ਦਿੱਲੀ ਪੁਲਿਸ ਨੇ ਚੁੱਕਿਆ ਪੰਜਾਬੀ ਏਜੰਟ, ‘ਡੰਕੀ’ ਲਗਵਾ ਕਈਆਂ ਦੀਆਂ ਕੀਤੀਆਂ ਜ਼ਿੰਦਗੀਆਂ ਖਰਾਬ

ਦਿੱਲੀ ਪੁਲਿਸ ਨੇ ਚੁੱਕਿਆ ਪੰਜਾਬੀ ਏਜੰਟ, ‘ਡੰਕੀ’ ਲਗਵਾ ਕਈਆਂ ਦੀਆਂ ਕੀਤੀਆਂ ਜ਼ਿੰਦਗੀਆਂ ਖਰਾਬ

ਨਵੀਂ ਦਿੱਲੀ (ਵੀਓਪੀ ਬਿਊਰੋ) ਦਿੱਲੀ ਪੁਲਿਸ ਨੇ ਪੰਜਾਬ ਦੇ ਇਕ 36 ਸਾਲ ਦੇ ਏਜੰਟ ਨੂੰ ਗ੍ਰਿਫਤਾਰ ਕੀਤਾ ਹੈ, ਜੋ ਜਾਅਲੀ ਯਾਤਰਾ ਦਸਤਾਵੇਜ਼ ਬਣਾਉਣ ਅਤੇ ‘ਡੰਕੀ ਰਸਤੇ’ ਰਾਹੀਂ ਅਮਰੀਕਾ ’ਚ ਗੈਰ-ਕਾਨੂੰਨੀ ਦਾਖ਼ਲੇ ’ਚ ਮਦਦ ਕਰਨ ’ਚ ਕਥਿਤ ਤੌਰ ’ਤੇ ਸ਼ਾਮਲ ਸੀ। ਮੁਲਜ਼ਮ ਦੀ ਪਛਾਣ ਨਰੇਸ਼ ਕੁਮਾਰ ਵਜੋਂ ਹੋਈ ਹੈ ਜੋ ਪਟਿਆਲਾ ਦੇ ਪਿੰਡ ਮਟੌਲੀ ਦਾ ਵਸਨੀਕ ਹੈ।

ਮੁਲਜ਼ਮ ਨੂੰ ਅਮਰੀਕਾ ਤੋਂ ਇਕ ਭਾਰਤੀ ਮੁਸਾਫ਼ਰ ਨੂੰ ਬਾਹਰ ਕੱਢਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਕੁਮਾਰ ਨੇ ਕਥਿਤ ਤੌਰ ’ਤੇ ਜਾਅਲੀ ਸ਼ੈਨਗਨ ਵੀਜ਼ਾ ਦਾ ਪ੍ਰਬੰਧ ਕਰਨ ਲਈ ਹੋਰ ਏਜੰਟਾਂ ਨਾਲ ਕੰਮ ਕੀਤਾ ਸੀ ਅਤੇ ਬਾਅਦ ’ਚ ਜਾਅਲਸਾਜ਼ੀ ਨੂੰ ਲੁਕਾਉਣ ਲਈ ਮੁਸਾਫ਼ਰ ਦੇ ਪਾਸਪੋਰਟ ਨਾਲ ਛੇੜਛਾੜ ਕੀਤੀ ਸੀ।

ਇਹ ਮਾਮਲਾ 4 ਅਤੇ 5 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਉਸ ਸਮੇਂ ਸਾਹਮਣੇ ਆਇਆ ਜਦੋਂ ਅਮਰੀਕਾ ਤੋਂ ਬਾਹਰ ਕਢਿਆ ਗਿਆ ਗੁਰਸਾਹਿਬ ਸਿੰਘ (39) ਅਮਰੀਕਾ ਤੋਂ ਆਈ.ਜੀ.ਆਈ. ਹਵਾਈ ਅੱਡੇ ’ਤੇ ਪਹੁੰਚਿਆ। ਉਸ ਦੇ ਯਾਤਰਾ ਦਸਤਾਵੇਜ਼ਾਂ ਦੀ ਪੜਤਾਲ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਪਾਸਪੋਰਟ ਦੇ ਇਕ ਪੰਨੇ ’ਤੇ ਗੂੰਦ ਦੇ ਨਿਸ਼ਾਨ ਦੇਖੇ ਜੋ ਛੇੜਛਾੜ ਦੇ ਸੰਕੇਤ ਦਿੰਦੇ ਹਨ।

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਵਸਨੀਕ ਗੁਰਸਾਹਿਬ ਸਿੰਘ ’ਤੇ ਭਾਰਤੀ ਨਿਆਂ ਸੰਹਿਤਾ ਅਤੇ ਪਾਸਪੋਰਟ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਆਈ.ਜੀ.ਆਈ. ਏਅਰਪੋਰਟ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਗ੍ਰਿਫਤਾਰ ਕਰ ਕੇ ਪੁੱਛ-ਪੜਤਾਲ ਕੀਤੀ ਗਈ ਜਿਸ ਦੌਰਾਨ ਉਸ ਨੇ ਕਾਰਵਾਈ ਦੇ ਵੇਰਵਿਆਂ ਦਾ ਪ੍ਰਗਟਾਵਾ ਕੀਤਾ।

ਪੁਲਿਸ ਨੇ ਦਸਿਆ ਕਿ ਗੁਰਸਾਹਿਬ ਸਿੰਘ ਨੇ ਪ੍ਰਗਟਾਵਾ ਕੀਤਾ ਕਿ 2024 ’ਚ ਸਿੰਗਾਪੁਰ ਤੋਂ ਭਾਰਤ ਪਰਤਣ ਤੋਂ ਬਾਅਦ ਉਹ ਗੁਰਦੇਵ ਸਿੰਘ ਉਰਫ ‘ਗੁਰੀ’ ਨਾਮ ਦੇ

ਏਜੰਟ ਦੇ ਸੰਪਰਕ ’ਚ ਆਇਆ, ਜਿਸ ਨੇ ਉਸ ਨੂੰ 20 ਲੱਖ ਰੁਪਏ ਦੇ ਬਦਲੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖਲ ਹੋਣ ’ਚ ਮਦਦ ਕਰਨ ਦਾ ਵਾਅਦਾ ਕੀਤਾ ਸੀ। ਸਿੰਘ ਨੇ 17 ਲੱਖ ਰੁਪਏ ਨਕਦ ਅਦਾ ਕੀਤੇ ਅਤੇ ਬਾਕੀ 3 ਲੱਖ ਰੁਪਏ ਬਾਅਦ ’ਚ ਨਰੇਸ਼ ਕੁਮਾਰ ਦੇ ਬੈਂਕ ਖਾਤੇ ’ਚ ਤਬਦੀਲ ਕਰ ਦਿਤੇ।

ਯੋਜਨਾ ਅਨੁਸਾਰ, ਗੁਰਸਾਹਿਬ ਸਿੰਘ ਨੂੰ ਬਰਤਾਨੀਆਂ , ਸਪੇਨ, ਗੁਆਟੇਮਾਲਾ, ਮੈਕਸੀਕੋ ਅਤੇ ਅੰਤ ’ਚ ਤਿਜੁਆਨਾ ਸਮੇਤ ਕਈ ਦੇਸ਼ਾਂ ਰਾਹੀਂ ਭੇਜਿਆ ਗਿਆ ਸੀ, ਜਿੱਥੋਂ ਉਹ ‘ਡੰਕੀ ਰਸਤੇ’ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਦਾਖਲ ਹੋਇਆ ਸੀ। ਅਮਰੀਕਾ ਵਿਚ ਦਾਖਲ ਹੋਣ ਤੋਂ ਪਹਿਲਾਂ ਏਜੰਟਾਂ ਦੇ ਇਕ ਸਹਿਯੋਗੀ ਨੇ ਜਾਅਲੀ ਸ਼ੈਨੇਗਨ ਵੀਜ਼ਾ ਹਾਸਲ ਕੀਤਾ ਅਤੇ ਇਸ ਨੂੰ ਗੁਰਸਾਹਿਬ ਸਿੰਘ ਦੇ ਪਾਸਪੋਰਟ ’ਤੇ ਲਗਾ ਦਿਤਾ, ਜਿਸ ਨਾਲ ਬਾਅਦ ਵਿਚ ਜਾਅਲੀ ਵੀਜ਼ਾ ਲੁਕਾਉਣ ਲਈ ਛੇੜਛਾੜ ਕੀਤੀ ਗਈ।

ਹਾਲਾਂਕਿ, ਗੁਰਸਾਹਿਬ ਸਿੰਘ ਨੂੰ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ ’ਚ ਲੈ ਲਿਆ ਸੀ ਅਤੇ ਤਿੰਨ ਮਹੀਨਿਆਂ ਦੀ ਹਿਰਾਸਤ ਤੋਂ ਬਾਅਦ ਭਾਰਤ ਭੇਜ ਦਿਤਾ ਸੀ। ਉਸ ਦੇ ਆਉਣ ਨਾਲ ਜਾਂਚ ਸ਼ੁਰੂ ਹੋ ਗਈ ਜਿਸ ਕਾਰਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀ ਨੇ ਦਸਿਆ ਕਿ ਲਗਾਤਾਰ ਪੁੱਛ-ਪੜਤਾਲ ਦੌਰਾਨ ਨਰੇਸ਼ ਕੁਮਾਰ ਨੇ ਧੋਖਾਧੜੀ ਵਿਚ ਅਪਣੀ ਭੂਮਿਕਾ ਕਬੂਲ ਕੀਤੀ ਅਤੇ ਪ੍ਰਗਟਾਵਾ ਕੀਤਾ ਕਿ ਉਹ ਅਤੇ ਉਸ ਦਾ ਭਰਾ ਕਈ ਸਾਲਾਂ ਤੋਂ ਟਰੈਵਲ ਏਜੰਟ ਵਜੋਂ ਕੰਮ ਕਰ ਰਹੇ ਸਨ।

ਉਸ ਨੇ ਗੁਰਦੇਵ ਸਿੰਘ ਨਾਲ ਕਮਿਸ਼ਨ ਦੇ ਆਧਾਰ ’ਤੇ ਕੰਮ ਕਰਨ ਦੀ ਗੱਲ ਕਬੂਲ ਕੀਤੀ ਅਤੇ ਮੁਸਾਫ਼ਰ ਤੋਂ 3 ਲੱਖ ਰੁਪਏ ਮਿਲਣ ਦੀ ਪੁਸ਼ਟੀ ਕੀਤੀ। ਗੁਰਦੇਵ ਸਿੰਘ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਜੋ ਅਜੇ ਵੀ ਫਰਾਰ ਹੈ। ਉਨ੍ਹਾਂ ਕਿਹਾ ਕਿ ਜਾਂਚਕਰਤਾ ਕੁਮਾਰ ਦੇ ਬੈਂਕ ਖਾਤਿਆਂ ਅਤੇ ਅਜਿਹੇ ਮਾਮਲਿਆਂ ਨਾਲ ਉਸ ਦੇ ਸੰਭਾਵਤ ਸਬੰਧਾਂ ਦੀ ਵੀ ਜਾਂਚ ਕਰ ਰਹੇ ਹਨ।

error: Content is protected !!