ਸਿੱਖ ਤਾਲਮੇਲ ਕਮੇਟੀ ਵੱਲੋਂ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਵਿਸ਼ੇਸ਼ ਸਨਮਾਨ 

ਸਿੱਖ ਤਾਲਮੇਲ ਕਮੇਟੀ ਵੱਲੋਂ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਵਿਸ਼ੇਸ਼ ਸਨਮਾਨ

ਜਲੰਧਰ (ਵੀਓਪੀ ਬਿਊਰੋ) – ਅੱਜ ਜਲੰਧਰ ਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਸਿੱਖ ਤਾਲਮੇਲ ਕਮੇਟੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਪੰਥਕ ਸੇਵਾਵਾਂ ਪ੍ਰਤੀ ਸਿਰੋਪਾਉ ਅਤੇ ਸ਼ੀਲਡ ਨਾਲ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਭਾਈ ਤੇਜਿੰਦਰ ਸਿੰਘ ਪ੍ਰਦੇਸੀ, ਭਾਈ ਹਰਪਾਲ ਸਿੰਘ ਚੱਢਾ, ਭਾਈ ਹਰਪ੍ਰੀਤ ਸਿੰਘ ਨੀਟੂ, ਭਾਈ ਸਤਪਾਲ ਸਿੰਘ ਸਿਦਕੀ ਅਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਪ੍ਰਧਾਨ ਭਾਈ ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਦੋ ਕਿਤਾਬਾਂ ਕੌਮ ਦੀ ਝੋਲੀ ਵਿੱਚ ਪਾ ਕੇ ਇਤਿਹਾਸਕ ਕਾਰਜ ਕੀਤਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੋਵੇਗਾ। ਉਹਨਾਂ ਕਿਹਾ ਕਿ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਆਪਣੀਆਂ ਤਕਰੀਰਾਂ ਅਤੇ ਲਿਖਤਾਂ ਰਾਹੀਂ ਸਿੱਖ ਜਵਾਨੀ ਨੂੰ ਹਲੂਣਿਆ ਹੈ ਤੇ ਕੌਮ ਵਿੱਚ ਇੱਕ ਨਵੀਂ ਜਾਗ੍ਰਿਤੀ ਪੈਦਾ ਕੀਤੀ ਹੈ।

ਉਹਨਾਂ ਕਿਹਾ ਕਿ ਭਾਈ ਰਣਜੀਤ ਸਿੰਘ ਨੇ ਪੰਜਾਬ ਦੇ ਹਰ ਪਿੰਡ ਸ਼ਹਿਰ ਵਿੱਚ ਵਿਚਰ ਕੇ, ਸ਼ਹੀਦਾਂ ਦੇ ਘਰਾਂ ਘਰਾਂ ਵਿੱਚ ਜਾ ਕੇ ਤੇ ਦਹਿਲੀਜ਼ਾਂ ਉੱਤੇ ਦੱਬੇ ਦਰਦ ਦਾ ਇਤਿਹਾਸ ਲਿਖ ਕੇ ਅਤੇ ਖ਼ਾਸਕਰ ਅਣਗੌਲੇ ਸ਼ਹੀਦਾਂ ਨੂੰ ਕੌਮ ਦੇ ਸਾਹਮਣੇ ਲਿਆਂਦਾ ਹੈ। ਉਹਨਾਂ ਕਿਹਾ ਕਿ ਭਾਈ ਰਣਜੀਤ ਸਿੰਘ ਦੀਆਂ ਲਿਖੀਆਂ ਕਿਤਾਬਾਂ ਅਤੇ ਹੋਰ ਲਿਖਤਾਂ ਕੌਮ ਲਈ ਇਤਿਹਾਸਕ ਦਸਤਾਵੇਜ਼ ਹਨ ਜੋ ਹਰ ਸਿੱਖ ਨੂੰ ਪੜ੍ਹਨੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਭਾਈ ਰਣਜੀਤ ਸਿੰਘ ਦੀ ਉਮਰ ਭਾਵੇਂ ਛੋਟੀ ਹੈ ਪਰ ਉਸ ਨੇ ਪੰਥ ਦੇ ਵੱਡੇ ਕਾਰਜਾਂ ਨੂੰ ਹੱਥ ਪਾਇਆ ਹੈ ਜਿਸ ਉੱਤੇ ਖ਼ਾਲਸਾ ਪੰਥ ਨੂੰ ਬੇਹੱਦ ਮਾਣ ਹੈ ਤੇ ਇਸ ਨੌਜਵਾਨ ਦਾ ਮਾਣ ਸਨਮਾਨ ਕਰਕੇ ਅਸੀਂ ਫ਼ਖ਼ਰ ਮਹਿਸੂਸ ਕਰ ਰਹੇ ਹਾਂ।

ਇਸ ਮੌਕੇ ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ ਦਾ ਵੀ ਸਿੱਖ ਤਾਲਮੇਲ ਕਮੇਟੀ ਵੱਲੋਂ ਮਾਣ ਸਨਮਾਨ ਕੀਤਾ ਗਿਆ। ਇਸ ਮੌਕੇ ਆਵਾਜ਼-ਏ-ਕੌਮ ਦੇ ਪ੍ਰਧਾਨ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਭਾਈ ਮਨਜੀਤ ਸਿੰਘ ਕਰਤਾਰਪੁਰ, ਭਾਈ ਹਰਜਿੰਦਰ ਸਿੰਘ, ਦਲ ਖ਼ਾਲਸਾ ਦੇ ਆਗੂ ਭਾਈ ਤੇਜਿੰਦਰਪਾਲ ਸਿੰਘ ਹਾਈਜੈਕਰ, ਸਿੱਖ ਯੂਥ ਆਫ਼ ਪੰਜਾਬ ਦੇ ਆਗੂ ਭਾਈ ਮਲਕੀਤ ਸਿੰਘ ਭਿੰਡਰ ਆਦਿ ਹਾਜ਼ਰ ਸਨ।

error: Content is protected !!