‘ਖੇਡ ਭਾਰਤੀ ਪੰਜਾਬ’ ਦੇ ‘ਸ਼ਾਨ-ਏ-ਪੰਜਾਬ ਟੀ-20 ਕ੍ਰਿਕੇਟ ਕੱਪ’ ਦੇ ਕੁਆਰਟਰ-ਫਾਈਨਲ 27-28 ਫ਼ਰਵਰੀ ਨੂੰ

ਜਲੰਧਰ (ਵੀਓਪੀ ਬਿਊਰੋ)’ਖੇਡ ਭਾਰਤੀ ਪੰਜਾਬ’ ਵੱਲੋਂ ‘ਪੰਜਾਬ ਕ੍ਰਿਕੇਟ ਐਸੋਸੀਏਸ਼ਨ’ ਦੀ ਅਗਵਾਈ ਚ’ ਬਰਲਟਨ ਪਾਰਕ ਵਿਖੇ ਕਰਵਾਏ ਜਾ ਰਹੇ ਪਹਿਲੇ ਟੀ-20 ਕ੍ਰਿਕੇਟ ਟੂਰਨਾਮੈਂਟ ‘ਸ਼ਾਨ-ਏ-ਪੰਜਾਬ ਕੱਪ’ ਦੇ ਤੀਜੇ ਦਿਨ ਪ੍ਰਸਿੱਧ ਉਦਯੋਗਪਤੀ ਰੇਕਸ਼ ਕਪੂਰ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ‘ਖੇਡ ਭਾਰਤੀ ਪੰਜਾਬ’ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਖੇਡਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਇੱਕੋ ਇੱਕ ਸਾਧਨ ਹੈ ਅਤੇ ਖੇਡਾਂ ਮਨੁੱਖ ਦੇ ਸਰੀਰ ਨੂੰ ਮਜ਼ਬੂਤ , ਮਨ ਨੂੰ ਸਥਿਰ ਬਣਾਉਂਦੀਆਂ ਹਨ ਅਤੇ ਜੀਵਨ ਵਿੱਚ ਅਨੁਸ਼ਾਸਨ ਲਿਆਉਂਦੀਆਂ ਹਨ।

ਇਸ ਮੌਕੇ ‘ਖੇਡ ਭਾਰਤੀ ਪੰਜਾਬ’ ਦੇ ਪ੍ਰਧਾਨ ਰਾਣਾ ਅਰਵਿੰਦ ਸਿੰਘ ਅਤੇ ਸੰਯੁਕਤ ਸਕੱਤਰ ਦੀਪਕ ਸ਼ਰਮਾ ਨੇ ਦੱਸਿਆ ਕਿ ਇਸ ਕ੍ਰਿਕੇਟ ਟੂਰਨਾਮੈਂਟ ਵਿੱਚ ਪੰਜਾਬ ਭਰ ਤੋਂ ਕੁੱਲ 16 ਟੀਮਾਂ ਭਾਗ ਲੈ ਰਹੀਆਂ ਹਨ, ਜਿਨ੍ਹਾਂ ਵਿੱਚੋਂ 7 ਵੱਖ-ਵੱਖ ‘ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਦੀਆਂ ਟੀਮਾਂ ਅਤੇ 9 ਕ੍ਰਿਕੇਟ ਕਲੱਬਾਂ ਦੀਆਂ ਟੀਮਾਂ ਸ਼ਾਮਲ ਹਨ। ਇਸ ਕ੍ਰਿਕੇਟ ਟੂਰਨਾਮੈਂਟ ਦਾ ਮੁੱਖ ਉਦੇਸ਼ ‘ਖੇਡ ਭਾਰਤੀ ਪੰਜਾਬ’ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਨਸ਼ਿਆਂ ਖ਼ਿਲਾਫ਼ ਖੜੇ ਸਾਰਾ ਪੰਜਾਬ, ਨਸ਼ਿਆਂ ਖ਼ਿਲਾਫ਼ ਖੇਡ ਭਾਰਤੀ ਪੰਜਾਬ’ ਨੂੰ ਹੁਲਾਰਾ ਦੇਣਾ ਹੈ, ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੇ ਚੁੰਗਲ ਤੋਂ ਦੂਰ ਰੱਖਿਆ ਜਾ ਸਕੇ ਅਤੇ ਉਨ੍ਹਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ ਅਤੇ ਇਸ ਮੁਹਿੰਮ ਵਿੱਚ ‘ਖੇਡ ਭਾਰਤੀ ਪੰਜਾਬ’ ਨੂੰ ‘ਪੰਜਾਬ ਕ੍ਰਿਕੇਟ ਐਸੋਸੀਏਸ਼ਨ’, ‘ਜੇ.ਡੀ.ਸੀ.ਏ.’, ਅਤੇ ‘ਸਿੱਧੂ ਸਪੋਰਟਸ ਮੈਨੇਜਮੈਂਟ’ ਦਾ ਪੂਰਾ ਸਮਰਥਨ ਮਿਲ ਰਿਹਾ ਹੈ।

ਬੁੱਧਵਾਰ ਨੂੰ ਪਹਿਲਾ ਮੈਚ ‘ਨਿੰਬਸ ਕਲੱਬ ਬੁੱਟਰਾਂ’ ਅਤੇ ‘ਹੁਸ਼ਿਆਰਪੁਰ XI’ ਵਿਚਕਾਰ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ‘ਨਿੰਬਸ ਕਲੱਬ ਬੁੱਟਰਾਂ’ ਦੀ ਟੀਮ ਨੇ 10 ਵਿਕਟਾਂ ਗੁਆ ਕੇ 154 ਸਕੋਰ ਬਣਾਏ ਅਤੇ ‘ਹੁਸ਼ਿਆਰਪੁਰ XI’ ਦੇ ਖਿਡਾਰੀਆਂ ਦੀ ਟੀਮ 10 ਵਿਕਟਾਂ ਗੁਆ ਕੇ ਸਿਰਫ਼ 81 ਸਕੋਰ ਹੀ ਬਣਾ ਸਕੀ। ‘ਨਿੰਬਸ ਕਲੱਬ ਬੁੱਟਰਾਂ’ ਦੀ ਟੀਮ ਨੇ 73 ਸਕੋਰ ਨਾਲ ਜਿੱਤ ਹਾਸਲ ਕੀਤੀ ਅਤੇ ਤਰੁਣ ਸਰੀਨ ‘ਮੈਨ ਆਫ਼ ਦ ਮੈਚ’ ਬਣੇ।

ਦੂਜਾ ਮੈਚ ‘ਲਾਈਟਨਿੰਗ ਲੈਜੇਂਡਜ਼ ਚੰਡੀਗੜ੍ਹ’ ਅਤੇ ‘ਮਾਨਸਾ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਵਿਚਕਾਰ ਖੇਡਿਆ ਗਿਆ। ਜਿੱਥੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ‘ਲਾਈਟਨਿੰਗ ਲੈਜੇਂਡਸ ਚੰਡੀਗੜ੍ਹ’ ਦੀ ਟੀਮ ਨੇ 8 ਵਿਕਟਾਂ ਗੁਆ ਕੇ 119 ਸਕੋਰ ਬਣਾਏ। ਓਥੇ ‘ਮਾਨਸਾ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਦੇ ਖਿਡਾਰੀਆਂ ਦੀ ਟੀਮ ਨੇ 4 ਵਿਕਟਾਂ ਗੁਆਉਣ ਤੋਂ ਬਾਅਦ 121 ਸਕੋਰ ਬਣਾਏ। ‘ਮਾਨਸਾ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਦੀ ਟੀਮ 6 ਵਿਕਟਾਂ ਨਾਲ ਜਿੱਤੀ ਅਤੇ ਪੁਖਰਾਜ ਧਾਲੀਵਾਲ ‘ਮੈਨ ਆਫ਼ ਦ ਮੈਚ’ ਬਣੇ।

ਇਸ ਮੌਕੇ ‘ਤੇ ‘ਪੀ.ਸੀ.ਏ.’ ਦੇ ਏਪੈਕਸ ਕੌਂਸਲ ਮੈਂਬਰ ਵਿਕਰਮ ਸਿੱਧੂ, ‘ਖੇਡ ਭਾਰਤੀ ਪੰਜਾਬ’ ਦੇ ਪਬਲਿਕ ਰਿਲੇਸ਼ਨ ਇੰਚਾਰਜ ਮੋਹਿਤ ਚੁੱਘ, ਮੀਡੀਆ ਮੈਨੇਜਮੈਂਟ ਇੰਚਾਰਜ ਸਾਹਿਲ ਚੋਪੜਾ, ਜ਼ਿਲ੍ਹਾ ਪ੍ਰਧਾਨ ਜਤਿਨ ਕਤਿਆਲ, ਸੰਨੀ ਸਹੋਤਾ, ਸਾਹਿਲ ਕਪੂਰ, ਦਿਨੇਸ਼ ਲੂਥਰਾ ਸਮੇਤ ਪੰਜਾਬ ਅਤੇ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।

ਦੱਸ ਦੇਈਏ ਕਿ 27 ਫ਼ਰਵਰੀ ਨੂੰ ਕੁਆਰਟਰ-ਫਾਈਨਲ ਸ਼ੁਰੂ ਹੋ ਰਹੇ ਹਨ ਅਤੇ ਪਹਿਲਾ ਮੈਚ ‘ਨਿੰਬਸ ਕਲੱਬ ਬੁੱਟਰਾਂ’ ਅਤੇ ‘ਮਾਨਸਾ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਵਿਚਕਾਰ ਖੇਡਿਆ ਜਾਵੇਗਾ ਅਤੇ ਦੁਪਹਿਰ ਨੂੰ ਦੂਜਾ ਮੈਚ ‘ਅੰਮ੍ਰਿਤਸਰ ਕ੍ਰਿਕੇਟ ਐਸੋਸੀਏਸ਼ਨ’ ਅਤੇ ‘ਜਲੰਧਰ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਵਿਚਕਾਰ ਖੇਡਿਆ ਜਾਵੇਗਾ।

error: Content is protected !!