ਲਾਰੈਂਸ ਬਿਸ਼ਨੋਈ ਦੇ ਸ਼ੂਟਰ ਜਾਅਲੀ ‘ਡੌਂਕੀ’ ਮਾਰ ਕੇ ਜਾ ਰਹੇ ਨੇ ਅਮਰੀਕਾ, ਪੰਜਾਬ ਵਿੱਚ ਬਣਾ ਰਹੇ ਦਹਿਸ਼ਤ ਦਾ ਮਾਹੌਲ

ਨਵੀਂ ਦਿੱਲੀ (ਵੀਓਪੀ ਬਿਊਰੋ) ਵਿਦੇਸ਼ਾਂ ਵਿਚ ਰਹਿੰਦੇ ਭਾਰਤੀ ਗੈਂਗਸਟਰਾਂ ਨੇ ਹੁਣ ਇਕ ਨਵਾਂ ਛੁਪਣਗਾਹ ਲੱਭ ਲਿਆ ਹੈ। ਹੁਣ ਤਕ ਜ਼ਿਆਦਾਤਰ ਭਾਰਤੀ ਗੈਂਗਸਟਰ ਕੈਨੇਡਾ ਤੇ ਖਾੜੀ ਦੇਸ਼ਾਂ ’ਚ ਸਰਗਰਮ ਸਨ ਪਰ ਹੁਣ ਉਹ ਅਪਣੇ ਟਿਕਾਣੇ ਬਦਲ ਰਹੇ ਹਨ। ਦੁਬਈ ਤੋਂ ਡਿਪੋਰਟ ਕੀਤੇ ਗਏ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਨੇ ਪੁਲਿਸ ਪੁਛਗਿੱਛ ਦੌਰਾਨ ਖੁਲਾਸਾ ਕੀਤਾ ਹੈ ਕਿ ਅਮਰੀਕਾ ਹੁਣ ਲਾਰੈਂਸ ਬਿਸ਼ਨੋਈ ਗੈਂਗ ਸਮੇਤ ਭਾਰਤ ਤੋਂ ਲੋੜੀਂਦੇ ਅਪਰਾਧੀਆਂ ਦਾ ਨਵਾਂ ਟਿਕਾਣਾ ਬਣ ਰਿਹਾ ਹੈ। ਉਨ੍ਹਾਂ ਦਸਿਆ ਕਿ ਭਾਰਤ ਤੋਂ ਫ਼ਰਾਰ ਹੋਏ ਗੈਂਗਸਟਰ ਫ਼ਰਜ਼ੀ ਪਾਸਪੋਰਟਾਂ ’ਤੇ ਡੌਂਕੀ ਰੂਟ ਰਾਹੀਂ ਅਮਰੀਕਾ ‘ਚ ਦਾਖਲ ਹੋ ਰਹੇ ਹਨ।

ਦਿੱਲੀ ਦੇ ਨਜਫ਼ਗੜ੍ਹ ’ਚ ਦੋਹਰੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਲਾਰੈਂਸ ਗੈਂਗ ਦੇ ਸ਼ਾਰਪ ਸ਼ੂਟਰ ਹਰਸ਼ ਉਰਫ਼ ਚਿੰਟੂ ਨੇ ਪੰਜਾਬ ਦਾ ਜਾਅਲੀ ਪਾਸਪੋਰਟ ਬਣਾਇਆ ਸੀ। ਇਹ ਪਾਸਪੋਰਟ 26 ਮਾਰਚ ਨੂੰ ਪੰਜਾਬ ਦੇ ਜਲੰਧਰ ਤੋਂ ਜਾਰੀ ਕੀਤਾ ਗਿਆ ਸੀ। ਹਰਸ਼ ਦਾ ਨਾਮ ਪਾਸਪੋਰਟ ਵਿਚ ਪ੍ਰਦੀਪ ਕੁਮਾਰ ਲਿਖਿਆ ਗਿਆ ਹੈ। ਹਰਸ਼ ਨੇ ਦਸਿਆ ਕਿ ਅਜਿਹੇ ਕਈ ਹੋਰ ਗੈਂਗਸਟਰ ਵੀ ਅਮਰੀਕਾ ਜਾਣ ਲਈ ਜਾਅਲੀ ਪਾਸਪੋਰਟ ਬਣਵਾ ਰਹੇ ਹਨ।

ਹਰਸ਼ ਨੇ ਪੁਛਗਿੱਛ ਦੌਰਾਨ ਦਸਿਆ ਕਿ ਪਹਿਲਾਂ ਉਸ ਨੂੰ ਪੰਜਾਬ ਦਾ ਜਾਅਲੀ ਪਾਸਪੋਰਟ ਮਿਲਿਆ, ਫਿਰ ਉਸ ਤੋਂ ਬਾਅਦ ਉਹ ਭਾਰਤ ਤੋਂ ਸ਼ਾਰਜਾਹ ਚਲਾ ਗਿਆ। ਸ਼ਾਰਜਾਹ ਤੋਂ ਉਹ ਫਿਰ ਬਾਕੂ ਚਲਾ ਗਿਆ ਤੇ ਇਥੋਂ ਯੂਰਪ ਦੇ ਕਿਸੇ ਦੇਸ਼ ਵਿਚ ਗਿਆ। ਇਸ ਤੋਂ ਬਾਅਦ ਉਸ ਦੀ ਯੋਜਨਾ ਡੌਂਕੀ ਦੇ ਰਸਤੇ ਅਮਰੀਕਾ ਵਿਚ ਦਾਖ਼ਲ ਹੋਣ ਦੀ ਸੀ।

ਗੋਲਡੀ ਬਰਾੜ, ਅਨਮੋਲ ਬਿਸ਼ਨੋਈ, ਰੋਹਿਤ ਗੋਦਾਰਾ, ਮੌਂਟੀ ਮਾਨ, ਪਵਨ ਬਿਸ਼ਨੋਈ ਤੇ ਇਥੋਂ ਤਕ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਵਿਰੋਧੀ ਗਿਰੋਹ ਦੇ ਗੈਂਗਸਟਰ ਹਿਮਾਂਸ਼ੂ ਭਾਊ ਸਮੇਤ ਕਈ ਲੋੜੀਂਦੇ ਅਪਰਾਧੀ, ਜੋ ਇਸ ਸਮੇਂ ਅਮਰੀਕਾ ਵਿਚ ਬੈਠੇ ਹਨ, ਇਹ ਸਾਰੇ ਡੌਂਕੀ ਰੂਟ ਰਾਹੀਂ ਅਮਰੀਕਾ ਪੁੱਜੇ ਸਨ। ਹੁਣ ਅਮਰੀਕਾ ਵਿਚ ਬੈਠੇ ਇਹ ਸਾਰੇ ਗੈਂਗਸਟਰ ਭਾਰਤ ਵਿਚ ਹਿੰਸਕ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਭਾਰਤੀ ਏਜੰਸੀਆਂ ਲਈ ਸਮੱਸਿਆ ਇਹ ਹੈ ਕਿ ਅਮਰੀਕਾ ਕਿਸੇ ਵੀ ਲੋੜੀਂਦੇ ਅਪਰਾਧੀ ਨੂੰ ਆਸਾਨੀ ਨਾਲ ਭਾਰਤ ਨੂੰ ਸੌਂਪਣ ਲਈ ਤਿਆਰ ਨਹੀਂ ਹੈ।

error: Content is protected !!