ਅਹੁਦਾ ਛੱਡਣ ਤੋਂ ਪਹਿਲਾਂ ਬਾਇਡਨ ਨੇ ਅਮਰੀਕਾ ‘ਚ ਵੀਜ਼ਾ ਨਿਯਮਾਂ ’ਚ ਦਿੱਤੀ ਵੱਡੀ ਢਿੱਲ, ਜੇ ਤੁਹਾਨੂੰ ਆਉਂਦਾ ਹੈ ਕੋਈ ਕੰਮ ਤਾਂ ਹੋਵੇਗਾ ਫਾਇਦਾ
ਵਾਸ਼ਿੰਗਟਨ/ ਦਿੱਲੀ (ਵੀਓਪੀ ਬਿਊਰੋ) ਅਹੁਦਾ ਛੱਡਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਵੱਡਾ ਐਲਾਨ ਕੀਤਾ ਹੈ। ਦਰਅਸਲ ਬਾਈਡੇਨ ਦੇ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਦੇ ਨਿਯਮਾਂ ਵਿਚ ਢਿੱਲ ਦਿਤੀ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਲਈ ਵਿਸ਼ੇਸ਼ ਹੁਨਰ ਵਾਲੇ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨਾ ਆਸਾਨ ਹੋ ਜਾਵੇਗਾ ਅਤੇ ਐਫ਼-1 ਵਿਦਿਆਰਥੀ ਵੀਜ਼ਾ ਨੂੰ ਆਸਾਨੀ ਨਾਲ ਐਚ-1ਬੀ ਵੀਜ਼ਾ ’ਚ ਬਦਲਿਆ ਜਾ ਸਕੇਗਾ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਤਕਨਾਲੋਜੀ ਪੇਸ਼ੇਵਰਾਂ ਨੂੰ ਫ਼ਾਇਦਾ ਹੋਣ ਦੀ ਸੰਭਾਵਨਾ ਹੈ। ਸੱਭ ਤੋਂ ਵੱਧ ਮੰਗਿਆ ਜਾਣ ਵਾਲਾ ਐਚ-1ਬੀ ਵੀਜ਼ਾ ਇਕ ਗ਼ੈਰ-ਪ੍ਰਵਾਸੀ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਵਿਚ ਪੇਸ਼ੇਵਰ ਜਾਂ ਤਕਨਾਲੋਜੀ ਦੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ’ਤੇ ਰੱਖਣ ਲਈ ਇਸ ਵੀਜ਼ੇ ’ਤੇ ਨਿਰਭਰ ਕਰਦੀਆਂ ਹਨ।