68ਵੀਆਂ ਪੰਜਾਬ ਸਕੂਲ ਖੇਡਾਂ ਜੂਡੋ ਹੋਈਆਂ ਸੰਪੰਨ, ਪਟਿਆਲਾ ਨੇ ਜਿੱਤੀ ਓਵਰ ਆਲ ਟ੍ਰਾਫੀ

ਮੇਜ਼ਬਾਨ ਜਲੰਧਰ ਰਿਹਾ ਦੂਸਰੇ ਨੰਬਰ ‘ਤੇ, ਕਨਵਰਪ੍ਰੀਤ ਕੌਰ ਟੂਰਨਾਮੈਂਟ ਦੀ ਬੈਸਟ ਜੂਡਕੋ ਖਿਡਾਰਨ ਬਣੀ

ਜਲੰਧਰ (ਰੰਗਪੁਰੀ )  68ਵੀਆਂ ਪੰਜਾਬ ਸਕੂਲ ਖੇਡਾਂ ਜੂਡੋ (ਅੰਡਰ-19 ਲੜਕੇ/ਲੜਕੀਆਂ) ਦੇ ਦੂਸਰੇ ਦਿਨ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿੱਚ ਲੜਕੀਆਂ ਦੇ ਮੁਕਾਬਲੇ ਵੇਖਣ ਨੂੰ ਮਿਲੇ। ਅੱਜ ਆਖ਼ਰੀ ਦਿਨ ਦੇ ਮੁੱਖ ਮਹਿਮਾਨ ਵਜੋਂ ਅਮਨਦੀਪ ਕੌਂਡਲ ਜਿਲ੍ਹਾ ਸਪੋਰਟਸ ਕੋਆਰਡੀਨੇਟਰ/ਡੀ.ਐਮ ਸਪੋਰਟਸ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪ੍ਰਿੰਸੀਪਲ ਯੋਗੇਸ਼ ਕੁਮਾਰ ਵੱਲੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਟੂਰਨਾਮੈਂਟ ਨੂੰ ਸਫ਼ਲਤਾਪੂਰਵਕ ਸੰਪੰਨ ਕਰਵਾਉਣ ਲਈ ਕਨਵੀਨਰ ਪ੍ਰਿੰਸੀਪਲ ਸੁਖਦੇਵ ਲਾਲ ਬੱਬਰ, ਸੁਰਿੰਦਰ ਕੁਮਾਰ ਸੂਬਾ ਜਨਰਲ ਸਕੱਤਰ ਜੂਡੋ ਅਤੇ ਸਮੁੱਚੀ ਟੀਮ ਦਾ ਧੰਨਵਾਦ ਕੀਤਾ।

ਮੀਡੀਆ ਇੰਚਾਰਜ ਹਰਜੀਤ ਸਿੰਘ ਅਤੇ ਅਮਰਿੰਦਰਜੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਲੜਕੀਆਂ ਦੇ ਟੂਰਨਾਮੈਂਟ ਦੇ ਆਖ਼ਰੀ ਦਿਨ ਅੰਡਰ-19 ਸਾਲ ਵਰਗ ਵਿੱਚ ਵੱਖ-ਵੱਖ ਭਾਰ ਵਰਗ ਦੇ ਮੈਚ ਕਰਵਾਏ ਗਏ। 57 ਕਿਲੋਗ੍ਰਾਮ ਭਾਰ ਵਰਗ ਵਿੱਚ ਜਲੰਧਰ ਦੀ ਕੋਮਤੀ ਨੇ ਪਹਿਲਾ, ਲੁਧਿਆਣਾ ਦੀ ਦਿਲਪ੍ਰੀਤ ਕੌਰ ਨੇ ਦੂਸਰਾ, ਤਰਨਤਾਰਨ ਦੀ ਸ਼ੁਭਪ੍ਰੀਤ ਕੌਰ ਅਤੇ ਪਟਿਆਲਾ ਦੀ ਤਲਵੀਨ ਕੌਰ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। 63 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੀ ਮਹਿਕ ਰਾਵਤ ਨੇ ਪਹਿਲਾ ਸਥਾਨ, ਮਾਨਸਾ ਦੀ ਕਿਰਨਾ ਕੌਰ ਨੇ ਦੂਸਰਾ, ਮੋਹਾਲੀ ਦੀ ਸੰਜਨਾ ਰਾਣੀ ਅਤੇ ਫਰੀਦਕੋਟ ਦੀ ਹਰਮਨਦੀਪ ਕੌਰ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ -70 ਕਿਲੋਗ੍ਰਾਮ ਭਾਰ ਵਰਗ ਵਿੱਚ ਸੰਗਰੂਰ ਦੀ ਸ਼ਰਨਪ੍ਰੀਤ ਕੌਰ ਨੇ ਪਹਿਲਾ, ਪਟਿਆਲਾ ਦੀ ਸ੍ਰਿਸ਼ਟੀ ਨੇ ਦੂਸਰਾ, ਪਟਿਆਲਾ ਦੀ ਸ਼ਿਵਾਨੀ ਅਤੇ ਮੋਗਾ ਦੀ ਕੁਸ਼ਪ੍ਰੀਤ ਕੌਰ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। +70 ਕਿਲੋਗ੍ਰਾਮ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੀ ਕਨਵਰਪ੍ਰੀਤ ਨੇ ਪਹਿਲਾ, ਪਟਿਆਲਾ ਦੀ ਕ੍ਰਿਸ਼ੀ ਨੇ ਦੂਸਰਾ, ਜਲੰਧਰ ਦੀ ਜੀਆ ਸ਼ਰਮਾ ਅਤੇ ਤਰਨਤਾਰਨ ਦੀ ਕਿਰਨਦੀਪ ਕੌਰ ਨੇ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ। ਪਟਿਆਲਾ ਦੀਆਂ ਖਿਡਾਰਨਾਂ ਨੇ ਅੰਡਰ-19 ਲੜਕੀਆਂ ਦੇ ਮੁਕਾਬਲਿਆਂ ਵਿੱਚ ਓਵਰ ਆਲ ਟ੍ਰਾਫੀ ਜਿੱਤੀ। ਦੂਸਰੇ ਨੰਬਰ ‘ਤੇ ਜਲੰਧਰ ਅਤੇ ਤੀਸਰੇ ਨੰਬਰ ਤੇ ਮਾਨਸਾ ਜਿਲ੍ਹਾ ਦੀ ਟੀਮ ਰਹੀ।

ਸਮਾਪਨ ਸਮਾਰੋਹ ਸਮੇਂ ਡੀ.ਐਮ ਸਪੋਰਟਸ ਅਮਨਦੀਪ ਕੌਂਡਲ, ਪ੍ਰਿੰਸੀਪਲ ਯੋਗੇਸ਼ ਕੁਮਾਰ, ਓਬਜ਼ਰਵਰ ਲੈਕਚਰਾਰ ਸੁਰਿੰਦਰ ਕੁਮਾਰ, ਮੈਡਮ ਨਿਧੀ ਅਤੇ ਹੋਰ ਆਫੀਸ਼ੀਅਲਜ਼ ਵੱਲੋਂ ਜੇਤੂ ਟੀਮਾਂ ਨੂੰ ਓਵਰਆਲ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵਜੋਤ ਸਿੰਘ ਚੰਨਾ ਅੰਤਰਰਾਸ਼ਟਰੀ ਜੂਡੋ ਖਿਡਾਰੀ, ਰਾਸ਼ਟਰੀ ਖਿਡਾਰੀ ਵਿਸ਼ਾਲ ਸ਼ਰਮਾ ਤੇ ਜਸਵਿੰਦਰ ਸਿੰਘ ਐਸਡੀਓ ਵਿਸ਼ੇਸ਼ ਤੌਰ ਤੇ ਖਿਡਾਰਨਾਂ ਨੂੰ ਪ੍ਰੇਰਿਤ ਕਰਨ ਲਈ ਮੌਜੂਦ ਸਨ। ਇਸ ਦੌਰਾਨ ਆਸ਼ਾ ਰਾਣੀ, ਪਵਨ ਕੁਮਾਰੀ, ਸੋਨੀਆ, ਨਿਸ਼ਾ, ਪ੍ਰੀਆ, ਨਰੇਸ਼ ਕੁਮਾਰ, ਸੁਲਿੰਦਰ ਸਿੰਘ ਮੌਜੂਦ ਸਨ। ਟੂਰਨਾਮੈਂਟ ਦੌਰਾਨ ਰਕੇਸ਼ ਕੁਮਾਰ, ਜਸਵਿੰਦਰ ਸਿੰਘ, ਰਾਕੇਸ਼ ਕੁਮਾਰ ਚਿੰਟੂ, ਪਵਨ ਕੁਮਾਰ ਅਤੇ ਸੁਰੇਸ਼ ਕੁਮਾਰ ਵੱਲੋਂ ਬਤੌਰ ਰੈਫਰੀ ਦੀ ਭੂਮਿਕਾ ਨਿਭਾਈ ਗਈ।

ਇਸ ਅੰਤਰ ਜਿਲ੍ਹਾ ਜੂਡੋ ਟੂਰਨਾਮੈਂਟ ਦੀ ਬੈਸਟ ਜੂਡਕੋ ਕਨਵਰਪ੍ਰੀਤ ਕੌਰ ਨੂੰ ਐਲਾਨਿਆ ਗਿਆ ਜੋ ਕਿ ਕਾਮਨਵੈਲਥ ਖੇਡਾਂ, ਸਕੂਲ ਨੈਸ਼ਨਲ ਖੇਡਾਂ ਅਤੇ ਜੂਨੀਅਰ ਏਸ਼ੀਆ ਖੇਡਾਂ ਦੀ ਗੋਲਡ ਮੈਡਲਿਸਟ ਖਿਡਾਰਨ ਹੈ।

error: Content is protected !!