ਏਜੰਟਾਂ ਦੇ ਧੱਕੇ ਚੜ੍ਹੇ ਨੌਜਵਾਨ ਕੋਲੰਬੀਆ ‘ਚ ਹੋਏ ਅਗਵਾ, ਪੰਜਾਬ ਸਰਕਾਰ ਨੇ ਬਚਾਈ ਜਾਨ
ਵੀਓਪੀ ਬਿਊਰੋ – Punjab, latest news ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਦਾ ਰੁਖ ਕਰਦੇ ਹਨ। ਪਰ ਕਈ ਵਾਰ ਗਲਤ ਏਜੰਟਾਂ ਦੇ ਕਾਰਨ ਇਹ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਇਸ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੁੰਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬੀਤੇ ਦਿਨ ਕੋਲੰਬੀਆ ਤੋਂ ਆਈ ਇੱਕ ਵੀਡੀਓ, ਜਿਸ ਵਿੱਚ ਕੁਝ ਪੰਜਾਬੀ ਮੁੰਡਿਆਂ ਨੂੰ ਉਥੇ ਡੌਕਰਾਂ ਵੱਲੋਂ ਅਗਵਾ ਕਰਕੇ ਫਿਰੌਤੀ ਮੰਗੀ ਜਾ ਰਹੀ ਸੀ।
ਇਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਸੱਤ ਪੰਜਾਬੀ ਮੁੰਡਿਆਂ ਨੂੰ ਛੁਡਵਾ ਲਿਆ ਹੈ। ਉਕਤ ਜਾਣਕਾਰੀ ਦਿੰਦੇ ਧਾਲੀਵਾਲ ਨੇ ਦੱਸਿਆ ਕਿ ਇਹ ਵੀਡੀਓ ਮਿਲਣ ਮਗਰੋਂ ਉਹਨਾਂ ਨੇ ਤੁਰੰਤ ਵਿਦੇਸ਼ ਵਿਭਾਗ ਰਾਹੀਂ ਕੋਲੰਬੀਆਂ ਦੇ ਦੂਤ ਘਰ ਨਾਲ ਸੰਪਰਕ ਕੀਤਾ, ਜਿਨਾਂ ਨੇ ਕੁਝ ਹੀ ਘੰਟਿਆਂ ਵਿੱਚ ਕਾਰਵਾਈ ਕਰਦੇ ਹੋਏ ਉਕਤ ਮੁੰਡਿਆਂ ਨਾਲ ਰਾਬਤਾ ਕਾਇਮ ਕਰ ਲਿਆ, ਜਿਸ ਦਾ ਸਿੱਟਾ ਇਹ ਹੋਇਆ ਕਿ ਇਹਨਾਂ ਵਿੱਚੋਂ ਦੋ ਪੰਜਾਬੀ ਮੁੰਡੇ ਕੋਲੰਬੀਆ ਤੋਂ ਵਾਪਸ ਦਿੱਲੀ ਪਹੁੰਚ ਚੁੱਕੇ ਹਨ ਜਦ ਕਿ ਬਾਕੀ ਪੰਜ ਮੁੰਡੇ ਕੋਲੰਬੀਆ ਦੂਤ ਘਰ ਦੇ ਸੰਪਰਕ ਵਿੱਚ ਹਨ ਅਤੇ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਉਹ ਵੀ ਵਾਪਸ ਭਾਰਤ ਪਹੁੰਚ ਜਾਣਗੇ।
ਕੈਬਨਿਟ ਮੰਤਰੀ ਧਾਲੀਵਾਲ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਗਲਤ ਤਰੀਕਿਆਂ ਰਾਹੀਂ ਵਿਦੇਸ਼ਾਂ ਵਿੱਚ ਨਾ ਭੇਜਣ। ਉਹਨਾਂ ਕਿਹਾ ਕਿ ਇਹ ਰਸਤੇ ਜਿੱਥੇ ਬਹੁਤ ਮਹਿੰਗੇ ਅਤੇ ਖਤਰਿਆਂ ਭਰੇ ਹਨ। ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਾਂ ਪਿਓ ਨੂੰ ਵਿਦੇਸ਼ਾਂ ਪਿੱਛੇ ਬਲੈਕਮੇਲ ਕਰਨ ਨਾਲੋਂ ਇੱਥੇ ਕੋਈ ਕਾਰੋਬਾਰ ਕਰਕੇ ਵਧੀਆ ਰੋਟੀ ਪਾਣੀ ਦਾ ਪ੍ਰਬੰਧ ਕਰਨ, ਜਿਸ ਨਾਲ ਜਿੱਥੇ ਉਹ ਆਪ ਵਧੀਆ ਪੈਸੇ ਕਮਾ ਸਕਣਗੇ ਉੱਥੇ ਉਹ ਕਈਆਂ ਨੂੰ ਰੁਜ਼ਗਾਰ ਵੀ ਦੇ ਸਕਣਗੇ।





