Tuesday, September 22, 2026
spot_img
HomeLatest Newsਖੂਹੀ ਸਾਹਿਬ ਗੁਰਦੁਆਰੇ ਨੇੜੇ ਸੀਵਰੇਜ ਦੀ ਨਿਕਾਸੀ ਨਾ ਹੋਣ 'ਤੇ ਕਾਲੋਨੀ ਵਾਸੀਆਂ...

ਖੂਹੀ ਸਾਹਿਬ ਗੁਰਦੁਆਰੇ ਨੇੜੇ ਸੀਵਰੇਜ ਦੀ ਨਿਕਾਸੀ ਨਾ ਹੋਣ ‘ਤੇ ਕਾਲੋਨੀ ਵਾਸੀਆਂ ਦਾ ਰੋਸ ਪ੍ਰਦਰਸ਼ਨ

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ) ਜੰਡਿਆਲਾ ਗੁਰੂ ਦੇ ਵੈਰੋਵਾਲ ਰੋਡ ਸਥਿਤ ਗੁਰਦੁਆਰਾ ਖੂਹੀ ਸਾਹਿਬ ਨੇੜੇ ਵਸਦੀ ਕਾਲੋਨੀ ਦੇ ਵਸਨੀਕਾਂ ਨੇ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਪਣਾ ਤਿੱਖਾ ਰੋਸ ਪ੍ਰਗਟਾਇਆ।

ਰੋਸ ਪ੍ਰਦਰਸ਼ਨ ਦੌਰਾਨ ਕਾਲੋਨੀ ਵਾਸੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਪਿਛਲੇ ਕਰੀਬ ਚਾਰ ਸਾਲਾਂ ਤੋਂ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਅਤੇ ਅਧਿਕਾਰੀਆਂ ਦੇ ਚੱਕਰ ਕੱਟ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੈਬਨਿਟ ਮੰਤਰੀ ਨੂੰ ਵੀ ਮੌਕੇ ‘ਤੇ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਸੀ। ਉਸ ਵੇਲੇ ਭਰੋਸਾ ਦਿੱਤਾ ਗਿਆ ਸੀ ਕਿ ਜਲਦੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

ਵਸਨੀਕਾਂ ਨੇ ਦੋਸ਼ ਲਾਇਆ ਕਿ ਜਦੋਂ ਵੀ ਮੀਂਹ ਪੈਂਦਾ ਹੈ ਤਾਂ ਬਰਸਾਤੀ ਪਾਣੀ ਅਤੇ ਨਾਲੀਆਂ ਦਾ ਗੰਦਾ ਪਾਣੀ ਗੁਰਦੁਆਰਾ ਖੂਹੀ ਸਾਹਿਬ ਦੇ ਅੰਦਰ ਤੱਕ ਦਾਖਲ ਹੋ ਜਾਂਦਾ ਹੈ। ਇਸ ਕਾਰਨ ਸੰਗਤ ਦੇ ਪੈਰਾਂ ਨਾਲ ਗੰਦਾ ਪਾਣੀ ਦਰਬਾਰ ਸਾਹਿਬ ਅੰਦਰ ਤੱਕ ਪਹੁੰਚਦਾ ਹੈ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ।


ਉਨ੍ਹਾਂ ਦੱਸਿਆ ਕਿ ਕਰੀਬ 15-16 ਘਰਾਂ ਦੇ ਸਾਹਮਣੇ ਬਣੀ ਨਿਕਾਸੀ ਨੂੰ ਅੱਗੇ ਰਹਿੰਦੇ ਕੁਝ ਲੋਕਾਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਸੀਵਰੇਜ ਦਾ ਪਾਣੀ ਸੜਕਾਂ ‘ਤੇ ਖੜ੍ਹਾ ਰਹਿੰਦਾ ਹੈ। ਮੀਂਹ ਦੌਰਾਨ ਇਹੀ ਗੰਦਾ ਪਾਣੀ ਘਰਾਂ ਵਿੱਚ ਦਾਖਲ ਹੋ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਮੰਤਰੀ, ਨਗਰ ਕੌਂਸਲ ਪ੍ਰਧਾਨ, ਸ਼ਹਿਰੀ ਪ੍ਰਧਾਨ ਡਿੰਪੀ ਅਤੇ ਸਬੰਧਤ ਐਸ.ਡੀ.ਓ. ਨੂੰ ਵੀ ਕਈ ਵਾਰ ਲਿਖਤੀ ਦਰਖ਼ਾਸਤਾਂ ਦਿੱਤੀਆਂ ਜਾ ਚੁੱਕੀਆਂ ਹਨ, ਪਰ ਅਜੇ ਤੱਕ ਕਿਸੇ ਪੱਧਰ ‘ਤੇ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ।

ਰੋਸ ਪ੍ਰਗਟਾਉਂਦੇ ਹੋਏ ਵਸਨੀਕਾਂ ਨੇ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਕੇ ਜਲਦ ਤੋਂ ਜਲਦ ਕੰਮ ਸ਼ੁਰੂ ਕੀਤਾ ਜਾਵੇ, ਤਾਂ ਜੋ ਕਾਲੋਨੀ ਵਾਸੀਆਂ ਅਤੇ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਨੂੰ ਇਸ ਗੰਭੀਰ ਸਮੱਸਿਆ ਤੋਂ ਰਾਹਤ ਮਿਲ ਸਕੇ।

 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments