ਸਰਪੰਚ ਤੇ ਸਾਬਕਾ ਸਰਪੰਚ ਦਾ ਪੈ ਗਿਆ ਪੰਗਾ, ਮੌਕੇ ‘ਤੇ ਬੁਲਾਉਣੀ ਪਈ ਪੁਲਿਸ

ਸਰਪੰਚ ਤੇ ਸਾਬਕਾ ਸਰਪੰਚ ਦਾ ਪੈ ਗਿਆ ਪੰਗਾ, ਮੌਕੇ ‘ਤੇ ਬੁਲਾਉਣੀ ਪਈ ਪੁਲਿਸ

ਗੁਰਦਾਸਪੁਰ (ਵੀਓਪੀ ਬਿਊਰੋ) Punjab, gurdaspur, news ਗੁਰਦਾਸਪੁਰ ਦੇ ਪਿੰਡ ਬੱਬਰੀ ਨੰਗਲ ਵਿੱਚ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ, ਜਦੋਂ ਪਿੰਡ ਦੇ ਇੱਕ ਵਿਅਕਤੀ ਮੱਸਾ ਸਿੰਘ ਜੋ ਕਿ ਕੋਆਪਰੇਟ ਸੋਸਾਇਟੀ ਦੇ ਸਾਬਕਾ ਸੈਕਟਰੀ ਹਨ, ਉਹਨਾਂ ਦੇ ਵੱਲੋਂ ਕੋਆਪਰੇਟ ਸੁਸਾਇਟੀ ਦੀ ਜਗ੍ਹਾ ‘ਤੇ ਆਪਣੀ ਰਿਹਾਇਸ਼ ਲਈ ਕੋਠੀ ਬਣਾਈ ਜਾ ਰਹੀ ਸੀ ਪਰ ਮੌਕੇ ‘ਤੇ ਪਹੁੰਚੇ ਮੌਜੂਦਾ ਸਰਪੰਚ ਹਿੱਤਪਾਲ ਸਿੰਘ ਨੇ ਪੁਲਿਸ ਦੀ ਸਹਾਇਤਾ ਦੇ ਨਾਲ ਕੰਮ ਨੂੰ ਰੁਕਵਾ ਦਿੱਤਾ ਅਤੇ ਪਿੰਡ ਦੇ ਸਰਪੰਚ ਹਿੱਤਪਾਲ ਸਿੰਘ ਨੇ ਆਰੋਪ ਲਗਾਏ ਕਿ ਸਾਬਕਾ ਸਰਪੰਚ ਦੀ ਸ਼ਹਿ ਉੱਪਰ ਸਾਬਕਾ ਸੈਕਟਰੀ ਮੱਸਾ ਸਿੰਘ ਸੁਸਾਇਟੀ ਦੀ ਜਗ੍ਹਾ ‘ਤੇ ਕਬਜ਼ਾ ਕਰਕੇ ਇਹ ਕੋਠੀ ਬਣਾ ਰਿਹਾ ਹੈ ਅਤੇ ਇਹ ਪੰਚਾਇਤ ਦੀ ਜਗ੍ਹਾ ਹੈ ਜਿਸ ਉੱਪਰ ਜ਼ਿਲਾ ਪ੍ਰਸ਼ਾਸਨ ਨੇ ਰੋਕ ਲਾਈ ਹੈ ਪਰ ਇਹ ਵਿਅਕਤੀ ਸਾਬਕਾ ਸਰਪੰਚ ਦੀ ਸ਼ਹਿ ਤੇ ਧੱਕੇ ਨਾਲ ਕੋਠੀ ਬਣਾ ਰਿਹਾ ਹੈ। ਇਸ ਮੌਕੇ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚ ਦੀ ਤਿੱਖੀ ਬਹਿਸ-ਬਾਜ਼ੀ ਹੋਈ।

ਜਾਣਕਾਰੀ ਮੁਤਾਬਕ ਪਿੰਡ ਬੱਬਰੀ ਨੰਗਲ ਦੇ ਮੌਜੂਦਾ ਸਰਪੰਚ ਹਿਤਪਾਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਵਸਨੀਕ ਮੱਸਾ ਸਿੰਘ ਜੋ ਕਿ ਕੋਪਰੇਟ ਸੁਸਾਇਟੀ ਦਾ ਸਾਬਕਾ ਸੈਕਟਰੀ ਹੈ ਉਸਨੇ ਸੁਸਾਇਟੀ ਦੀ ਜ਼ਮੀਨ ਤੇ ਹੀ ਨਜਾਇਜ਼ ਕਬਜ਼ਾ ਕਰਕੇ ਆਪਣੀ ਕੋਠੀ ਦੀ ਉਸਾਰੀ ਕਰ ਰਿਹਾ ਹੈ। ਉਸਨੇ ਦੱਸਿਆ ਕਿ ਇਹ ਜਮੀਨ ਪੰਚਾਇਤ ਦੀ ਜਮੀਨ ਹੈ ਅਤੇ ਸਾਬਕਾ ਸਰਪੰਚ ਦੇ ਨਾਲ ਮਿਲ ਕੇ ਹੀ ਇਸ ਵਿਅਕਤੀ ਨੇ ਜਮੀਨ ਉੱਪਰ ਕਬਜ਼ਾ ਕੀਤਾ ਹੈ। ਜਿਸ ਦਾ ਉਹਨਾਂ ਨੇ ਕੇਸ ਲਗਾਇਆ ਹੋਇਆ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਨੇ ਇਸ ਜਗ੍ਹਾ ਦੇ ਉੱਪਰ ਉਸਾਰੀ ਨਾ ਕਰਨ ਹੁਕਮ ਦਿੱਤੇ ਹਨ। ਪਰ ਬਿਨਾਂ ਕਿਸੇ ਸਟੇ ਆਰਡਰ ਤੋਂ ਜ਼ਮੀਨ ਤੇ ਉਸਾਰੀ ਕਰ ਰਿਹਾ ਜਿਸ ਕਰਕੇ ਅੱਜ ਮੌਕੇ ਤੇ ਪੁਲਿਸ ਨੂੰ ਬੁਲਾ ਕੇ ਕੰਮ ਨੂੰ ਬੰਦ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਉਹ ਪਿੰਡ ਦੀ ਪੰਚਾਇਤੀ ਜਮੀਨ ਤੇ ਕਬਜ਼ਾ ਨਹੀਂ ਹੋਣ ਦੇਣਗੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਮੰਗ ਕੀਤੀ ਹੈ ਕਿ ਇਸ ਉਸਾਰੀ ਨੂੰ ਰੋਕਿਆ ਜਾਵੇ।

ਦੂਜੇ ਪਾਸੇ ਪਿੰਡ ਦੇ ਵਿਅਕਤੀ ਮੱਸਾ ਸਿੰਘ ਨੇ ਕਿਹਾ ਕਿ ਉਹ 1982 ਵਿੱਚ ਕੋਪਰੇਟ ਸੋਸਾਇਟੀ ਵਿੱਚ ਸੈਕਟਰੀ ਲੱਗੇ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਸੁਸਾਇਟੀ ਤੋਂ ਕੱਢ ਦਿੱਤਾ ਗਿਆ ਸੀ ਜਿਸਦਾ ਉਹਨਾਂ ਨੇ ਲੇਬਰ ਕੋਰਟ ਵਿੱਚ ਕੇਸ ਕੀਤਾ ਸੀ ਅਤੇ 1986 ਵਿੱਚ ਇਹ ਕੇਸ ਉਹਨਾਂ ਦੇ ਹੱਕ ਵਿੱਚ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਕੋਪਰੇਟ ਮਹਿਕਮੇ ਕੋਲੋਂ ਆਪਣੀਆਂ ਤਨਖਾਹਾਂ ਲੈਣੀਆਂ ਸਨ ਅਤੇ ਮਹਿਕਮੇ ਨੇ ਇਹ ਜਮੀਨ ਉਹਨਾਂ ਨੂੰ ਦੇ ਦਿੱਤੀ ਸੀ ਇਸ ਜਮੀਨ ਦਾ ਇੰਤਕਾਲ ਵੀ ਉਹਨਾਂ ਦੇ ਨਾਮ ਤੇ ਚੜਿਆ ਹੋਇਆ ਹੈ। ਉਹਨਾਂ ਕਿਹਾ ਕਿ ਮੌਜੂਦਾ ਸਰਪੰਚ ਉਹਨਾਂ ਨੂੰ ਜਾਣ ਬੁਝ ਕੇ ਤੰਗ ਕਰ ਰਿਹਾ ਪਰ ਉਹ ਇਸ ਜਮੀਨ ਤੇ ਆਪਣੀ ਕੋਠੀ ਬਣਾ ਕੇ ਰਹਿਣਗੇ ਕਿਉਂਕਿ ਇਹ ਜਮੀਨ ਉਹਨਾਂ ਦੀ ਹੈ।

ਇਸ ਦੌਰਾਨ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਰਪੰਚ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਪੰਚਾਇਤੀ ਜਮੀਨ ਤੇ ਕੋਈ ਵਿਅਕਤੀ ਕਬਜ਼ਾ ਕਰ ਰਿਹਾ ਹੈ, ਜਿਸ ਕਰਕੇ ਮੌਕੇ ਤੇ ਪਹੁੰਚ ਕੇ ਕੰਮ ਨੂੰ ਰੁਕਵਾ ਦਿੱਤਾ ਗਿਆ ਹੈ ਅਤੇ ਦੋਨਾਂ ਧਿਰਾਂ ਨੂੰ ਕਿਹਾ ਗਿਆ ਹੈ ਕਿ ਉਹ ਕਾਗਜਾਂਤ ਲੈਕੇ ਥਾਣੇ ਪਹੁੰਚਣ ਦੋਨਾਂ ਦੇ ਕਾਗਜਾਤ ਚੈੱਕ ਕਰਨ ਤੋਂ ਬਾਅਦ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਕੰਮ ਨੂੰ ਰੁਕਵਾ ਦਿੱਤਾ ਗਿਆ ਹੈ।

error: Content is protected !!