Tuesday, September 22, 2026
spot_img
HomeLatest Newsਕਾਂਗਰਸ ਹਾਈਕਮਾਨ ਦੀ ਮੀਟਿੰਗ ‘ਚ ਗਰਮਾਇਆ ਮਾਹੌਲ, ਚੰਨੀ ਬੋਲੇ- ‘ਵੜਿੰਗ ਪ੍ਰਧਾਨ ਰਹੇ...

ਕਾਂਗਰਸ ਹਾਈਕਮਾਨ ਦੀ ਮੀਟਿੰਗ ‘ਚ ਗਰਮਾਇਆ ਮਾਹੌਲ, ਚੰਨੀ ਬੋਲੇ- ‘ਵੜਿੰਗ ਪ੍ਰਧਾਨ ਰਹੇ ਤਾਂ ਹਾਰ-ਜਿੱਤ ਦੀ ਜ਼ਿੰਮੇਵਾਰੀ ਤੁਹਾਡੀ’, ਦਿੱਤੀ ਅਸਤੀਫ਼ੇ ਦੀ ਧਮਕੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਕਾਂਗਰਸ ਹਾਈਕਮਾਨ ਨੂੰ ਵੱਡਾ ਝਟਕਾ ਦੇ ਸਕਦੇ ਹਨ।

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਕਾਂਗਰਸ ਹਾਈਕਮਾਨ ਨੂੰ ਵੱਡਾ ਝਟਕਾ ਦੇ ਸਕਦੇ ਹਨ। ਚੰਨੀ ਧੜੇ ਨਾਲ ਜੁੜੇ ਸੀਨੀਅਰ ਨੇਤਾਵਾਂ ਅਨੁਸਾਰ, ਉਹ ਜਲਦ ਹੀ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਬਣਾਈ ਗਈ ਕੈਂਪੇਨ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਛੱਡ ਸਕਦੇ ਹਨ। ਦਿੱਲੀ ਵਿੱਚ ਦੋ ਦਿਨ ਤੱਕ ਚੱਲੀ ਹਾਈਕਮਾਨ ਦੀ ਅਹਿਮ ਬੈਠਕ ਤੋਂ ਬਾਅਦ ਇਹ ਅੰਦਰੂਨੀ ਹਾਲਾਤ ਬਣਦੇ ਨਜ਼ਰ ਆ ਰਹੇ ਹਨ।
ਮੀਟਿੰਗ ਵਿੱਚ ਮੌਜੂਦ ਕੁਝ ਆਗੂਆਂ ਮੁਤਾਬਕ, ਦਿੱਲੀ ਵਿਖੇ ਕੇ.ਸੀ. ਵੇਣੂਗੋਪਾਲ ਦੀ ਅਗਵਾਈ ਹੇਠ ਹੋਈ ਬੈਠਕ ਦੌਰਾਨ ਚੰਨੀ ਧੜੇ ਨੇ ਇੱਕ ਵਾਰ ਫਿਰ ਬਾਗ਼ੀ ਤੇਵਰ ਦਿਖਾਏ। ਚੰਨੀ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਮੌਜੂਦਾ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਚੋਣਾਂ ਨਹੀਂ ਜਿੱਤ ਸਕਦੀ। ਚੰਨੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਵੜਿੰਗ ਪ੍ਰਧਾਨਗੀ ਦੀ ਕੁਰਸੀ ‘ਤੇ ਬਰਕਰਾਰ ਰਹਿੰਦੇ ਹਨ ਤਾਂ ਚੋਣਾਂ ਵਿੱਚ ਹਾਰ ਜਾਂ ਜਿੱਤ ਦੀ ਪੂਰੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ।

ਚੰਨੀ ਨੇ ਕੈਂਪੇਨ ਕਮੇਟੀ ਦੇ ਚੇਅਰਮੈਨ ਪਦ ਤੋਂ ਅਸਤੀਫ਼ਾ ਦੇਣ ਦੀ ਕਹੀ ਗੱਲ

ਪਾਰਟੀ ਸਰੋਤਾਂ ਅਨੁਸਾਰ, ਬਹਿਸ ਉਦੋਂ ਜ਼ਿਆਦਾ ਤਲਖ਼ ਹੋ ਗਈ ਜਦੋਂ ਕਾਂਗਰਸ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਸਮਰਥਕ ਆਗੂਆਂ ਨੂੰ ਕਿਹਾ ਕਿ ਪਾਰਟੀ ਨੇ ਤੁਹਾਨੂੰ ਇੰਨੇ ਵੱਡੇ-ਵੱਡੇ ਅਹੁਦੇ ਦਿੱਤੇ ਹਨ, ਪਰ ਫਿਰ ਵੀ ਤੁਸੀਂ ਸਭ ਨੂੰ ਨਾਲ ਲੈ ਕੇ ਚੱਲਣ ਲਈ ਤਿਆਰ ਨਹੀਂ ਹੋ। ਇਹ ਸੁਣਦਿਆਂ ਹੀ ਚੰਨੀ ਨੇ ਪਲਟਵਾਂ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਅਜਿਹੀ ਗੱਲ ਹੈ ਤਾਂ ਉਹ ਕੈਂਪੇਨ ਕਮੇਟੀ ਦੇ ਚੇਅਰਮੈਨ ਪਦ ਤੋਂ ਅਸਤੀਫ਼ਾ ਦਿੰਦੇ ਹਨ।
ਦਿੱਲੀ ਦੀ ਇਸ ਮੀਟਿੰਗ ਵਿੱਚ ਪ੍ਰਧਾਨ ਰਾਜਾ ਵੜਿੰਗ ਪਹਿਲਾਂ ਤਾਂ ਚੁੱਪ ਰਹੇ, ਪਰ ਜਦੋਂ ਚੰਨੀ ਧੜੇ ਨੇ ਉਨ੍ਹਾਂ ਖ਼ਿਲਾਫ਼ ਸਿੱਧਾ ਮੋਰਚਾ ਖੋਲ੍ਹ ਦਿੱਤਾ ਤਾਂ ਵੜਿੰਗ ਨੇ ਵੀ ਕਿਹਾ ਕਿ ਜੇਕਰ ਆਗੂਆਂ ਨੂੰ ਉਨ੍ਹਾਂ ਤੋਂ ਕੋਈ ਸਮੱਸਿਆ ਹੈ ਤਾਂ ਉਹ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਤਿਆਰ ਹਨ। ਇਸ ‘ਤੇ ਕੇ.ਸੀ. ਵੇਣੂਗੋਪਾਲ ਨੇ ਉਨ੍ਹਾਂ ਨੂੰ ਵਿਚਾਲੇ ਹੀ ਟੋਕਦਿਆਂ ਸਪੱਸ਼ਟ ਕੀਤਾ ਕਿ ਰਾਜਾ ਵੜਿੰਗ ਨੂੰ ਹਾਈਕਮਾਨ ਨੇ ਪ੍ਰਧਾਨ ਬਣਾਇਆ ਹੈ ਅਤੇ ਉਹ ਹੀ ਪ੍ਰਧਾਨ ਰਹਿਣਗੇ।
ਇਸ ਤੋਂ ਇਲਾਵਾ ਕੇ.ਸੀ. ਵੇਣੂਗੋਪਾਲ ਨੇ ਸੁਖਜਿੰਦਰ ਸਿੰਘ ਰੰਧਾਵਾ ਦੀ ਵੀ ਕਲਾਸ ਲਗਾਈ ਅਤੇ ਕਿਹਾ ਕਿ ਪਿਛਲੀ ਬੈਠਕ ‘ਚ ਜਦੋਂ ਸਭ ਕੁਝ ਠੀਕ ਹੋ ਗਿਆ ਸੀ, ਤਾਂ ਤੁਸੀਂ ਫਿਰ ਤੋਂ ਰਾਜਾ ਵੜਿੰਗ ਖ਼ਿਲਾਫ਼ ਬਿਆਨਬਾਜ਼ੀ ਕਿਉਂ ਕੀਤੀ? ਇਸ ‘ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਬੇਬਾਕੀ ਨਾਲ ਜਵਾਬ ਦਿੱਤਾ ਕਿ ਉਨ੍ਹਾਂ ਜੋ ਵੀ ਕਿਹਾ ਹੈ, ਬਿਲਕੁਲ ਸੱਚ ਕਿਹਾ ਹੈ।
ਪਾਰਟੀ ਸੂਤਰਾਂ ਅਨੁਸਾਰ, ਜਦੋਂ ਮਾਹੌਲ ਬਹੁਤ ਜ਼ਿਆਦਾ ਗਰਮਾ ਗਿਆ ਤਾਂ ਕੇ.ਸੀ. ਵੇਣੂਗੋਪਾਲ ਮੀਟਿੰਗ ਵਿਚਾਲੇ ਛੱਡ ਕੇ ਚਲੇ ਗਏ। ਵੇਣੂਗੋਪਾਲ ਦੇ ਜਾਂਦੇ ਹੀ ਚਰਨਜੀਤ ਸਿੰਘ ਚੰਨੀ ਵੀ ਬੈਠਕ ‘ਚੋਂ ਬਾਹਰ ਨਿਕਲ ਗਏ। ਚੰਨੀ ਧੜੇ ਦੀ ਨਰਾਜ਼ਗੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਵੀ ਆਗੂ ਨੇ ਹਾਈਕਮਾਨ ਨਾਲ ਹੋਈ ਇਸ ਅਹਿਮ ਬੈਠਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਨਹੀਂ ਕੀਤੀਆਂ।

ਮੀਟਿੰਗ ਦੀਆਂ ਤਸਵੀਰਾਂ ਚੰਨੀ ਧੜੇ ਨੇ ਨਹੀਂ ਕੀਤੀਆਂ ਸ਼ੇਅਰ

ਦਿੱਲੀ ਵਿੱਚ ਮੀਟਿੰਗ ਖ਼ਤਮ ਹੋਣ ਤੋਂ ਬਾਅਦ ਕੇ.ਸੀ. ਵੇਣੂਗੋਪਾਲ, ਭੂਪੇਸ਼ ਬਘੇਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਪਾਲ ਸਿੰਘ ਖਹਿਰਾ ਸਮੇਤ ਹੋਰਨਾਂ ਆਗੂਆਂ ਨੇ ਬੈਠਕ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲਾਂ ‘ਤੇ ਪੋਸਟ ਕੀਤੀਆਂ, ਪਰ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਸਾਥੀ ਆਗੂਆਂ ਨੇ ਕੋਈ ਵੀ ਤਸਵੀਰ ਸ਼ੇਅਰ ਨਹੀਂ ਕੀਤੀ।
ਸੂਤਰਾਂ ਮੁਤਾਬਕ ਚੰਨੀ ਧੜੇ ਨੇ ਆਪਣੀ ਨਰਾਜ਼ਗੀ ਜ਼ਾਹਰ ਕਰਨ ਲਈ ਹੀ ਇਹ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ ਹਨ। ਇਸ ਤੋਂ ਪਹਿਲਾਂ ਵੀ ਅਹੁਦਿਆਂ ਦੀ ਨਿਯੁਕਤੀ ਨੂੰ ਲੈ ਕੇ ਉਨ੍ਹਾਂ ਨੇ ਨਾ ਤਾਂ ਕੋਈ ਪੋਸਟ ਪਾਈ ਸੀ ਅਤੇ ਨਾ ਹੀ ਹਾਈਕਮਾਨ ਦਾ ਧੰਨਵਾਦ ਕੀਤਾ ਸੀ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸ ਹਾਈਕਮਾਨ ਨਾਲ ਚਰਨਜੀਤ ਚੰਨੀ ਧੜੇ ਦਾ ਸਮਝੌਤਾ ਜਾਂ ਸੁਲਹ ਅਜੇ ਤੱਕ ਨਹੀਂ ਹੋਈ ਹੈ।

ਦਿੱਲੀ ਪ੍ਰਦਰਸ਼ਨ ‘ਚ ਪੰਜਾਬ ਦੇ ਸੰਸਦ ਮੈਂਬਰਾਂ ‘ਚ ਦਿਸਿਆ ‘ਸੁਪਰ’ ਬਣਨ ਦਾ ਮੁਕਾਬਲਾ

ਦਿੱਲੀ ਵਿੱਚ ਸਿਰਫ਼ ਬੰਦ ਕਮਰਾ ਬੈਠਕ ਹੀ ਨਹੀਂ, ਸਗੋਂ ਸੜਕਾਂ ‘ਤੇ ਹੋਏ ਰੋਸ ਪ੍ਰਦਰਸ਼ਨਾਂ ਦੌਰਾਨ ਵੀ ਆਗੂਆਂ ਵਿੱਚ ਖ਼ੁਦ ਨੂੰ ਹਾਈਕਮਾਨ ਦੇ ਸਭ ਤੋਂ ਨੇੜਲਾ ਦਿਖਾਉਣ ਦੀ ਹੋੜ ਸਾਫ਼ ਨਜ਼ਰ ਆਈ। ਜਦੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸੀ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਬਾਹਰ ਧਰਨਾ ਦਿੱਤਾ, ਤਾਂ ਪੰਜਾਬ ਦੇ ਆਗੂ ਵੀ ਅਗਲੀ ਕਤਾਰ ਵਿੱਚ ਡਟੇ ਦਿਖੇ।
ਰਾਜਾ ਵੜਿੰਗ ਧਰਨਾ ਸਥਾਨ ‘ਤੇ ਰਾਹੁਲ ਗਾਂਧੀ ਦੇ ਬਿਲਕੁਲ ਕੋਲ ਬੈਠ ਕੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਪੁਲਿਸ ਅਧਿਕਾਰੀਆਂ ਨਾਲ ਬਹਿਸ ਦੌਰਾਨ ਵੀ ਵੜਿੰਗ ਰਾਹੁਲ ਗਾਂਧੀ ਦੇ ਨਾਲ ਪਰਛਾਵੇਂ ਵਾਂਗ ਖੜ੍ਹੇ ਰਹੇ ਅਤੇ ਜਿਸ ਬੱਸ ਵਿੱਚ ਰਾਹੁਲ ਗਾਂਧੀ ਨੂੰ ਹਿਰਾਸਤ ਵਿੱਚ ਲਿਆ ਗਿਆ, ਵੜਿੰਗ ਉਸ ਦੀ ਛੱਤ ‘ਤੇ ਚੜ੍ਹ ਗਏ। ਦੂਜੇ ਪਾਸੇ, ਹਿਰਾਸਤ ਵਿੱਚ ਲਏ ਜਾਣ ਵੇਲੇ ਚਰਨਜੀਤ ਸਿੰਘ ਚੰਨੀ ਨੇ ਵੀ ਹਮਲਾਵਰ ਰੁੱਖ ਅਪਣਾਉਂਦਿਆਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਮੀਡੀਆ ਸਾਹਮਣੇ ਸਪੱਸ਼ਟ ਕੀਤਾ ਕਿ ਉਹ ਰਾਹੁਲ ਗਾਂਧੀ ਦੀ ਅਗਵਾਈ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਹਾਈਕਮਾਨ ਦੇ ਹਰ ਫ਼ੈਸਲੇ ਦੇ ਨਾਲ ਚੱਲਣਗੇ।

ਚੰਨੀ ਨੂੰ ਨੁੱਕਰੇ ਨਹੀਂ ਲਗਾਉਣਾ ਚਾਹੁੰਦੀ ਹਾਈਕਮਾਨ

ਸਿਆਸੀ ਮਾਹਰ ਪਵਨਦੀਪ ਸ਼ਰਮਾ ਦਾ ਮੰਨਣਾ ਹੈ ਕਿ ਪੰਜਾਬ ਕਾਂਗਰਸ ਵਿੱਚ ਚੰਨੀ ਇੱਕ ਪਾਸੇ ਹਾਸ਼ੀਏ ‘ਤੇ ਚੱਲ ਰਹੇ ਸਨ ਅਤੇ ਹਾਈਕਮਾਨ ਵੀ ਉਨ੍ਹਾਂ ਨੂੰ ਬਹੁਤੀ ਤਵੱਜੋ ਨਹੀਂ ਦੇ ਰਹੀ ਸੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਡੇਰਾ ਸੱਚਖੰਡ ਬੱਲਾਂ ਦੇ ਸੰਤ ਨਿਰੰਜਨ ਦਾਸ ਜੀ ਨਾਲ ਵਾਰ-ਵਾਰ ਮੁਲਾਕਾਤ ਕਰਨ ਕਰਕੇ ਕਾਂਗਰਸ ਨੂੰ ਆਪਣਾ ਦਲਿਤ ਵੋਟ ਬੈਂਕ ਖਿਸਕਣ ਦਾ ਵੱਡਾ ਡਰ ਸਤਾ ਰਿਹਾ ਹੈ। ਅਜਿਹੇ ਸਮੇਂ ਵਿੱਚ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਪਾਸੇ ਕਰ ਦਿੱਤਾ ਜਾਂਦਾ ਹੈ ਤਾਂ ਕਾਂਗਰਸ ਦਾ ਇਹ ਰਵਾਇਤੀ ਵੋਟ ਬੈਂਕ ਪੂਰੀ ਤਰ੍ਹਾਂ ਦੂਜੇ ਪਾਸੇ ਜਾ ਸਕਦਾ ਹੈ। ਇਸੇ ਲਈ ਕਾਂਗਰਸ ਹਾਈਕਮਾਨ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਅਹਿਮੀਅਤ ਦੇਣ ਲਈ ਮਜ਼ਬੂਰ ਹੋਈ ਹੈ।

ਚੰਨੀ ਨੂੰ ਦਿੱਤੀਆਂ ਗਈਆਂ ਇਹ ਪੇਸ਼ਕਸ਼ਾਂ

ਟਿਕਟਾਂ ਦੀ ਵੰਡ ‘ਚ ਮੁੱਖ ਭੂਮਿਕਾ: ਸੂਤਰਾਂ ਦੀ ਮੰਨੀਏ ਤਾਂ ਹਾਈਕਮਾਨ ਨੇ ਚੰਨੀ ਨੂੰ ਭਰੋਸਾ ਦਿਵਾਇਆ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੀ ਚੋਣ ਅਤੇ ਟਿਕਟਾਂ ਦੀ ਵੰਡ ਵਿੱਚ ਉਨ੍ਹਾਂ ਦੀ ਭੂਮਿਕਾ ਬਹੁਤ ਅਹਿਮ ਹੋਵੇਗੀ। ਦਲਿਤ ਚਿਹਰੇ ਅਤੇ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦੀ ਰਾਏ ਨੂੰ ਪਹਿਲ ਦਿੱਤੀ ਜਾਵੇਗੀ।
ਚੋਣ ਪ੍ਰਚਾਰ ਅਤੇ ਰਣਨੀਤੀ ਦੀ ਕਮਾਨ: ਚੰਨੀ ਨੂੰ ਪੂਰੇ ਪੰਜਾਬ ਵਿੱਚ ਪਾਰਟੀ ਦੀਆਂ ਚੋਣ ਪ੍ਰਚਾਰ ਮੁਹਿੰਮਾਂ ਦੀ ਕਮਾਨ ਸੌਂਪੀ ਜਾ ਸਕਦੀ ਹੈ। ਮਾਲਵਾ, ਦੋਆਬਾ ਅਤੇ ਮਾਝਾ ਖੇਤਰਾਂ ਵਿੱਚ ਉਨ੍ਹਾਂ ਦੇ ਪ੍ਰਭਾਵ ਅਤੇ ਦਲਿਤ ਭਾਈਚਾਰੇ ‘ਚ ਉਨ੍ਹਾਂ ਦੀ ਪਕੜ ਨੂੰ ਦੇਖਦਿਆਂ ਉਨ੍ਹਾਂ ਨੂੰ ਸਟਾਰ ਪ੍ਰਚਾਰਕ ਵਜੋਂ ਪੂਰੇ ਸੂਬੇ ਵਿੱਚ ਚੋਣ ਪ੍ਰਚਾਰ ਦੀ ਜ਼ਿੰਮੇਵਾਰੀ ਮਿਲਣਾ ਤੈਅ ਹੈ।
ਵੜਿੰਗ ਹੀ ਰਹਿਣਗੇ ਪ੍ਰਧਾਨ: ਹਾਈਕਮਾਨ ਨੇ ਇਹ ਵੀ ਸਫ਼ਾਈ ਦਿੱਤੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਰਹਿਣਗੇ। ਹਾਈਕਮਾਨ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਨਹੀਂ ਹਟਾਉਣਾ ਚਾਹੁੰਦੀ, ਕਿਉਂਕਿ ਉਨ੍ਹਾਂ ਦੀ ਸੰਗਠਨ ‘ਤੇ ਮਜ਼ਬੂਤ ਪਕੜ ਹੈ। ਉਨ੍ਹਾਂ ਦਾ ਮੁੱਖ ਕੰਮ ਸੂਬੇ ਵਿੱਚ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਸੰਭਾਲਣਾ, ਵਰਕਰਾਂ ਨੂੰ ਇੱਕਜੁੱਟ ਰੱਖਣਾ ਅਤੇ ਬਲਾਕ ਤੇ ਜ਼ਿਲ੍ਹਾ ਪੱਧਰ ‘ਤੇ ਕੈਡਰ ਨੂੰ ਮਜ਼ਬੂਤ ਕਰਨਾ ਹੋਵੇਗਾ।
ਟਿਕਟ ਵੰਡ ‘ਚ ਪ੍ਰਧਾਨ ਵਜੋਂ ਵੜਿੰਗ ਦੀ ਭੂਮਿਕਾ: ਚੋਣ ਰਣਨੀਤੀ ਅਤੇ ਟਿਕਟਾਂ ਦੀ ਵੰਡ ਵਰਗੇ ਵੱਡੇ ਫ਼ੈਸਲਿਆਂ ਵਿੱਚ ਰਾਜਾ ਵੜਿੰਗ ਦਾ ਇਕੱਲਿਆਂ ਦਾ ਅਧਿਕਾਰ ਨਹੀਂ ਰਹੇਗਾ, ਹਾਲਾਂਕਿ ਪ੍ਰਧਾਨ ਹੋਣ ਦੇ ਨਾਤੇ ਟਿਕਟਾਂ ਦੀ ਵੰਡ ‘ਚ ਉਨ੍ਹਾਂ ਦੀ ਵੀ ਅਹਿਮ ਭੂਮਿਕਾ ਰਹੇਗੀ। ਪਾਰਟੀ ਹਾਈਕਮਾਨ ਸਕ੍ਰੀਨਿੰਗ ਕਮੇਟੀ ਤੋਂ ਸੂਚੀ ਫਾਈਨਲ ਹੋਣ ਤੋਂ ਬਾਅਦ ਉਨ੍ਹਾਂ ਤੋਂ ਵੀ ਰਾਏ ਲਵੇਗੀ। ਇਸ ਤਰ੍ਹਾਂ ਪਾਰਟੀ ਨੇ ਰਾਜਾ ਵੜਿੰਗ ਨੂੰ ਵੀ ਬਿਲਕੁਲ ਕਿਨਾਰੇ ਨਹੀਂ ਕੀਤਾ ਹੈ।
RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments