8 ਸਾਲਾਂ ਬੱਚੇ ਦਾ ਪੰਜਾਬ ਸਰਕਾਰ ਕਰਵਾ ਰਹੀ ਮੁਫਤ ਇਲਾਜ, ਹੜ੍ਹਾਂ ਕਾਰਨ ਮੁਸ਼ਕਲ ਹੋ ਗਈ ਸੀ ਜ਼ਿੰਦਗੀ
ਅੰਮ੍ਰਿਤਸਰ (ਵੀਓਪੀ ਬਿਊਰੋ) ਅਜਨਾਲਾ ਦੇ ਪਿੰਡ ਤਲਵੰਡੀ ਦੇ ਵਸਨੀਕ ਦਾ ਅੱਠ ਸਾਲਾਂ ਅਭੀਜੋਤ ਸਿੰਘ, ਜੋ ਪਿਛਲੇ ਤਿੰਨ ਸਾਲਾਂ ਤੋਂ ਗੁਰਦੇ ਦੀ ਗੰਭੀਰ ਬਿਮਾਰੀ ਨਾਲ ਪੀੜਤ ਹੈ, ਹੁਣ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਨਵੀਂ ਜ਼ਿੰਦਗੀ ਦੀ ਉਮੀਦ ਵੱਲ ਵਧ ਰਿਹਾ ਹੈ। ਹਾਲ ਹੀ ਵਿੱਚ ਆਏ ਹੜ੍ਹ ਕਾਰਨ ਉਸਦੇ ਘਰ ਅਤੇ ਜ਼ਮੀਨ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਸਨ, ਜਿਸ ਕਾਰਨ ਪਰਿਵਾਰ ਬੱਚੇ ਦਾ ਇਲਾਜ ਕਰਵਾਉਣ ਵਿੱਚ ਅਸਮਰਥ ਸੀ।


ਬੱਚੇ ਦੀ ਹਾਲਤ ਬਾਰੇ ਜਾਣਕਾਰੀ ਮਿਲਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਟਵੀਟ ਕਰਕੇ ਐਲਾਨ ਕੀਤਾ ਕਿ ਅਭੀਜੋਤ ਦਾ ਪੂਰਾ ਇਲਾਜ ਸਰਕਾਰ ਵੱਲੋਂ ਕਰਵਾਇਆ ਜਾਵੇਗਾ। ਹੁਣ ਬੱਚੇ ਨੂੰ ਅੰਮ੍ਰਿਤਸਰ ਦੇ ਬੇਬੇ ਨਾਨਕੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ, ਜਿੱਥੇ ਉਸਦਾ ਮੁਫ਼ਤ ਇਲਾਜ ਚੱਲ ਰਿਹਾ ਹੈ। ਬੱਚੇ ਦੀ ਚਾਚੀ ਜੋਬਨਪ੍ਰੀਤ ਕੌਰ ਨੇ ਦੱਸਿਆ ਕਿ ਅਭੀਜੋਤ ਦਾ ਇਲਾਜ ਪਿਛਲੇ ਸਮੇਂ ਚੰਡੀਗੜ੍ਹ ਤੋਂ ਚੱਲਦਾ ਰਿਹਾ, ਪਰ ਦਵਾਈਆਂ ਅਤੇ ਇਲਾਜ ਦੇ ਖਰਚੇ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਬਦਤਰ ਹੋ ਗਈ।

ਹੜ੍ਹ ਕਾਰਨ ਘਰ ਤੇ ਖੇਤ ਤਬਾਹ ਹੋਣ ਨਾਲ ਪਿਛਲੇ 15–20 ਦਿਨਾਂ ਤੋਂ ਇਲਾਜ ਪੂਰੀ ਤਰ੍ਹਾਂ ਰੁਕਿਆ ਹੋਇਆ ਸੀ। ਇੱਕ ਰਾਹਤ ਟੀਮ ਨੇ ਜਦੋਂ ਬੱਚੇ ਦੀ ਮਾੜੀ ਹਾਲਤ ਦੇਖੀ ਤਾਂ ਉਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਹੀ ਇਹ ਮਾਮਲਾ ਸੀਐਮ ਮਾਨ ਤੱਕ ਪਹੁੰਚਿਆ।

ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਦੇ ਹਸਤਖੇਪ ਨਾਲ ਉਨ੍ਹਾਂ ਨੂੰ ਦੁਬਾਰਾ ਜੀਵਨ ਦੀ ਉਮੀਦ ਮਿਲੀ ਹੈ। ਉਹਨਾਂ ਉਮੀਦ ਜਤਾਈ ਕਿ ਅਭੀਜੋਤ ਜਲਦੀ ਸਿਹਤਮੰਦ ਹੋ ਕੇ ਸਕੂਲ ਜਾ ਸਕੇਗਾ।



