UK ‘ਚ ਸਿੱਖ ਭੈਣ-ਭਰਾ ਨੂੰ ਦਾਨ ’ਚ ਹੇਰਾਫੇਰੀ ਦੇ ਦੋਸ਼ ਹੇਠ ਹੋਈ ਜੇਲ੍ਹ

UK ‘ਚ ਸਿੱਖ ਭੈਣ-ਭਰਾ ਨੂੰ ਦਾਨ ’ਚ ਹੇਰਾਫੇਰੀ ਦੇ ਦੋਸ਼ ਹੇਠ ਹੋਈ ਜੇਲ੍ਹ

British sikh brother sister got jail donate crime

ਵੀਓਪੀ ਬਿਊਰੋ- ਸਿੱਖ ਯੂਥ ਯੂਕੇ ਗਰੁੱਪ ਨਾਲ ਜੁੜੇ ਬਰਮਿੰਘਮ ਰਹਿੰਦੇ ਭੈਣ ਅਤੇ ਭਰਾ ਨੂੰ ਅਦਾਲਤ ਨੇ ਦਾਨ ਦੀ ਰਕਮ ’ਚ ਧੋਖਾਧੜੀ ਕਰਨ ਦਾ ਦੋਸ਼ੀ ਕਰਾਰ ਦਿੰਦਿਆਂ ਜੇਲ੍ਹ ਦੀ ਸਜ਼ਾ ਸੁਣਾਈ ਹੈ। ਬਰਮਿੰਘਮ ਕ੍ਰਾਊਨ ਅਦਾਲਤ ਨੇ 55 ਸਾਲਾਂ ਦੀ ਰਾਜਬਿੰਦਰ ਕੌਰ ਨੂੰ ਦੋ ਸਾਲ ਅੱਠ ਮਹੀਨੇ ਅਤੇ ਉਸ ਦੇ 43 ਸਾਲਾਂ ਦੇ ਭਰਾ ਕੁਲਦੀਪ ਸਿੰਘ ਲਹਿਲ ਨੂੰ ਚਾਰ ਮਹੀਨੇ ਜੇਲ੍ਹ , 18 ਮਹੀਨਿਆਂ ਲਈ ਮੁਅੱਤਲ ਤੇ 80 ਘੰਟੇ ਸਮਾਜ ਸੇਵਾ ਦੀ ਸਜ਼ਾ ਸੁਣਾਈ ਹੈ। ਦੋਵੇਂ ਭੈਣ-ਭਰਾ ਸਿੱਖ ਯੂਥ ਯੂਕੇ ਗਰੁੱਪ ਚਲਾਉਂਦੇ ਹਨ।

ਉਨ੍ਹਾਂ ’ਤੇ ਮਨੀ ਲਾਂਡਰਿੰਗ ਅਤੇ 50 ਹਜ਼ਾਰ ਪੌਂਡ ਦੀ ਰਕਮ ’ਚ ਹੇਰਾਫੇਰੀ ਦੇ ਛੇ ਮਾਮਲਿਆਂ ਅਤੇ ਯੂਕੇ ਦੇ ਚੈਰਿਟੀਜ਼ ਐਕਟ 2011 ਦੀ ਧਾਰਾ 60 ਤਹਿਤ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ। ਇਹ ਜਾਣਬੁੱਝ ਕੇ ਜਾਂ ਲਾਪ੍ਰਵਾਹੀ ਨਾਲ ਚੈਰਿਟੀ ਕਮਿਸ਼ਨ ਨੂੰ ਗਲਤ ਅਤੇ ਗੁਮਰਾਹਕੁਨ ਜਾਣਕਾਰੀ ਦੇਣ ਨਾਲ ਜੁੜਿਆ ਮਾਮਲਾ ਹੈ। ਸਜ਼ਾ ਸੁਣਾਉਣ ਮਗਰੋਂ ਵੈਸਟ ਮਿਡਲੈਂਡਸ ਪੁਲਿਸ ਦੀ ਸੁਪਰਡੈਂਟ ਐਨੀ ਮਿਲਰ ਨੇ ਕਿਹਾ ਕਿ ਰਾਜਬਿੰਦਰ ਕੌਰ ਨੇ ਬੈਂਕ ’ਚ ਕੰਮ ਕਰਨ ਦੇ ਬਾਵਜੂਦ ਵਿੱਤੀ ਮਾਮਲਿਆਂ ਤੋਂ ਅਣਜਾਣ ਹੋਣ ਦਾ ਦਿਖਾਵਾ ਕੀਤਾ। ਪੁਲਿਸ ਅਧਿਕਾਰੀ ਨੇ ਕਿਹਾ ਕਿ SYUK ਸਪੱਸ਼ਟ ਤੌਰ ’ਤੇ ਉਨ੍ਹਾਂ ਦੇ ਰਹਿਣ-ਸਹਿਣ ਲਈ ਫੰਡ ਜੁਟਾਉਣ ਅਤੇ ਕਰਜ਼ੇ ਦੇ ਭੁਗਤਾਨ ਦਾ ਸਾਧਨ ਸੀ ਪਰ ਸਿੱਧੇ ਤੌਰ ’ਤੇ ਆਖਿਆ ਜਾਵੇ ਤਾਂ ਰਾਜਬਿੰਦਰ ਕੌਰ ਸਥਾਨਕ ਲੋਕਾਂ ਵੱਲੋਂ ਭਲੇ ਕੰਮਾਂ ਲਈ ਦਿੱਤੇ ਗਏ ਦਾਨ ਦੀ ਰਕਮ ਚੋਰੀ ਕਰ ਰਹੀ ਸੀ। SYUK ਦੇ ਕਾਰਕੁਨਾਂ ਨੇ ਦੋਸ਼ ਲਾਇਆ ਸੀ ਕਿ ਗਰੁੱਪ ਖ਼ਿਲਾਫ਼ ਬਦਲਾਖੋਰੀ ਤਹਿਤ ਇਹ ਕਾਰਵਾਈ ਕੀਤੀ ਗਈ ਹੈ।

 

error: Content is protected !!