ਹੁਣ 25 ਦਿਨ ਬਾਅਦ ਹੋਇਆ ਕਰੇਗੀ ਗੈਸ ਸਿਲੰਡਰ ਦੀ ਬੁਕਿੰਗ
ਵੀਓਪੀ ਬਿਊਰੋ – ਈਰਾਨ ਵਿੱਚ ਅਮਰੀਕਾ- ਇਜ਼ਰਾਈਲ ਵੱਲੋਂ ਛੇੜੀ ਜੰਗ ਤੋਂ ਬਾਅਦ ਇਸ ਦਾ ਅਸਰ ਦੁਨੀਆ ਖਾਸ ਕਰ ਕੇ ਭਾਰਤ ਵਿੱਚ ਦਿਖਾਈ ਦੇਣਾ ਸ਼ੁਰੂ ਕਰ ਦਿੱਤਾ ਹੈ। LPG ਦੀ ਕਿੱਲਤ ਆਉਣੀ ਸ਼ੁਰੂ ਹੋ ਗਈ ਹੈ। ਪੈਟਰੋਲੀਅਮ ਮੰਤਰਾਲੇ ਨੇ ਹੁਣ LPG ਸਿਲੰਡਰ ਬੁਕਿੰਗ ਨਿਯਮ ਵਿੱਚ ਬਦਲਾਅ ਕਰ ਕੇ ਬੁਕਿੰਗ ਹੁਣ 21 ਦੀ ਥਾਂ 25 ਦਿਨ ਬਾਅਦ ਹੋਣ ਦਾ ਐਲਾਨ ਕਰ ਦਿੱਤਾ ਹੈ।
ਮਿਡਲ ਈਸਟ ਵਿੱਚ ਵਧ ਰਹੇ ਤਣਾਅ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਆ ਰਹੇ ਉਤਾਰ-ਚੜ੍ਹਾਅ ਦੇ ਦਰਮਿਆਨ ਕੇਂਦਰ ਸਰਕਾਰ ਵੱਲੋਂ ਘਰੇਲੂ LPG ਸਿਲੰਡਰ ਦੀ ਬੁਕਿੰਗ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਕਿਸੇ ਵੀ ਉਪਭੋਗਤਾ ਨੂੰ ਇੱਕ ਸਿਲੰਡਰ ਦੀ ਡਿਲੀਵਰੀ ਤੋਂ ਬਾਅਦ ਅਗਲਾ ਸਿਲੰਡਰ 21 ਦਿਨ ਦੀ ਥਾਂ 25 ਦਿਨ ਬਾਅਦ ਹੀ ਬੁਕ ਕਰਵਾਉਣ ਦੀ ਇਜਾਜ਼ਤ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਫੈਸਲਾ ਗੈਸ ਦੀ ਜਮਾਖੋਰੀ ਨੂੰ ਰੋਕਣ ਅਤੇ ਹਰ ਉਪਭੋਗਤਾ ਤੱਕ ਆਸਾਨੀ ਨਾਲ ਸਪਲਾਈ ਪਹੁੰਚਾਉਣ ਲਈ ਲਿਆ ਗਿਆ ਹੈ।
ਇਸ ਨੂੰ ਲੈ ਕੇ ਦੇਸ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ 15 ਤੋਂ 20 ਦਿਨਾਂ ਵਿੱਚ ਹੀ ਸਿਲੰਡਰ ਖਤਮ ਹੋ ਜਾਂਦਾ ਹੈ, ਇਸ ਲਈ ਜੇ ਬੁਕਿੰਗ 25 ਦਿਨ ਬਾਅਦ ਹੀ ਹੋਵੇਗੀ ਤਾਂ ਘਰ ਦੀਆਂ ਮਹਿਲਾਵਾਂ ਲਈ ਰੋਟੀ-ਪਾਣੀ ਬਣਾਉਣਾ ਮੁਸ਼ਕਲ ਹੋ ਸਕਦਾ ਹੈ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਫੈਸਲੇ ‘ਤੇ ਦੁਬਾਰਾ ਵਿਚਾਰ ਕੀਤਾ ਜਾਵੇ ਅਤੇ ਗੈਸ ਦੀਆਂ ਕੀਮਤਾਂ ਵੀ ਘਟਾਈਆਂ ਜਾਣ।


