ਧਰਨਾ ਲਾਉਣ ਦੀ ਜ਼ਿੱਦ ‘ਤੇ ਅੜੇ ਕਿਸਾਨਾਂ ਦੇ ਘਰ ਪਹੁੰਚੀ ਪੁਲਿਸ, ਛੋਟੇ-ਮੋਟੇ ਆਗੂ ਗ੍ਰਿਫ਼ਤਾਰ, ਵੱਡੇ ਬੱਚ ਕੇ ਨਿਕਲੇ

ਧਰਨਾ ਲਾਉਣ ਦੀ ਜ਼ਿੱਦ ‘ਤੇ ਅੜੇ ਕਿਸਾਨਾਂ ਦੇ ਘਰ ਪਹੁੰਚੀ ਪੁਲਿਸ, ਛੋਟੇ-ਮੋਟੇ ਆਗੂ ਗ੍ਰਿਫ਼ਤਾਰ, ਵੱਡੇ ਬੱਚ ਕੇ ਨਿਕਲੇ

ਚੰਡੀਗੜ੍ਹ (ਵੀਓਪੀ ਬਿਊਰੋ) Punjab, farmer, news ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਪੰਜ ਮਾਰਚ ਤੋਂ ਚੰਡੀਗੜ੍ਹ ਵਿਖੇ ਲੱਗਣ ਵਾਲੇ ਮੋਰਚੇ ਨੂੰ ਫੇਲ੍ਹ ਕਰਨ ਲਈ ਪੰਜਾਬ ਸਰਕਾਰ ਪੱਬਾਂ ਭਾਰ ਹੋ ਗਈ ਹੈ। ਇਸ ਦੌਰਾਨ ਰਾਤ ਭਰ ਕਿਸਾਨ ਆਗੂਆਂ ਦੇ ਘਰਾਂ ‘ਚ ਛਾਪੇ ਮਾਰੇ ਗਏ। ਕੱਲ ਸ਼ਾਮ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲਬਾਤ ਟੁੱਟਣ ਤੋਂ ਬਾਅਦ ਬੁਖਲਾਹਟ ਵਿੱਚ ਆਈ ਪੰਜਾਬ ਸਰਕਾਰ ਵੱਲੋਂ ਮੋਰਚੇ ਨੂੰ ਫੇਲ੍ਹ ਕਰਨ ਲਈ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਲਈ ਪੂਰੇ ਪੰਜਾਬ ਵਿੱਚ ਛਾਪੇਮਾਰੀ ਦੀ ਮੁਹਿੰਮ ਚਲਾਈ ਗਈ।

ਇਸ ਤਹਿਤ ਸੰਗਰੂਰ ਜਿਲ੍ਹੇ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਨੂੰ ਘਰੋਂ ਸਵੇਰੇ 5 ਵਜੇ ਗਿਰਫਤਾਰ ਕੀਤਾ ਗਿਆ, ਇਸੇ ਤਰ੍ਹਾਂ ਜਿਲ੍ਹਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ, ਜੁਝਾਰ ਸਿੰਘ ਬਡਰੁੱਖਾਂ, ਸੁਰਿੰਦਰ ਸਿੰਘ ਛਿੰਦਾ ਲੋਂਗੋਵਾਲ ਦੀ ਗ੍ਰਿਫਤਾਰੀ ਦੀ ਹੁਣ ਤੱਕ ਦੀ ਖਬਰ ਹੈ।

ਇਹਨਾਂ ਤੋਂ ਬਿਨਾਂ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਦੇ ਘਰ ਸਵੇਰੇ 5 ਵਜੇ ਵੱਡੀ ਗਿਣਤੀ ਪੁਲਿਸ ਨੇ ਰੇਡ ਕੀਤੀ ਪਰ ਉਹ ਹੱਥ ਨਹੀਂ ਆਏ। ਇਸੇ ਤਰ੍ਹਾਂ ਬਲਾਕ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਉਬਾਵਾਲ, ਜ਼ਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾਂ ਸਮੇਤ ਕਈ ਆਗੂਆਂ ਦੇ ਘਰਾਂ ਤੇ ਛਾਪੇਮਾਰੀ ਹੋਈ ਪਰ ਉਹ ਹੱਥ ਨਹੀਂ ਆਏ। ਬਲਾਕ ਲੌਂਗੋਵਾਲ ਦੇ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੂੰ ਸਵੇਰੇ ਜਦੋਂ ਪੁਲਿਸ ਨੇ ਘਰੋਂ ਗ੍ਰਿਫਤਾਰ ਕੀਤਾ ਤਾਂ ਇਕੱਠੇ ਹੋ ਕੇ ਲੋਕਾਂ ਨੇ ਭਾਰੀ ਵਿਰੋਧ ਕੀਤਾ ਜਿਸ ਤੋਂ ਬਾਅਦ ਪੁਲਿਸ ਨੂੰ ਮਜਬੂਰੀ ਬੱਸ ਉਹਨਾਂ ਨੂੰ ਛੱਡ ਕੇ ਜਾਣਾ ਪਿਆ।

ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਸ਼ਨ ਸਿੰਘ ਕੁਨਰਾ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਮੁੱਖ ਕਿੱਤਾ ਖੇਤੀਬਾੜੀ ਤੇ ਆਏ ਸੰਕਟ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਉਠਾਏ ਜਾ ਰਹੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਭਗਵੰਤ ਮਾਨ ਸਰਕਾਰ ਜਬਰ ਦਾ ਸਹਾਰਾ ਲੈ ਕੇ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਹੈ। ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਦੀ ਇਸ ਨਾਦਰਸ਼ਾਹੀ ਕਾਰਵਾਈ ਦਾ ਡਟਵਾਂ ਵਿਰੋਧ ਕਰਨਗੇ ਤੇ ਜਵਾਬ ਦੇਣਗੇ। ਆਗੂਆਂ ਨੇ ਕਿਸਾਨਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਲਾਮਬੰਦੀ ਕਰਕੇ ਚੰਡੀਗੜ੍ਹ ਮੋਰਚੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ।

ਇਸੇ ਤਰ੍ਹਾਂ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦੇ ਘਰ ਤੜਕਸਾਰ ਪੁਲਿਸ ਦੀ ਛਾਪੇਮਾਰੀ ਹੋਈ ਪਰ ਇਸ ਦੌਰਾਨ ਜੋਗਿੰਦਰ ਸਿੰਘ ਉਗਰਾਹਾਂ ਘਰ ਵਿੱਚ ਨਹੀਂ ਮਿਲੇ। ਦੱਸ ਦੇਈਏ ਕਿ 5 ਮਾਰਚ ਨੂੰ ਚੰਡੀਗੜ੍ਹ ‘ਚ ਕਿਸਾਨਾਂ ਨੇ ਧਰਨਾ ਲਾਉਣਾ ਹੈ। ਇਸੇ ਨੂੰ ਲੈ ਕੇ ਕੱਲ੍ਹ ਮੀਟਿੰਗ ਕੀਤੀ ਗਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਬੇਸਿੱਟਾ ਰਹੀ। ਅੱਜ ਤੜਕਸਾਰ ਹੀ ਐੱਸਕੇਐੱਮ ਨਾਲ ਸੰਬੰਧਿਤ ਵੱਡੇ ਨੇਤਾਵਾਂ ਦੇ ਘਰ ਪੁਲਿਸ ਦੀ ਛਾਪੇਮਾਰੀ ਜਾਰੀ ਹੈ।

error: Content is protected !!