ਗ੍ਰੰਥੀ ਸਿੰਘ ਘਰਵਾਲੀ ਤੇ ਸਾਲੇ ਨਾਲ ਮਿਲ ਕੇ ਪਾਕਿਸਤਾਨ ਤੋਂ ਮੰਗਵਾਉਂਦਾ ਸੀ ਨਸ਼ਾ, ਢਾਈ ਕਿੱਲੋ ਹੈਰੋਇਨ ਫੜੀ

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਕਾਫੀ ਵਧ ਗਿਆ ਹੈ। ਨੌਜਵਾਨ ਪੀੜੀ ਨਸ਼ੇ ਵਿੱਚ ਗ੍ਰਸਤ ਹੋ ਕੇ ਆਉਣ ਵਾਲਾ ਭਵਿੱਖ ਖਤਮ ਕਰ ਰਹੀ ਹੈ। ਪੰਜਾਬ ਕੌਣ ਸੰਭਾਲੇਗਾ, ਕੀ ਪੰਜਾਬ ਮੁੜ ਰੰਗਲਾ ਪੰਜਾਬ ਬਣੇਗਾ। ਇਹ ਸਾਰੇ ਸਵਾਲ ਪੰਜਾਬ ਦੇ ਰਾਖਿਆ ਅਤੇ ਪੰਜਾਬ ਦੇ ਚਿੰਤਤ ਬੁੱਧੀਜੀਵੀਆਂ ਦੇ ਸਾਹਮਣੇ ਪਏ ਹੋਏ ਹਨ। ਨਸ਼ਾ ਤਸਕਰ ਬੇਲਗਾਮ ਹੋਏ ਫਿਰਦੇ ਹਨ। ਹੁਣ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗੁਰਦੁਆਰੇ ਸਾਹਿਬ ਦਾ ਗ੍ਰੰਥੀ ਸਿੰਘ ਹੀ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ।

ਭਾਰਤ-ਪਾਕਿਸਤਾਨ ਸਰਹੱਦ ਤੇ ਸਥਿਤ ਲੋਪੋਕੇ ਪੁਲਿਸ ਥਾਣੇ ਅਧੀਨ ਆਉਂਦੇ ਪਿੰਡ ਗਾਗੜਮਲ ਦੇ ਗ੍ਰੰਥੀ ਜੋਗਾ ਸਿੰਘ ਨੂੰ 2.5 ਕਿੱਲੋ ਹੈਰੋਇਨ, 40,000 ਰੁਪਏ ਦੀ ਡਰੱਗ ਮਨੀ ਅਤੇ ਇਕ ਬਾਈਕ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰੰਥੀ ਦੀ ਪਤਨੀ ਤੇ ਭਰਾ ਵੀ ਇਸ ਨਸ਼ੇ ਦੇ ਕਾਰੋਬਾਰ ’ਚ ਸ਼ਾਮਲ ਹੈ।

ਐੱਸਪੀ (ਡੀ) ਹਰਿੰਦਰ ਸਿੰਘ ਤੇ ਏਸੀਪੀ ਲਖਵਿੰਦਰ ਸਿੰਘ ਕਲੇਰ ਨੇ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਦਫ਼ਤਰ ’ਚ ਕੀਤੀ ਪ੍ਰੈੱਸ ਕਾਨਫਰੰਸ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜੋਗਾ ਸਿੰਘ ਵਾਸੀ ਪਿੰਡ ਗਾਗੜਮਲ, ਉਸ ਦੀ ਪਤਨੀ ਸ਼ਰਨਜੀਤ ਕੌਰ ਤੇ ਭਰਾ ਪੰਜਾਬ ਸਿੰਘ ਵਜੋਂ ਕੀਤੀ। ਐੱਸਪੀ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਜੋਗਾ ਸਿੰਘ ਗਾਗੜਮਲ ਪਿੰਡ ਦੇ ਗੁਰਦੁਆਰਾ ਸਾਹਿਬ ਬਾਬਾ ਪਾਲਾ ਸ਼ਹੀਦ ਵਿਖੇ ਗ੍ਰੰਥੀ ਵਜੋਂ ਪਾਠ ਕਰਦਾ ਹੈ ਅਤੇ ਉਹ ਹੈਰੋਇਨ ਤਸਕਰੀ ’ਚ ਸ਼ਾਮਲ ਹੈ।

