ਫੁੱਲ ਤਾਰਨ ਗਿਆ ਪਰਿਵਾਰ ਹੋਇਆ ਹਾਦਸੇ ਦਾ ਸ਼ਿਕਾਰ, 2 ਦੀ ਹੋਈ ਮੌ+ਤ

ਫਾਜ਼ਿਲਕਾ ਵਿੱਚ ਵਾਪਰੇ ਇੱਕ ਸੜਕ ਹਾਦਸੇ ਨੇ ਇੱਕ ਪਰਿਵਾਰ ਨੂੰ ਤਬਾਹ ਕਰ ਦਿੱਤਾ। ਪਿੰਡ ਲੱਖੇ ਕਾਦੀਆਂ ਨੇੜੇ ਓਵਰਟੇਕ ਕਰਦੇ ਸਮੇਂ ਟਰੱਕ ਅਤੇ ਪਿਕਅਪ ਦੀ ਆਹਮੋ-ਸਾਹਮਣੇ ਹੋਈ ਟੱਕਰ ‘ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਲੋਕ ਜ਼ਖ਼ਮੀ ਹੋ ਗਏ। ਸਾਰੇ ਬਿਆਸ ਦਰਿਆ ਵਿੱਚ ਅਸਥੀਆਂ ਵਿਸਰਜਣ ਲਈ ਜਾ ਰਹੇ ਸਨ।

ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਰਿਵਾਰ ਆਪਣੀ ਮ੍ਰਿਤਕ ਮਾਸੀ ਵਿਦਿਆ ਬਾਈ ਦੀਆਂ ਅਸਥੀਆਂ ਲੈ ਕੇ ਬਿਆਸ ਦਰਿਆ ਵੱਲ ਜਾ ਰਿਹਾ ਸੀ। ਮ੍ਰਿਤਕ ਦਲਬੀਰ ਸਿੰਘ ਦੇ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਉਸ ਦੀ ਮਾਸੀ ਵਿਦਿਆ ਬਾਈ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
ਅੱਜ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ 20 ਦੇ ਕਰੀਬ ਲੋਕ ਇੱਕ ਪਿੱਕਅੱਪ ਵਿੱਚ ਸਵਾਰ ਹੋ ਕੇ ਪਿੰਡ ਮੁਹਾਰ ਸੋਨਾ ਤੋਂ ਬਿਆਸ ਨੂੰ ਅਸਥੀਆਂ ਵਿਸਰਜਣ ਲਈ ਜਾ ਰਹੇ ਸਨ ਕਿ ਪਿੰਡ ਲੱਖੇ ਕਦਾਈਆਂ ਨੇੜੇ ਓਵਰਟੇਕ ਕਰਦੇ ਸਮੇਂ ਇੱਕ 16 ਟਾਇਰਾ ਟਰੱਕ ਨੇ ਪਿੱਕਅੱਪ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਪਿਕਅੱਪ ਸਵਾਰ ਲੋਕਾਂ ‘ਚ ਰੌਲਾ ਪੈ ਗਿਆ।

ਹਾਦਸੇ ਤੋਂ ਬਾਅਦ ਆਸ-ਪਾਸ ਦੇ ਲੋਕ ਅਤੇ ਰਾਹਗੀਰ ਮੌਕੇ ‘ਤੇ ਇਕੱਠੇ ਹੋ ਗਏ। ਇਸ ਹਾਦਸੇ ਵਿੱਚ 50 ਸਾਲਾ ਦਲਬੀਰ ਸਿੰਘ ਅਤੇ 60 ਸਾਲਾ ਰੁਕਾ ਬਾਈ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜ਼ਖ਼ਮੀਆਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

error: Content is protected !!