ਗਰਮੀਆਂ ‘ਚ ਹੁਣ ਪਾਣੀ ਦੀ ਕੀਤੀ ਬੇਲੋੜੀ ਵਰਤੋਂ ਤਾਂ ਕਰਨੀ ਪਵੇਗੀ ਜੇਬ ਢਿੱਲੀ 

ਗਰਮੀਆਂ ‘ਚ ਹੁਣ ਪਾਣੀ ਦੀ ਕੀਤੀ ਬੇਲੋੜੀ ਵਰਤੋਂ ਤਾਂ ਕਰਨੀ ਪਵੇਗੀ ਜੇਬ ਢਿੱਲੀ

ਚੰਡੀਗੜ੍ਹ (ਵੀਓਪੀ ਬਿਊਰੋ) Punjab, latest news, chandigarh ਗਰਮੀਆਂ ਵਿੱਚ ਅਕਸਰ ਹੀ ਪਾਣੀ ਦੀ ਵਰਤੋਂ ਅਤੇ ਬਰਬਾਦੀ ਵੱਧ ਜਾਂਦੀ ਹੈ। ਇਸੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ ਪਰ ਫਿਰ ਵੀ ਪਾਣੀ ਦੀ ਵਰਤੋਂ ਅਤੇ ਬਰਬਾਦੀ ਹੁੰਦੀ ਰਹਿੰਦੀ ਹੈ। ਇਸੇ ਨੂੰ ਲੈ ਕੇ ਹੁਣ ਚੰਡੀਗੜ੍ਹ ਨਗਰ ਨਿਗਮ ਨੇ ਗਰਮੀਆਂ ਦੌਰਾਨ ਪਾਣੀ ਦੀ ਬੱਚਤ ਅਤੇ ਸੰਭਾਲ ਨੂੰ ਯਕੀਨੀ ਬਣਾਉਣ ਲਈ ਇਕ ਨਵਾਂ ਸਖਤ ਕਾਨੂੰਨ ਲਾਗੂ ਕਰ ਦਿੱਤਾ ਹੈ।

ਨਵੇਂ ਨਿਯਮਾਂ ਤਹਿਤ, ਪਾਣੀ ਦੀ ਬੇਲੋੜੀ ਵਰਤੋਂ ਕਰਨ ਵਾਲਿਆਂ ਤੇ 5788 ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾਵੇਗਾ, ਜੋ ਕਿ ਉਨ੍ਹਾਂ ਦੇ ਆਮ ਪਾਣੀ ਬਿੱਲ ਵਿਚ ਸ਼ਾਮਲ ਕਰਕੇ ਵਸੂਲਿਆ ਜਾਵੇਗਾ। ਜੇਕਰ ਕੋਈ ਨਾਗਰਿਕ ਵਾਰ-ਵਾਰ ਇਹ ਨਿਯਮ ਤੋੜੇਗਾ, ਤਾਂ ਉਸਦਾ ਪਾਣੀ ਕਨੈਕਸ਼ਨ ਵੀ ਕੱਟਿਆ ਜਾ ਸਕਦਾ ਹੈ। ਨਗਰ ਨਿਗਮ ਦੇ ਨਵੇਂ ਨਿਯਮ ਅਨੁਸਾਰ, ਜੇਕਰ ਕੋਈ ਵਿਅਕਤੀ ਜਾਂ ਸੰਸਥਾ ਲਾਅਨਾਂ ਜਾਂ ਬਾਗਾਂ ਨੂੰ ਅਣਵਾਜਿਬ ਤਰੀਕੇ ਨਾਲ ਪਾਣੀ ਦਿੰਦੀ ਹੈ, ਵਾਹਨ ਜਾਂ ਵਿਹੜੇ ਨੂੰ ਪਾਈਪ ਨਾਲ ਧੋਂਦੀ ਹੈ, ਓਵਰਹੈੱਡ ਜਾਂ ਅੰਡਰਗ੍ਰਾਊਂਡ ਟੈਂਕਾਂ ਵਿੱਚੋਂ ਪਾਣੀ ਵਗਣ ਦਿੰਦੀ ਹੈ, ਵਾਟਰ ਮੀਟਰ ਚੈਂਬਰ ਜਾਂ ਪਾਈਪਲਾਈਨ ਵਿੱਚ ਲੀਕੇਜ ਰੱਖਦੀ ਹੈ, ਡੈਜ਼ਰਟ ਕੁਲਰ ਵਿੱਚੋਂ ਪਾਣੀ ਲਗਾਤਾਰ ਰਿਸਣ ਦਿੰਦੀ ਹੈ, ਪਾਣੀ ਸਪਲਾਈ ਲਾਈਨ ਤੇ ਬੂਸਟਰ ਪੰਪ ਲਗਾਉਂਦੀ ਹੈ ਜਾਂ ਕਿਸੇ ਵੀ ਹੋਰ ਤਰੀਕੇ ਨਾਲ ਪਾਣੀ ਦੀ ਬੇਲੋੜੀ ਬਰਬਾਦੀ ਕਰਦੀ ਹੈ, ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ।

ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਦੀ ਪਾਣੀ ਸਪਲਾਈ ਵਿੱਚ ਕੋਈ ਲੀਕੇਜ ਜਾਂ ਖਰਾਬੀ ਹੋਈ, ਤਾਂ ਉਨ੍ਹਾਂ ਨੂੰ ਇਹ ਸਮੱਸਿਆ ਨੋਟਿਸ ਜਾਰੀ ਹੋਣ ਤੋਂ 24 ਘੰਟਿਆਂ ਦੇ ਅੰਦਰ-ਅੰਦਰ ਠੀਕ ਕਰਵਾਉਣੀ ਪਵੇਗੀ। ਜੇਕਰ ਕੋਈ ਵੀ ਨਿਵਾਸੀ ਜਾਂ ਵਿਅਕਤੀ ਇਹ ਨਿਯਮ ਨਹੀਂ ਮੰਨਦਾ, ਤਾਂ ਪਾਣੀ ਸਪਲਾਈ ਤੁਰੰਤ ਬੰਦ ਕੀਤੀ ਜਾ ਸਕਦੀ ਹੈ ਅਤੇ 5788 ਰੁਪਏ ਜੁਰਮਾਨਾ ਲਗਾਇਆ ਜਾਵੇਗਾ।

ਨਗਰ ਨਿਗਮ ਨੇ ਨਾਗਰਿਕਾਂ ਨੂੰ ਪਾਣੀ ਦੀ ਬਚਤ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਨਲਕਿਆਂ ਦੀ ਲੀਕੇਜ ਰੋਕਣੀ ਚਾਹੀਦੀ ਹੈ, ਵਾਹਨ ਅਤੇ ਫਲੋਰ ਧੋਣ ਲਈ ਪਾਈਪ ਦੀ ਬਜਾਏ ਬਕੇਟ ਜਾਂ ਮੋਪ ਵਰਤਣੀ ਚਾਹੀਦੀ ਹੈ ਅਤੇ ਬੂਸਟਰ ਪੰਪ ਲਗਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਡੈਜ਼ਰਟ ਕੁਲਰ ਵਿੱਚ ਆਟੋਮੈਟਿਕ ਵਾਟਰ ਕੰਟਰੋਲ ਸਿਸਟਮ ਲਗਾਉਣ ਦੀ ਵੀ ਸਿਫਾਰਸ਼ ਕੀਤੀ ਗਈ ਹੈ। ਨਿਗਮ ਨੇ ਇਹ ਨਵਾਂ ਕਦਮ ਇਸ ਲਈ ਚੁੱਕਿਆ ਹੈ ਤਾਂ ਜੋ ਸ਼ਹਿਰ ਵਿੱਚ ਪਾਣੀ ਦੀ ਬਚਤ ਹੋ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਕੀਮਤੀ ਸਰੋਤ ਸੰਭਾਲਿਆ ਜਾ ਸਕੇ।

error: Content is protected !!