ਅਬੋਹਰ ਵਿਚ ਇਕ 70 ਸਾਲਾ ਵਿਧਵਾ ਔਰਤ ਨੂੰ ਉਸ ਦੇ ਹੀ ਪੁੱਤਰ ਅਤੇ ਨੂੰਹ ਨੇ ਬੇਰਹਿਮੀ ਨਾਲ ਕੁੱਟਿਆ। ਰਾਮਦੇਵ ਨਗਰ ਦੀ ਰਹਿਣ ਵਾਲੀ ਸ਼ੀਲਾ ਦੇਵੀ, ਜੋ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ, ਨੂੰ ਉਸ ਦੇ ਵੱਡੇ ਪੁੱਤਰ ਅਤੇ ਨੂੰਹ ਮਾਇਆ ਰਾਣੀ ਨੇ ਕਮਰੇ ਵਿੱਚ ਬੰਦ ਕਰ ਕੇ ਕੁੱਟਮਾਰ ਕੀਤੀ।
ਇਹ ਘਟਨਾ 14 ਜਨਵਰੀ ਦੀ ਰਾਤ ਨੂੰ ਵਾਪਰੀ, ਜਦੋਂ ਘਰ ਦੀਆਂ ਵਾਧੂ ਚਾਬੀ ਦੀ ਮੰਗ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਧਾਰਨ ਕਰ ਲਿਆ। ਸ਼ੀਲਾ ਦੇਵੀ ਅਨੁਸਾਰ ਉਸ ਦੀ ਨੂੰਹ ਇੱਕ ਬਿਊਟੀ ਪਾਰਲਰ ਵਿੱਚ ਕੰਮ ਕਰਦੀ ਹੈ ਅਤੇ ਦੇਰ ਨਾਲ ਘਰ ਪਰਤਦੀ ਹੈ। ਘਰ ਦੀ ਸਿਰਫ਼ ਇੱਕ ਚਾਬੀ ਹੋਣ ਕਾਰਨ ਸ਼ੀਲਾ ਦੇਵੀ ਨੂੰ ਅਕਸਰ ਗੁਆਂਢੀਆਂ ਦੇ ਘਰ ਉਡੀਕ ਕਰਨੀ ਪੈਂਦੀ ਸੀ।
ਜਦੋਂ ਉਸ ਨੇ ਹੋਰ ਚਾਬੀ ਦੀ ਮੰਗ ਕੀਤੀ ਤਾਂ ਬੇਟੇ ਅਤੇ ਨੂੰਹ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਕੁੱਟਮਾਰ ਇੰਨੀ ਬੇਰਹਿਮੀ ਨਾਲ ਕੀਤੀ ਗਈ ਕਿ ਪੀੜਤਾ ਦਾ ਪਿਸ਼ਾਬ ਵੀ ਨਿਕਲ ਗਿਆ।
ਔਰਤ ਦੀਆਂ ਚੀਕਾਂ ਸੁਣ ਕੇ ਗੁਆਂਢੀਆਂ ਨੇ ਉਸ ਨੂੰ ਬਚਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।ਫਿਲਹਾਲ ਸ਼ੀਲਾ ਦੇਵੀ ਹਸਪਤਾਲ ‘ਚ ਇਲਾਜ ਅਧੀਨ ਹੈ। ਕੇਸ ਦੇ ਪਿਛੋਕੜ ਵਿੱਚ ਜਾਇਦਾਦ ਦਾ ਵਿਵਾਦ ਵੀ ਹੈ।
ਸ਼ੀਲਾ ਦੇਵੀ ਦੇ ਵੱਡੇ ਬੇਟੇ ਨੇ ਘਰ ਦਾ ਅੱਧਾ ਹਿੱਸਾ ਆਪਣੇ ਛੋਟੇ ਭਰਾ ਨੂੰ ਦੇ ਦਿੱਤਾ ਹੈ, ਜਦਕਿ ਬਾਕੀ ਹਿੱਸੇ ‘ਚ ਉਹ ਖ਼ੁਦ ਆਪਣੀ ਪਤਨੀ ਨਾਲ ਰਹਿੰਦਾ ਹੈ। ਇਸ ਹਿੱਸੇ ਵਿੱਚ ਸ਼ੀਲਾ ਦੇਵੀ ਵੀ ਰਹਿੰਦੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।