ਐੱਸ.ਡੀ.ਓ. ਨੇ ਲੱਖ- 2 ਲੱਖ ਨਹੀਂ ਰਿਸ਼ਵਤ ਲੈਣ ‘ਚ ਮਾਰਿਆ ਵੱਡਾ ਹੱਥ, ਸਾਰੀ ਉਮਰ ਦੀ ਕੀਤੀ ਕਰਾਈ ਪਾਈ ਖੂਹ ‘ਚ

ਐੱਸ.ਡੀ.ਓ. ਨੇ ਲੱਖ- 2 ਲੱਖ ਨਹੀਂ ਰਿਸ਼ਵਤ ਲੈਣ ‘ਚ ਮਾਰਿਆ ਵੱਡਾ ਹੱਥ, ਸਾਰੀ ਉਮਰ ਦੀ ਕੀਤੀ ਕਰਾਈ ਪਾਈ ਖੂਹ ‘ਚ

ਵੀਓਪੀ ਬਿਊਰੋ- ਵਿਜੀਲੈਂਸ ਨੇ ਫ਼ਿਰੋਜ਼ਪੁਰ ਦੇ ਐਸ.ਡੀ.ਓ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਟੀਮ ਨੇ ਸਿੰਚਾਈ (ਨਹਿਰ) ਵਿਭਾਗ ਦੇ ਐੱਸ.ਡੀ.ਓ ਗੁਲਾਬ ਸਿੰਘ ਨੂੰ ਪੰਚਾਇਤੀ ਚੋਣਾਂ ਦੌਰਾਨ 15 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ, ਜਦਕਿ ਖੇਤੀਬਾੜੀ ਵਿਭਾਗ ਦਾ ਸਬ-ਇੰਸਪੈਕਟਰ ਦਵਿੰਦਰ ਸਿੰਘ ਫ਼ਰਾਰ ਹੈ। ਵਿਜੀਲੈਂਸ ਵਿਭਾਗ ਨੇ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

ਵਿਜੀਲੈਂਸ ਅਧਿਕਾਰੀਆਂ ਅਨੁਸਾਰ ਕਥਿਤ ਦੋਸ਼ੀ ਐੱਸ.ਡੀ.ਓ ਗੁਲਾਬ ਸਿੰਘ ਅਤੇ ਸਬ-ਇੰਸਪੈਕਟਰ ਦਵਿੰਦਰ ਸਿੰਘ, ਜੋ ਕਿ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਰਿਟਰਨਿੰਗ ਅਫ਼ਸਰ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਵਜੋਂ ਤਾਇਨਾਤ ਸਨ, ਨੇ ਇੱਕ ਸਰਪੰਚ ਉਮੀਦਵਾਰ ਤੋਂ ਉਕਤ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਇਸ ਮਾਮਲੇ ਦੇ ਮੁੱਖ ਮੁਲਜ਼ਮ ਐੱਸਡੀਓ ਗੁਲਾਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਗੁਰਪ੍ਰੀਤ ਅਨੁਸਾਰ ਘੱਲਖੁਰਦ ਬਲਾਕ ਵਿੱਚ ਰਿਟਰਨਿੰਗ ਅਫ਼ਸਰ ਵਜੋਂ ਤਾਇਨਾਤ ਐੱਸਡੀਓ ਗੁਲਾਬ ਸਿੰਘ ਨੇ 4 ਅਕਤੂਬਰ ਨੂੰ ਸਹਾਇਕ ਰਿਟਰਨਿੰਗ ਅਫ਼ਸਰ ਸਬ ਇੰਸਪੈਕਟਰ ਦਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਉਸ ਤੋਂ 10 ਲੱਖ ਰੁਪਏ ਲਏ ਸਨ। ਇਸ ਤੋਂ ਇਲਾਵਾ 5 ਅਕਤੂਬਰ ਨੂੰ ਗੁਲਾਬ ਸਿੰਘ ਨੇ ਆਪਣੇ ਇੱਕ ਵਿਅਕਤੀ ਨੂੰ ਭੇਜ ਕੇ ਫ਼ਿਰੋਜ਼ਪੁਰ ਦੇ ਬਾਗੀ ਰੋਡ ਨੇੜੇ ਪੈਟਰੋਲ ਪੰਪ ਤੋਂ ਪੰਜ ਲੱਖ ਰੁਪਏ ਹੋਰ ਲੈ ਲਏ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਰਿਸ਼ਵਤ ਲੈਣ ਦੇ ਬਾਵਜੂਦ 6 ਅਕਤੂਬਰ ਨੂੰ ਉਸ ਦੇ ਸਰਪੰਚੀ ਦੇ ਕਾਗਜ਼ ਰੱਦ ਕਰ ਦਿੱਤੇ ਗਏ। ਬਾਅਦ ਵਿੱਚ ਉਕਤ ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਪੈਸੇ ਵਾਪਸ ਕਰਨ ਸਬੰਧੀ ਐਸ.ਡੀ.ਓ ਗੁਲਾਬ ਸਿੰਘ ਨਾਲ ਗੱਲ ਕੀਤੀ ਤਾਂ ਦਵਿੰਦਰ ਸਿੰਘ ਨੇ ਇਹ ਗੱਲ ਆਪਣੇ ਮੋਬਾਈਲ ‘ਤੇ ਰਿਕਾਰਡ ਕਰਕੇ ਸ਼ਿਕਾਇਤਕਰਤਾ ਨੂੰ ਭੇਜ ਦਿੱਤੀ। ਗੁਰਪ੍ਰੀਤ ਨੇ ਸਬੂਤ ਵਜੋਂ ਇਹ ਰਿਕਾਰਡਿੰਗ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਹੈ।

ਅਧਿਕਾਰੀ ਨੇ ਦੱਸਿਆ ਕਿ ਰਿਕਾਰਡਿੰਗ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਗੁਲਾਬ ਸਿੰਘ ਅਤੇ ਦਵਿੰਦਰ ਸਿੰਘ ਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਰਕਮ ਲੈਣ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਦੱਸਿਆ ਕਿ ਇਸ ਤਫ਼ਤੀਸ਼ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਗੁਲਾਬ ਸਿੰਘ ਅਤੇ ਦਵਿੰਦਰ ਸਿੰਘ ਖ਼ਿਲਾਫ਼ ਵਿਜੀਲੈਂਸ ਥਾਣਾ ਫ਼ਿਰੋਜ਼ਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਐਸਡੀਓ ਗੁਲਾਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਦੂਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!