿਆ ਸੀ। ਉਨ੍ਹਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਵੱਡਾ ਯੋਗਦਾਨ ਪਾਇਆ। ਇਸ ਵਾਰ ਪਿੰਡ ਦੇ ਲੋਕਾਂ ਨੇ ਮੈਨੂੰ ਸਰਪੰਚ ਅਤੇ ਮੇਰੀ ਬੇਟੀ ਨੂੰ (ਪੰਚ) ਪੰਚਾਇਤ ਮੈਂਬਰ ਬਣਾਇਆ ਹੈ। ਅਸੀਂ ਦੋਵੇਂ ਮਾਂ-ਧੀ, ਪਿੰਡ ਵਾਸੀਆਂ ਦੀਆਂ ਉਮੀਦਾਂ ‘ਤੇ ਖਰੇ ਉਤਰਾਂਗੇ।

ਸਰਬਜੀਤ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਕੈਨੇਡਾ ਰਹਿੰਦੀ ਸੀ, ਪਰ ਉਸ ਨੇ ਇਸ ਵਾਰ ਪੰਚਾਇਤੀ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਕਿਉਂਕਿ ਪਿੰਡ ਵਿੱਚ ਵਿਕਾਸ ਕਾਰਜ ਤਾਂ ਹੋਏ ਹਨ, ਪਰ ਨਸ਼ਾ ਬਹੁਤ ਵਧ ਗਿਆ ਹੈ। ਨੌਜਵਾਨ ਪੀੜ੍ਹੀ ਨਸ਼ਿਆਂ ਕਾਰਨ ਤਬਾਹ ਹੋ ਰਹੀ ਹੈ। ਮੇਰਾ ਪਹਿਲਾ ਕੰਮ ਪਿੰਡ ਨੂੰ ਨਸ਼ਾ ਮੁਕਤ ਕਰਨਾ ਅਤੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣਾ ਹੈ। ਪਿੰਡ ਵਿੱਚ ਹੀ ਨਸ਼ਾ ਛੁਡਾਊ ਕੇਂਦਰ ਬਣਾਇਆ ਜਾਵੇਗਾ, ਉਨ੍ਹਾਂ ਦਾ ਇਲਾਜ਼ ਕਰਵਾਇਆ ਜਾਵੇਗਾ ਅਤੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵੇਚਣ ਦਿੱਤਾ ਜਾਵੇਗਾ।

ਸਰਬਜੀਤ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਪਾਣੀ ਵਾਲੀ ਟੈਂਕੀ ਹੈ ਜੋ ਬਹੁਤ ਪੁਰਾਣੀ ਹੈ। ਪੁਰਾਣੀ ਟੈਂਕੀ ਦੀ ਥਾਂ ’ਤੇ ਨਵੀਂ ਟੈਂਕੀ ਬਣਾਈ ਜਾਵੇਗੀ ਅਤੇ ਪਿੰਡ ਵਿੱਚ ਕੋਈ ਪਸ਼ੂ ਹਸਪਤਾਲ ਨਹੀਂ ਹੈ। ਇਸ ਲਈ ਇੱਥੇ ਪਸ਼ੂ ਹਸਪਤਾਲ ਵੀ ਬਣਾਇਆ ਜਾਵੇਗਾ। ਪਿੰਡ ਵਿੱਚ ਸਟੇਡੀਅਮ ਬਣਾ ਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਾਂਗੇ ਤਾਂ ਜੋ ਉਹ ਨਸ਼ਿਆਂ ਵੱਲ ਨਾ ਮੁੜਨ। ਇਸ ਮੌਕੇ ਲੋਕਾਂ ਨੇ ਪਿੰਡ ਦੇ ਸਰਪੰਚ ਅਤੇ ਸਮੂਹ ਪੰਚਾਇਤ ਮੈਂਬਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨ ਕੀਤਾ।

error: Content is protected !!