ਕੈਨੇਡਾ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਭਾਰਤ ਦੀਆਂ ਦੋ ਕੁੜੀਆਂ ਬਣੀਆਂ ਮੰਤਰੀ

ਕੈਨੇਡਾ ਨੂੰ ਮਿਲਿਆ ਨਵਾਂ ਪ੍ਰਧਾਨ ਮੰਤਰੀ, ਭਾਰਤ ਦੀਆਂ ਦੋ ਕੁੜੀਆਂ ਬਣੀਆਂ ਮੰਤਰੀ

ਦਿੱਲੀ/ਓਟਾਵਾ (ਵੀਓਪੀ ਬਿਊਰੋ) Canada, PM, india, news ਮਾਰਕ ਕਾਰਨੀ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਨੇ ਸ਼ੁਕਰਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕੀ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਰਾਜਧਾਨੀ ਓਟਾਵਾ ਦੇ ਰੀਡੋ ਹਾਲ ਦੇ ਬਾਲਰੂਮ ’ਚ ਹੋਇਆ। ਕਾਰਨੀ ਦੇ ਨਾਲ ਉਨ੍ਹਾਂ ਦੇ ਕੈਬਨਿਟ ਨੇ ਵੀ ਸਹੁੰ ਚੁਕੀ।

ਮਾਰਕ ਕਾਰਨੀ ਨੇ ਭਾਰਤ ਨਾਲ ਸਬੰਧ ਸੁਧਾਰਨ ਦੀ ਗੱਲ ਕੀਤੀ ਹੈ। ਉਹ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ’ਚ ਤਣਾਅ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਚੋਣਾਂ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਭਾਰਤ ਨਾਲ ਵਪਾਰਕ ਸਬੰਧ ਬਹਾਲ ਕਰਨਗੇ।

ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਵਿਵਾਦ ਦੇ ਸੱਭ ਤੋਂ ਵੱਡੇ ਕਾਰਨ ਖ਼ਾਲਿਸਤਾਨੀ ਅਤਿਵਾਦੀਆਂ ਦੇ ਮੁੱਦੇ ’ਤੇ ਮਾਰਕ ਕਾਰਨੀ ਦੀ ਕੀ ਰਾਏ ਹੈ। ਉਨ੍ਹਾਂ ਨੇ ਇਸ ਮੁੱਦੇ ’ਤੇ ਅਜੇ ਤਕ ਕੋਈ ਜਨਤਕ ਬਿਆਨ ਨਹੀਂ ਦਿਤਾ ਹੈ।

ਇਸੇ ਦੇ ਨਾਲ ਹੀ ਭਾਰਤੀ-ਕੈਨੇਡੀਅਨ ਅਨੀਤਾ ਆਨੰਦ ਅਤੇ ਦਿੱਲੀ ’ਚ ਜਨਮੀ ਕਮਲ ਖਹਿੜਾ ਨੂੰ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਿਟ ’ਚ ਨਿਯੁਕਤ ਕੀਤਾ ਗਿਆ ਹੈ। ਆਨੰਦ (58) ਨਵੀਨਤਾ, ਵਿਗਿਆਨ ਅਤੇ ਉਦਯੋਗ ਮੰਤਰੀ ਵਜੋਂ ਸੇਵਾ ਨਿਭਾਉਣਗੇ, ਜਦਕਿ ਖਹਿੜਾ (36) ਸਿਹਤ ਮੰਤਰੀ ਦੀ ਭੂਮਿਕਾ ਨਿਭਾਉਣਗੇ।

ਕੈਨੇਡੀਅਨ ਸੰਸਦ ਲਈ ਚੁਣੀ ਗਈ ਸੱਭ ਤੋਂ ਘੱਟ ਉਮਰ ਦੀ ਔਰਤਾਂ ’ਚੋਂ ਇਕ, ਖਹਿੜਾ ਕਲ ਇਕ ਰਜਿਸਟਰਡ ਨਰਸ ਅਤੇ ਕਮਿਊਨਿਟੀ ਵਾਲੰਟੀਅਰ ਵਜੋਂ ਤਜਰਬੇ ਪ੍ਰਾਪਤ ਹੈ। ਅਗਲੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿਚ ਸੱਭ ਤੋਂ ਅੱਗੇ ਰਹੇ ਆਨੰਦ ਇਸ ਤੋਂ ਪਹਿਲਾਂ ਖਜ਼ਾਨਾ ਬੋਰਡ ਦੇ ਪ੍ਰਧਾਨ, ਕੌਮੀ ਰੱਖਿਆ ਮੰਤਰੀ ਅਤੇ ਜਨਤਕ ਸੇਵਾਵਾਂ ਅਤੇ ਖਰੀਦ ਮੰਤਰੀ ਰਹਿ ਚੁਕੇ ਹਨ।

ਇਸੇ ਦੌਰਾਨ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਹੁਦਾ ਸੰਭਾਲਦੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਾਰਨੀ ਨੇ ਸ਼ੁੱਕਰਵਾਰ ਨੂੰ ਟਰੰਪ ’ਤੇ ਜਵਾਬੀ ਹਮਲਾ ਕਰ ਕੇ ਅਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਉਸ ਨੇ ਅਪਣੇ ਉਤਰੀ ਗੁਆਂਢੀ ਦੇਸ਼ ਵਿਚ ਸ਼ਾਮਲ ਹੋਣ ਦੀਆਂ ਵਾਰ-ਵਾਰ ਧਮਕੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ। ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਥੋੜ੍ਹੀ ਦੇਰ ਬਾਅਦ ਕਾਰਨੀ ਨੇ ਕਿਹਾ ਕਿ ਟਰੰਪ ਦੇ ਟੈਰਿਫ਼ਾਂ ਦਾ ਸਾਹਮਣਾ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਕਾਰਨੀ ਨੇ ਕਿਹਾ, ‘ਅਸੀਂ ਕਦੇ ਵੀ, ਕਿਸੇ ਵੀ ਤਰ੍ਹਾਂ ਅਮਰੀਕਾ ਦਾ ਹਿੱਸਾ ਨਹੀਂ ਬਣਾਂਗੇ। ਅਮਰੀਕਾ ਕੈਨੇਡਾ ਨਹੀਂ ਹੈ। ਅਸੀਂ ਅਸਲ ਵਿਚ ਇਕ ਵਖਰਾ ਦੇਸ਼ ਹਾਂ।’’

ਉਨ੍ਹਾਂ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀ ਸਰਕਾਰ ਇਕ ਦਿਨ ਦੋਵਾਂ ਦੇਸ਼ਾਂ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਵਾਸ਼ਿੰਗਟਨ ਨਾਲ ਕੰਮ ਕਰੇਗੀ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਟਰੰਪ ਅਤੇ ਕਾਰਨੀ ਵਿਚਕਾਰ ਟੈਲੀਫ਼ੋਨ ਗੱਲਬਾਤ ਦਾ ਪ੍ਰਬੰਧ ਕਰਨ ਲਈ ਕੰਮ ਕਰ ਰਹੇ ਹਨ। ਦਰਅਸਲ ਜਨਵਰੀ ਵਿਚ ਟਰੰਪ ਦੇ ਸੱਤਾ ਵਿਚ ਵਾਪਸ ਆਉਣ ਤੋਂ ਬਾਅਦ ਅਮਰੀਕਾ ਅਤੇ ਕੈਨੇਡਾ ਦੇ ਸਬੰਧ ਤਣਾਅਪੂਰਨ ਹੋ ਗਏ ਹਨ। ਟਰੰਪ ਵਲੋਂ ਵਪਾਰ ਯੁੱਧ ਦਾ ਐਲਾਨ ਕਰਨ ਅਤੇ ਕੈਨੇਡਾ ਨੂੰ 51ਵਾਂ ਅਮਰੀਕੀ ਰਾਜ ਬਣਾਉਣ ਦੀ ਧਮਕੀ ਦੇਣ ਤੋਂ ਬਾਅਦ ਇਹ ਸਬੰਧ ਹੋਰ ਤਣਾਅਪੂਰਨ ਹੋ ਗਏ ਹਨ।

error: Content is protected !!