ਕੇਂਦਰ ਸਰਕਾਰ ਨੇ ਅਫ਼ਗਾਨਿਸਤਾਨ ਨੂੰ ਤਾਂ ਸਹਾਇਤਾ ਲਈ ਕਹਿ’ਤਾ ਪਰ ਪੰਜਾਬ ਕਿਉਂ ਭੁੱਲ ਗਿਆ? : ਹਰਪਾਲ ਚੀਮਾ

ਕੇਂਦਰ ਸਰਕਾਰ ਨੇ ਅਫ਼ਗਾਨਿਸਤਾਨ ਨੂੰ ਤਾਂ ਸਹਾਇਤਾ ਲਈ ਕਹਿ’ਤਾ ਪਰ ਪੰਜਾਬ ਕਿਉਂ ਭੁੱਲ ਗਿਆ? : ਹਰਪਾਲ ਚੀਮਾ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਤਾਲਿਬਾਨ ਸਾਸ਼ਤ ਅਫ਼ਗਾਨਿਸਤਾਨ ਨੂੰ ਜਿਸ ਤਰ੍ਹਾਂ ਮਨੁੱਖੀ ਭਾਵਨਾ ਤਹਿਤ ਸਹਾਇਤਾ ਭੇਜ ਰਹੀ ਹੈ, ਉਸੇ ਤਰ੍ਹਾਂ ਪੰਜਾਬ ਪ੍ਰਤੀ ਵੀ ਸੰਵੇਦਨਸ਼ੀਲਤਾ ਦਿਖਾਵੇ। ਉਨ੍ਹਾਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਅਫ਼ਗ਼ਾਨਿਸਤਾਨ ਨੂੰ ਤਾਂ ਤੁਰਤ ਰਾਹਤ ਸਮੱਗਰੀ ਭੇਜੀ ਗਈ ਪਰ ਹੜ੍ਹਾਂ ਨਾਲ ਪ੍ਰਭਾਵਤ ਪੰਜਾਬ ਨੂੰ ਵਿੱਤੀ ਅਤੇ ਮਾਨਵਤਾਵਾਦੀ ਸਹਾਇਤਾ ਦੇਣ ਵਿਚ ਦੇਰੀ ਕਿਉਂ ਹੋ ਰਹੀ ਹੈ?

ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ, ਜਿਸ ਨੇ ਲਗਾਤਾਰ ਦੇਸ਼ ਦੀ ਅਨਾਜ ਸੁਰੱਖਿਆ ਅਤੇ ਆਰਥਕ ਤਾਕਤ ਵਿਚ ਯੋਗਦਾਨ ਪਾਇਆ ਹੈ, ਨੂੰ ਮੁਸ਼ਕਲ ਦੀ ਘੜੀ ਵਿਚ ਤੁਰਤ ਅਤੇ ਢੁਕਵੀਂ ਸਹਾਇਤਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਜੇਕਰ ਮਨੁੱਖੀ ਸਹਾਇਤਾ ਸਰਹੱਦਾਂ ਤੋਂ ਪਾਰ ਭੇਜੀ ਜਾ ਸਕਦੀ ਹੈ, ਤਾਂ ਫਿਰ ਅਪਣੇ ਹੀ ਲੋਕਾਂ ਦੀ ਅਜਿਹੀ ਮਦਦ ਕਰਨ ਵਿਚ ਝਿਜਕ ਕਿਉਂ? ਚੀਮਾ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਹੜ੍ਹ ਪ੍ਰਭਾਵਤ ਨਾਗਰਿਕਾਂ ਦੀ ਭਲਾਈ ਨੂੰ ਪਹਿਲ ਦੇਵੇ ਅਤੇ ਰਾਹਤ ਪੈਕੇਜ, ਬੁਨਿਆਦੀ ਢਾਂਚੇ ਦੀ ਸਹਾਇਤਾ ਅਤੇ ਮੁੜ ਵਸੇਬੇ ਦੇ ਕੰਮਾਂ ਨੂੰ ਤੇਜ਼ ਕਰੇ।

ਉਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫ਼ੰਡ ਵਿਚ ਖੁੱਲ੍ਹੇ ਦਿਲ ਨਾਲ ਦਾਨ ਕਰਨ ਦੀ ਅਪੀਲ ਵੀ ਕੀਤੀ। ਇਸੇ ਦੌਰਾਨ ਵਿੱਤ ਮੰਤਰੀ ਨੇ ਖਪਤਕਾਰਾਂ ਦੇ ਹੱਕ ਵਿਚ ਜੀ.ਐੱਸ.ਟੀ. ਦਰਾਂ ਦੀ ਕਟੌਤੀ ਦਾ ਸੁਆਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸ਼ੁਰੂ ਤੋਂ ਹੀ ਇਸ ਦੀ ਮੰਗ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਨਵੇਂ 2-ਸਲੈਬ ਜੀਐਸਟੀ ਦਰ ਢਾਂਚੇ ਦੇ ਲਾਭ ਆਮ ਲੋਕਾਂ ਤਕ ਪਹੁੰਚਾਏ ਜਾਣੇ ਚਾਹੀਦੇ ਹਨ ਤਾਂ ਜੋ ਮਹਿੰਗਾਈ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਮਿਲ ਸਕੇ।

error: Content is protected !!