ਪ੍ਰੇਮੀ ਨਾਲ ਭੱਜਣ ਲਈ ਵਿਆਹੁਤਾ ਨੇ ਲਾਇਆ ਦਿਮਾਗ਼, ਇੰਝ ਰਚੀ ਸਾਜਿਸ਼

ਖੰਨਾ ਦੀ ਕੇਹਰ ਸਿੰਘ ਕਲੋਨੀ ਵਿਚ ਇਕ ਵਿਆਹੁਤਾ ਔਰਤ ਦੇ ਅਗ਼ਵਾ ਹੋਣ ਦੀ ਕਹਾਣੀ ਝੂਠੀ ਨਿਕਲੀ। ਸ਼ਿਵਾਨੀ ਨਾਮ ਦੀ ਇਸ ਕੁੜੀ ਨੇ ਆਪਣੇ ਪ੍ਰੇਮੀ ਨਾਲ ਭੱਜਣ ਦੀ ਇਹ ਸਾਜ਼ਿਸ਼ ਖ਼ੁਦ ਰਚੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਨਾਲ, ਸਾਜ਼ਿਸ਼ ਵਿਚ ਸ਼ਾਮਲ ਤਿੰਨ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਸ਼ਿਵਾਨੀ ਤੇ ਉਸ ਦੇ ਪ੍ਰੇਮੀ ਵਿਸ਼ਾਲ ਠਾਕੁਰ ਨਿਵਾਸੀ ਸ਼ਾਸਤਰੀ ਨਗਰ ਮੰਡੀ ਗੋਬਿੰਦਗੜ੍ਹ, ਵਿਸ਼ਾਲ ਦੇ ਦੋਸਤਾਂ ਸੂਰਜ ਕੁਮਾਰ, ਸਾਹਿਲ ਕੁਮਾਰ ਅਤੇ ਰਾਜਵਿੰਦਰ ਨਿਵਾਸੀ ਸੰਗਤਪੁ\\ਰਾ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 217 ਤਹਿਤ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸ਼ਿਵਾਨੀ ਦਾ ਪਤੀ ਰਾਹੁਲ ਕੁਮਾਰ ਲੁਧਿਆਣਾ ਕੰਮ ’ਤੇ ਗਿਆ ਹੋਇਆ ਸੀ।ਉਸ ਦੇ ਸਹੁਰੇ ਘਰ ਸ਼ਿਵਾਨੀ, ਉਸ ਦੀ ਇਕ ਸਾਲ ਦੀ ਧੀ ਤੇ ਉਸ ਦੀ ਸੱਸ ਸੁਮਨ ਸਨ। 22 ਜਨਵਰੀ ਨੂੰ ਦੁਪਹਿਰ ਲਗਭਗ 2:30 ਵਜੇ, ਇਕ ਕਾਰ ਗਲੀ ਵਿਚ ਆਈ। ਜਿਸ ਵਿਚੋਂ ਇਕ ਨੌਜਵਾਨ ਜਿਸ ਦਾ ਮੂੰਹ ਰੁਮਾਲ ਨਾਲ ਢੱਕਿਆ ਹੋਇਆ ਸੀ, ਸਿੱਧਾ ਉਨ੍ਹਾਂ ਦੇ ਘਰ ਅੰਦਰ ਚਲਾ ਗਿਆ। ਇਕ ਨੌਜਵਾਨ ਬਾਹਰ ਖਿੜਕੀ ਖੋਲ੍ਹ ਕੇ ਖੜ੍ਹਾ ਸੀ। ਇਕ ਪਿਛਲੀ ਸੀਟ ’ਤੇ ਬੈਠਾ ਸੀ।

ਘਰ ਦੇ ਅੰਦਰ ਗਏ ਨੌਜਵਾਨ ਨੇ ਕੁੜੀ ਨੂੰ ਆਪਣੀ ਗੋਦ ਵਿਚ ਚੁੱਕਿਆ, ਸ਼ਿਵਾਨੀ ਨੂੰ ਬਾਂਹ ਤੋਂ ਫੜਿਆ ਅਤੇ ਕਾਰ ਵਿਚ ਸੁੱਟ ਲਿਆ। ਇਸ ਤੋਂ ਬਾਅਦ ਦੋਸ਼ੀ ਭੱਜ ਗਿਆ। ਸ਼ਿਵਾਨੀ ਦੀ ਸੱਸ ਸੁਮਨ ਰੌਲਾ ਪਾਉਂਦੀ ਰਹੀ। ਕਿਸੇ ਨੇ ਕਾਰ ਸਵਾਰਾਂ ਨੂੰ ਨਹੀਂ ਰੋਕਿਆ। ਇਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੰਬਰ 112 ’ਤੇ ਸ਼ਿਕਾਇਤ ਮਿਲੀ ਕਿ ਨੂੰਹ ਅਤੇ ਪੋਤੀ ਨੂੰ ਉਨ੍ਹਾਂ ਦੇ ਘਰੋਂ ਅਗ਼ਵਾ ਕਰ ਲਿਆ ਗਿਆ ਹੈ।

ਜਦੋਂ ਦਿਨ-ਦਿਹਾੜੇ ਅਗ਼ਵਾ ਹੋਣ ਦੀ ਸ਼ਿਕਾਇਤ ਕੰਟਰੋਲ ਰੂਮ ਤਕ ਪਹੁੰਚੀ ਤਾਂ ਹਫ਼ੜਾ-ਦਫ਼ੜੀ ਮਚ ਗਈ। ਐਸਐਸਪੀ ਅਸ਼ਵਨੀ ਗੋਟਿਆਲ ਨੇ ਟੀਮਾਂ ਦਾ ਗਠਨ ਕੀਤਾ। ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਰਵਿੰਦਰ ਕੁਮਾਰ ਦੀ ਟੀਮ ਨੇ ਥੋੜ੍ਹੀ ਦੇਰ ਬਾਅਦ ਮੰਡੀ ਗੋਬਿੰਦਗੜ੍ਹ ਵਿਚ ਗੱਡੀ ਦਾ ਪਤਾ ਲਗਾਇਆ। ਉਥੋਂ ਪਤਾ ਲੱਗਾ ਕਿ ਸ਼ਿਵਾਨੀ ਅਤੇ ਕੁੜੀ ਨੂੰ ਪਿੰਡ ਤੁਰਨ ਦੇ ਇਕ ਘਰ ਵਿਚ ਰੱਖਿਆ ਗਿਆ ਹੈ।

ਇਹ ਕਹਾਣੀ ਉਦੋਂ ਸਾਹਮਣੇ ਆਈ ਜਦੋਂ ਦੋਵਾਂ ਨੂੰ ਉਥੋਂ ਬਰਾਮਦ ਕੀਤਾ ਗਿਆ। ਜਾਂਚ ਤੋਂ ਪਤਾ ਲੱਗਾ ਕਿ ਸ਼ਿਵਾਨੀ ਦਾ ਵਿਸ਼ਾਲ ਠਾਕੁਰ ਨਾਲ ਪ੍ਰੇਮ ਸਬੰਧ ਸੀ। ਉਨ੍ਹਾਂ ਦਾ ਪਿਆਰ 3 ਸਾਲਾਂ ਤੋਂ ਚੱਲ ਰਿਹਾ ਹੈ। ਪਰਿਵਾਰ ਦੇ ਮੈਂਬਰਾਂ ਨੇ ਸ਼ਿਵਾਨੀ ਦੀ ਸਹਿਮਤੀ ਤੋਂ ਬਿਨਾਂ ਉਨ੍ਹਾਂ ਦਾ ਵਿਆਹ ਕਰਵਾਇਆ ਸੀ। ਪਰ ਸ਼ਿਵਾਨੀ ਆਪਣੇ ਪਤੀ ਦੇ ਫ਼ੋਨ ਤੋਂ ਵਿਸ਼ਾਲ ਨਾਲ ਚੋਰੀ-ਛਿਪੇ ਗੱਲ ਕਰਦੀ ਰਹਿੰਦੀ ਸੀ। ਉਸ ਨੇ ਸਹੁਰਿਆਂ ਅਤੇ ਪੁਲਿਸ ਨੂੰ ਗੁੰਮਰਾਹ ਕਰ ਕੇ ਸ਼ਿਵਾਨੀ ਨੂੰ ਚੁੱਕ ਕੇ ਲੈ ਜਾਣ ਦੀ ਸਾਜ਼ਿਸ਼ ਰਚੀ। ਉਹ ਆਪਣੇ ਹੀ ਜਾਲ ਵਿਚ ਫਸ ਗਈ।

error: Content is protected !!