ਪ੍ਰੇਮਿਕਾ ਦਾ ਹੋ ਗਿਆ ਵਿਆਹ, ਪਰੇਸ਼ਾਨ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲ਼ੀ, ਬਾਪ ਦੀ ਮੌਤ ਤੋਂ ਬਾਅਦ ਮਿਲੀ ਸੀ ਨੌਕਰੀ

ਪ੍ਰੇਮਿਕਾ ਦਾ ਹੋ ਗਿਆ ਵਿਆਹ, ਪਰੇਸ਼ਾਨ ਕਾਂਸਟੇਬਲ ਨੇ ਖੁਦ ਨੂੰ ਮਾਰੀ ਗੋਲ਼ੀ, ਬਾਪ ਦੀ ਮੌਤ ਤੋਂ ਬਾਅਦ ਮਿਲੀ ਸੀ ਨੌਕਰੀ

ਖੰਨਾ (ਵੀਓਪੀ ਬਿਊਰੋ) ਬੀਤੇ ਦਿਨ ਖੰਨਾ ‘ਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਗੰਨਮੈਨ ਦਾ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪਰਿਵਾਰ ਨੇ ਇਲਜ਼ਾਮ ਲਗਾਏ ਸਨ ਕਿ ਕਤਲ ਕੀਤਾ ਗਿਆ ਹੈ ਪਰ ਹੁਣ ਇਹ ਸਾਰਾ ਮਾਮਲਾ ਖੁਦਕੁਸ਼ੀ ਦਾ ਨਿਕਲਿਆ ਹੈ। ਖੰਨਾ ਦੇ ਪਿੰਡ ਰਾਮਪੁਰ ਵਿੱਚ ਐਤਵਾਰ ਸ਼ਾਮ ਨੂੰ ਗੋਲੀ ਲੱਗਣ ਕਾਰਨ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਗੰਨਮੈਨ ਕਾਂਸਟੇਬਲ ਗੁਰਕੀਰਤ ਸਿੰਘ ਗੋਲਡੀ ਦੀ ਮੌਤ ਦੇ ਮਾਮਲੇ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਹੈ।

ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਕੀਰਤ ਸਿੰਘ ਗੋਲਡੀ ਆਪਣੀ ਪ੍ਰੇਮਿਕਾ ਦੇ ਵਿਆਹ ਤੋਂ ਬਾਅਦ ਪਰੇਸ਼ਾਨ ਸੀ। ਇਸ ਕਾਰਨ ਉਹ ਆਪਣੀ ਪ੍ਰੇਮਿਕਾ ਦੇ ਘਰ ਗਿਆ ਅਤੇ ਖੁਦ ਨੂੰ ਗੋਲੀ ਮਾਰ ਲਈ। ਇਲਜ਼ਾਮ ਹੈ ਕਿ ਗੰਨਮੈਨ ਗੋਲਡੀ ਨੂੰ ਉਸ ਦੀ ਪ੍ਰੇਮਿਕਾ ਅਤੇ ਉਸ ਦੇ ਪਰਿਵਾਰ ਨੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਜਿਸ ਕਾਰਨ ਗੋਲਡੀ ਦੀ ਮਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਪ੍ਰੇਮਿਕਾ, ਉਸ ਦੀ ਮਾਂ ਅਤੇ ਭਰਾ ਵਾਸੀ ਰਾਮਪੁਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।

ਗੁਰਕੀਰਤ ਗੋਲਡੀ ਦੀ ਮਾਂ ਦਲਜੀਤ ਕੌਰ ਨੇ ਪੁਲਿਸ ਨੂੰ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਪਤੀ ਪ੍ਰਿਥੀਪਾਲ ਸਿੰਘ ਪੰਜਾਬ ਪੁਲਿਸ ਵਿੱਚ ਸੀ। 2010 ਵਿੱਚ ਪ੍ਰਿਥੀਪਾਲ ਸਿੰਘ ਦੀ ਮੌਤ ਤੋਂ ਬਾਅਦ ਪੁੱਤਰ ਗੁਰਕੀਰਤ ਗੋਲਡੀ ਨੂੰ 2012 ਵਿੱਚ ਨੌਕਰੀ ਮਿਲੀ। ਗੋਲਡੀ ਦੀ ਗੱਲਬਾਤ ਆਪਣੇ ਪਿੰਡ ਦੀ ਇੱਕ ਕੁੜੀ ਨਾਲ ਸੀ। ਦੋਵਾਂ ਵਿਚਕਾਰ 2009 ਤੋਂ ਗੱਲਬਾਤ ਚੱਲ ਰਹੀ ਸੀ, ਜਿਸ ਬਾਰੇ ਸਾਰੇ ਜਾਣਦੇ ਸਨ ਪਰ 5 ਸਾਲ ਪਹਿਲਾਂ, ਪ੍ਰੇਮਿਕਾ ਦੀ ਮਾਂ ਨੇ ਆਪਣੀ ਧੀ ਦਾ ਵਿਆਹ ਕਿਤੇ ਹੋਰ ਕਰ ਦਿੱਤਾ ਸੀ।

ਪਰਿਵਾਰ ਨੇ ਬਿਆਨ ਵਿੱਚ ਦੱਸਿਆ ਕਿ ਪ੍ਰੇਮਿਕਾ ਵਿਆਹ ਤੋਂ ਬਾਅਦ ਵੀ ਗੋਲਡੀ ਨਾਲ ਗੱਲਾਂ ਕਰਦੀ ਰਹਿੰਦੀ ਸੀ। ਪ੍ਰੇਮਿਕਾ ਦੇ ਪਰਿਵਾਰਕ ਮੈਂਬਰ ਖੁਦ ਗੋਲਡੀ ਦੀ ਗੱਲ ਕਰਾਉਂਦੇ ਸੀ। ਉਹ ਪੈਸੇ ਵੀ ਲੈਂਦੇ ਸੀ। ਗੋਲਡੀ ਨੂੰ ਐਤਵਾਰ ਨੂੰ ਵੀ ਘਰ ਬੁਲਾਇਆ ਗਿਆ ਸੀ। ਸ਼ਾਮ 5 ਵਜੇ ਉਨ੍ਹਾਂ ਨੂੰ ਪਤਾ ਲੱਗਾ ਕਿ ਗੋਲਡੀ ਨੇ ਪ੍ਰੇਮਿਕਾ ਦੇ ਘਰ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਡੀਐਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਪੁਲਿਸ ਨੇ ਤਿੰਨ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

error: Content is protected !!