ਓਵਰਟੇਕ ਦੇ ਚੱਕਰ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਟਿੱਪਰ ਨਾਲ ਟਕਰਾਈ, 4 ਲੋਕਾਂ ਦੀ ਮੌ+ਤ

ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ਦੇ ਗੰਗਾਸਾਗਰਮ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿੱਥੇ ਇਕ ਨਿਜੀ ਟਰੈਵਲ ਬੱਸ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਿਆਂ ਸੜਕ ਕਿਨਾਰੇ ਖੜੇ ਟਿੱਪਰ ਨਾਲ ਟਕਰਾ ਕੇ ਪਲਟ ਗਈ। ਇਹ ਬੱਸ 40 ਸ਼ਰਧਾਲੂਆਂ ਨੂੰ ਤ੍ਰਿਚੀ ਤੋਂ ਤਿਰੂਪਤੀ ਲੈ ਕੇ ਗਈ ਸੀ। ਇਸ ਹਾਦਸੇ ’ਚ 4 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਇਲਾਕੇ ਦੀ ਆਵਾਜਾਈ ਦੋ ਘੰਟੇ ਤਕ ਠੱਪ ਰਹੀ।

ਇਹ ਹਾਦਸਾ ਰਾਤ ਕਰੀਬ 2 ਵਜੇ ਵਾਪਰਿਆ। ਬੱਸ ’ਚ ਸਵਾਰ ਸ਼ਰਧਾਲੂ ਤਿਰੂਪਤੀ ਤੋਂ ਮੰਦਰ ’ਚ ਪੂਜਾ ਕਰਨ ਤੋਂ ਬਾਅਦ ਵਾਪਸ ਆ ਰਹੇ ਸਨ। ਹਾਦਸੇ ਦੇ ਸਮੇਂ ਬੱਸ ਦੇ ਜ਼ਿਆਦਾਤਰ ਯਾਤਰੀ ਡੂੰਘੀ ਨੀਂਦ ਵਿਚ ਸਨ। ਕੁਝ ਸਮੇਂ ਲਈ ਸਮਝ ਨਹੀਂ ਆ ਰਿਹਾ ਸੀ ਕਿ ਆਖ਼ਰ ਹੋਇਆ ਕੀ ਹੈ। ਇਸ ਤੋਂ ਬਾਅਦ ਕੁਝ ਲੋਕ ਕਿਸੇ ਤਰ੍ਹਾਂ ਐਮਰਜੈਂਸੀ ਦਰਵਾਜ਼ੇ ਰਾਹੀਂ ਬਾਹਰ ਆਏ ਅਤੇ ਅਪਣੇ ਸਾਥੀ ਸਵਾਰਾਂ ਦੀ ਮਦਦ ਕੀਤੀ। ਉਥੋਂ ਲੰਘ ਰਹੇ ਕੁੱਝ ਲੋਕ ਵੀ ਮਦਦ ਲਈ ਅੱਗੇ ਆਏ।

ਸੂਚਨਾ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਸਾਰੇ ਜ਼ਖ਼ਮੀਆਂ ਨੂੰ ਤੁਰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜ਼ਖ਼ਮੀਆਂ ਨੂੰ ਚਿਤੂਰ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਛੇ ਗੰਭੀਰ ਜ਼ਖ਼ਮੀਆਂ ਨੂੰ ਤਿਰੂਪਤੀ ਦੇ ਐਸਵੀਆਈਐਮਐਸ ਹਸਪਤਾਲ ਵਿਚ ਰੈਫ਼ਰ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।

ਜ਼ਿਲ੍ਹਾ ਮੈਜਿਸਟਰੇਟ ਸੁਮਿਤ ਕੁਮਾਰ ਨੇ ਤੁਰਤ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿਤਾ। ਪੁਲਿਸ ਨੇ ਇਹ ਵੀ ਦਸਿਆ ਕਿ ਹਾਦਸੇ ’ਚ ਕੁੱਝ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!